ਹਾਲ ਹੀ ਵਿਚ ਰਿਲੀਜ਼ ਹੋਈ ਹਿੰਦੀ ਫ਼ਿਲਮ 'ਧੁਰੰਧਰ-2' ਵਿਚ ਬੋਲੀਆਂ ਰਾਹੀਂ ਬਾਲੀਵੁੱਡ ਵਿਚ ਪ੍ਰਵੇਸ਼ ਕਰਨ ਵਾਲੇ ਗੀਤਕਾਰ ਹਰਵਿੰਦਰ ਉਹੜਪੁਰੀ ਨੇ ਧਾਰਮਿਕ, ਸੱਭਿਆਚਾਰਕ, ਉਦਾਸ, ਰੁਮਾਂਟਿਕ ਗੀਤ ਜਾਂ ਬੋਲੀਆਂ ਆਦਿ, ਹਰ ਵੰਨਗੀ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਤੇ ਸੁਚੱਜੇ ਢੰਗ ਨਾਲ ਨਿਭਾਇਆ ਹੈ। ਅੱਜ ਤੱਕ 500 ਤੋਂ ਵੱਧ ਲਿਖੇ ਗੀਤ ਉਹੜਪੁਰੀ ਦੇ ਵੱਖ-ਵੱਖ ਗਾਇਕਾਂ ਦੀਆਂ ਆਵਾਜ਼ਾਂ ਵਿਚ ਰਿਕਾਰਡ ਹੋ ਚੁੱਕੇ ਹਨ ਜਿਨ੍ਹਾਂ ਵਿਚ 'ਹਿਰਦੈ ਹਰਿ ਵਸਾ ਲਓ' (ਹੰਸ ਰਾਜ ਹੰਸ), 'ਆਓ ਨਗਰ ਕੀਰਤਨ ਦੇ ਦਰਸ਼ਨ ਪਾਈਏ' (ਸਤਵਿੰਦਰ ਬਿੱਟੀ), 'ਅਰਦਾਸ ਕਰਾਂ' (ਨਛੱਤਰ ਗਿੱਲ), 'ਜਨਮ ਦਿਹਾੜਾ ਖ਼ਾਲਸੇ ਦਾ' (ਸੁਰਜੀਤ ਬਿੰਦਰੱਖੀਆ), 'ਦਰਸ਼ਨ ਗੁਰਧਾਮਾਂ ਦੇ' (ਜੈਜ਼ੀ ਬੀ), 'ਏਸੇ ਨੂੰ ਸਿੱਖੀ ਕਹਿੰਦੇ ਨੇ' (ਇੰਦਰਜੀਤ ਨਿੱਕੂ), ਸਦਾ ਬਹਾਰ ਧਾਰਮਿਕ ਗੀਤ ਅੱਜ ਵੀ ਗੁਰਪੁਰਬ, ਨਗਰ ਕੀਰਤਨ, ਛਬੀਲਾਂ ਅਤੇ ਧਾਰਮਿਕ ਸਥਾਨਾਂ 'ਤੇ ਸੰਗਤ ਵਲੋਂ ਬੁਹਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਸੁਣੇ ਜਾਂਦੇ ਹਨ। ਮਿਲਣਸਾਰ ਸੁਭਾਅ ਦੇ ਮਾਲਕ ਹਰਵਿੰਦਰ ਉਹੜਪੁਰੀ ਦੇ ਲਿਖੇ ਗੀਤਾਂ ਨੂੰ ਦਲੇਰ ਮਹਿੰਦੀ, ਕੁਲਦੀਪ ਮਾਣਕ, ਸੁਖਸ਼ਿੰਦਰ ਛਿੰਦਾ, ਸਲੀਮ, ਸੁਖਵਿੰਦਰ ਪੰਛੀ, ਕਮਲਜੀਤ ਨੀਰੂ, ਰਾਏ ਜੁਝਾਰ, ਲਹਿੰਬਰ ਹੁਸੈਨਪੁਰੀ, ਸਾਬਰਕੋਟੀ, ਮਿਸ ਪੂਜਾ, ਸੁਦੇਸ਼ ਕੁਮਾਰੀ, ਜੈਜ਼ ਧਾਮੀ, ਹਰਵਿੰਦਰ ਟਾਂਡੀ, ਭੁਪਿੰਦਰ ਗਿੱਲ, ਪ੍ਰਵੀਨ ਭਾਰਟਾ, ਅਵਤਾਰ ਰੰਧਾਵਾ, ਹਰਮਿੰਦਰ ਨੂਰਪੁਰੀ, ਕੇ.ਐਸ. ਮੱਖਣ, ਡੀ. ਸੰਨੀ, ਬਿੱਲ ਸਿੰਘ, ਅਮਨ ਰੋਜ਼ੀ, ਗੀਤਾ ਜ਼ੈਲਦਾਰ ਅਤੇ ਬਲਵੀਰ ਕਮਲ ਆਦਿ ਤੋਂ ਇਲਾਵਾ ਕਈ ਹੋਰ ਗਾਇਕਾਂ ਨੇ ਵੀ ਆਪਣੀਆਂ ਸੁਰੀਲੀਆਂ ਆਵਾਜ਼ਾਂ ਵਿਚ ਗਾਇਆ ਹੈ। ਹਰ ਗਾਇਕ ਇਸ ਦੇ ਲਿਖੇ ਗੀਤਾਂ ਨੂੰ ਗਾ ਕੇ ਮਾਣ ਮਹਿਸੂਸ ਕਰਦਾ ਹੈ। ਪਰਿਵਾਰਕ ਮਾਹੌਲ ਵਿਚ ਬੈਠ ਕੇ ਸੁਣਨ ਵਾਲੇ ਉਹੜਪੁਰੀ ਦੇ ਲਿਖੇ ਗੀਤਾਂ ਤੇ ਕਿਸੇ ਪੱਖੋਂ ਵੀ ਉਂਗਲ ਨਹੀਂ ਚੁੱਕੀ ਜਾ ਸਕਦੀ। ਸ਼ਬਦਾਂ ਦਾ ਇਹ ਜਾਦੂਗਰ ਪਿਛਲੇ ਦਿਨੀਂ ਬਤੌਰ ਲੈਕਚਰਾਰ ਸ਼ਾਨਾਂਮੱਤੀ ਸੇਵਾ ਨਿਭਾਅ ਕੇ ਸੇਵਾਮੁਕਤ ਹੋਇਆ ਹੈ। ਚਾਰ ਦਹਾਕੇ ਤੋਂ ਗੀਤ ਸੰਗੀਤ ਨਾਲ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਦਾ ਆ ਰਿਹਾ ਉਹੜਪੁਰੀ ਅੱਜਕਲ੍ਹ ਵੀ ਪੂਰੀ ਤਰ੍ਹਾਂ ਗੀਤ ਸੰਗੀਤ ਨੂੰ ਹੀ ਸਮਰਪਿਤ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਟਾਂਡਾ ਉੜਮੁੜ ਦੇ ਪਿੰਡ ਓਹੜਪੁਰ ਦਾ ਜੰਮਪਲ ਅੱਜਕਲ੍ਹ ਧਰਮਪਤਨੀ ਤੇ ਬੇਟੇ ਸਨਮ (ਕੈਨੇਡਾ) ਨਾਲ ਆਪਣੇ ਪਿੰਡ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਰਿਹਾ ਹੈ। ਸੱਭਿਆਚਾਰਕ ਗੀਤ-ਸੰਗੀਤ ਦੀ ਫੁਲਵਾੜੀ ਦਾ ਏਹ ਮਹਿਕਾਂ ਬਿਖੇਰਦਾ ਹੋਇਆ ਫੁੱਲ ਇਸੇ ਤਰ੍ਹਾਂ ਹੋਰ ਵੀ ਬੁਲੰਦੀਆਂ ਨੂੰ ਛੂਹੇ।
-ਪਿੰਡ ਲੜੋਈ, ਡਾਕ: ਭੋਗਪੁਰ, ਜ਼ਿਲ੍ਹਾ ਜਲੰਧਰ।