(ਲੜੀ ਜੋੜਨ ਲਈ ਪਿਛਲੇ ਬੁੱਧਵਾਰ ਦਾ ਅੰਕ ਦੇਖੋ)
ਪੂਨਮ ਨੇ ਲਗਭਗ 90 ਫ਼ਿਲਮਾਂ ਵਿਚ ਕੰਮ ਕੀਤਾ, ਜਿਨ੍ਹਾਂ ਵਿਚੋਂ ਸੋਹਣੀ ਮਹੀਂਵਾਲ, ਰੈੱਡ ਰੋਜ਼, ਤੇਰੀ ਕਸਮ, ਦਰਦ, ਨਿਸ਼ਾਨਾ, ਯੇ ਵਾਦਾ ਰਹਾ, ਸਮੁੰਦਰ, ਰੋਮਾਂਸ, ਕਸਮ, ਸਿਤਮਗਰ ਆਦਿ ਕਾਫ਼ੀ ਚਰਚਿਤ ਤੇ ਸਫ਼ਲ ਰਹੀਆਂ। ਪੂਨਮ ਨੇ ਰਾਜੇਸ਼ ਖੰਨਾ ਨਾਲ ਛੇ ਫ਼ਿਲਮਾਂ ਵਿਚ ਕੰਮ ਕੀਤਾ। ਉਨ੍ਹਾਂ ਨੇ ਬੰਗਾਲੀ, ਕੰਨੜ, ਤੇਲਗੂ, ਤਾਮਿਲ ਫ਼ਿਲਮਾਂ ਵਿਚ ਵੀ ਸਫ਼ਲਤਾਪੂਰਨ ਕੰਮ ਕੀਤਾ। ਉਹ ਬਿੱਗ ਬੌਸ ਸੀਜ਼ਨ ਤਿੰਨ ਵਿਚ ਦੂਸਰੀ ਰਨਰਅਪ ਰਹੀ। ਭਾਰਤੀ ਟੈਲੀਵਿਜ਼ਨ 'ਤੇ ਮੁੱਖ ਭੂਮਿਕਾ ਵਿਚ ਉਸ ਦੀ ਜ਼ਬਰਦਸਤ ਵਾਪਸੀ 2013 ਵਿਚ ਲੜੀਵਾਰ 'ਏਕ ਨਈ ਪਹਿਚਾਨ' ਨਾਲ ਹੋਈ, ਜਿਸ ਵਿਚ ਉਹ ਇਕ ਅਮੀਰ ਕਾਰੋਬਾਰੀ ਦੀ ਅਨਪੜ੍ਹ ਪਰ ਆਦਰਸ਼ ਪਤਨੀ ਦੀ ਭੂਮਿਕਾ ਵਿਚ ਸੀ। ਦਿਲਚਸਪ ਗੱਲ ਇਹ ਹੈ ਕਿ ਪੂਨਮ ਨੇ ਥੀਏਟਰ ਵਿਚ ਵੀ ਕੰਮ ਕੀਤਾ। ਉਹ 'ਪਰਫੈਕਟ ਹਸਬੈਂਡ' ਵਿਚ ਵੀ ਸੀ, ਜਿਸ ਨੂੰ ਸਰਬੋਤਮ ਹਾਸ ਨਾਟਕ ਦਾ ਪੁਰਸਕਾਰ ਮਿਲਿਆ ਸੀ ਅਤੇ ਜਿਸ ਨੇ ਆਪਣੇ ਮੰਚਨ ਦੀ ਗੋਲਡਨ ਜੁਬਲੀ ਵੀ ਬਣਾਈ ਸੀ। ਉਹ ਨਾਟਕ 'ਪਿਆਰ ਮੇਂ ਕਭੀ ਕਭੀ' ਵਿਚ ਆਸਿਫ਼ ਸ਼ੇਖ ਨਾਲ ਵੀ ਸੀ। ਮਰਾਠੀ ਨਾਟਕ 'ਯੂ ਟਰਨ' ਦੇ ਹਿੰਦੀ ਭਾਗ ਵਿਚ ਵੀ ਉਸ ਨੂੰ ਬਹੁਤ ਪਸੰਦ ਕੀਤਾ ਗਿਆ ਸੀ। ਪੂਨਮ ਨੇ ਹਿੰਦੀ ਫ਼ਿਲਮ ਉਦਯੋਗ ਵਿਚ ਮੇਕਅਪ ਵੈਨ ਦਾ ਕੰਸਪੈਟ ਵੀ ਸ਼ੁਰੂ ਕੀਤਾ। ਉਹ ਇਹ ਵਪਾਰ 1991 ਤੋਂ ਕਰ ਰਹੀ ਹੈ। ਉਸ ਦੀ ਆਪਣੀ ਮੇਕਅਪ ਵੈਨ ਕੰਪਨੀ ਹੈ, 'ਵੈਨਿਟੀ' ਦੇ ਨਾਂਅ 'ਤੇ। ਪੂਨਮ ਨੇ 1988 ਵਿਚ ਨਿਰਮਾਤਾ ਅਸ਼ੋਕ ਠਕੇਰੀਆ ਨਾਲ ਵਿਆਹ ਕੀਤਾ, ਦੋ ਬੱਚੇ ਹੋਏ, ਬੇਟੀ ਪਲੋਮਾ ਤੇ ਬੇਟਾ ਅਨਮੋਲ, ਪਰ ਇਹ ਵਿਆਹ ਜ਼ਿਆਦਾ ਦੇਰ ਚਲ ਨਾ ਸਕਿਆ ਅਤੇ 1997 ਵਿਚ ਤਲਾਕ ਹੋ ਗਿਆ। ਪੂਨਮ ਨੇ 'ਸਿੰਗਲ ਮਦਰ' ਦੇ ਰੂਪ ਵਿਚ ਆਪਣੇ ਬੱਚਿਆਂ ਦੀ ਪਰਵਰਿਸ਼ ਕੀਤੀ ਅਤੇ ਉਨ੍ਹਾਂ ਨੂੰ ਕਾਬਲ ਬਣਾਇਆ। ਤਲਾਕ ਤੋਂ ਬਾਅਦ ਪੂਨਮ ਮਾਯੂਸ ਹੋ ਕੇ ਇਕ ਪਾਸੇ ਨਹੀਂ ਬੈਠੀ, ਸਗੋਂ ਹੋਰ ਔਰਤਾਂ ਲਈ ਮਿਸਾਲ ਬਣਦੇ ਹੋਏ ਸਰਗਰਮ ਰਹੀ। ਪੂਨਮ ਸਮਾਜਿਕ ਕੰਮਾਂ ਜਿਵੇਂ ਨਸ਼ੇ, ਏਡਜ਼ ਜਾਗ੍ਰਿਤੀ, ਪਰਿਵਾਰ ਨਿਯੋਜਨ ਤੇ ਅੰਗਦਾਨ ਦੇ ਖੇਤਰ ਵਿਚ ਬਹੁਤ ਸਰਗਰਮ ਰਹਿੰਦੀ ਹੈ। ਉਹ ਸਾਰਕ ਦੇ ਵਪਾਰਕ ਸੰਮੇਲਨਾਂ (ਕਾਠਮਾਂਡੂ ਤੇ ਨਵੀਂ ਦਿੱਲੀ) ਵਿਚ ਮੁੱਖ ਬੁਲਾਰਾ ਰਹੀ ਹੈ ਅਤੇ ਉਸ ਨੂੰ ਸਾਰਕ ਦਾ ਸੱਭਿਆਚਾਰਕ ਦੂਤ ਵੀ ਨਿਯੁਕਤ ਕੀਤਾ ਗਿਆ ਸੀ। ਉਹ ਮਾਈਂਡਮਾਈਨ ਇਵੈਂਟ ਵਿਚ ਵੀ ਸਪੀਕਰ ਰਹੀ ਹੈ। ਉਹ 2012 ਦੇ 'ਸੇਵ ਐਂਡ ਇਮਪਾਵਰ ਦ ਗਰਲ ਚਾਈਲਡ' ਮੁਹਿੰਮ ਦਾ ਵੀ ਹਿੱਸਾ ਰਹੀ।
ਪੂਨਮ ਨੇ 2014 ਵਿਚ ਉਦਯੋਗਪਤੀ ਅਨਿਲ ਮੁਰਾਰਕਾ ਤੇ ਕੋਰੀਓਗ੍ਰਾਫ਼ਰ ਸਮੀਰ ਤੰਨਾ ਨਾਲ ਫ਼ਿਲਮ ਪ੍ਰੋਡਕਸ਼ਨ ਕੰਪਨੀ 'ਪੋਏਟਿਕ ਜਸਟਿਸ ਇਲਮਜ਼ ਐਂਡ ਇੰਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਲਾਂਚ ਕੀਤੀ। ਪੂਨਮ ਨੂੰ 2017 ਵਿਚ ਫ਼ਿਲਮ ਸਰਟੀਫਿਕੇਸ਼ਨ ਅਪੀਲੇਟ ਟ੍ਰਿਬਿਊਨਲ ਦਾ ਮੈਂਬਰ ਬਣਾਇਆ ਗਿਆ। ਪੂਨਮ ਰਾਜਨੀਤੀ ਵਿਚ ਵੀ ਸਰਗਰਮ ਹੈ ਅਤੇ 2019 ਵਿਚ ਉਹ ਭਾਜਪਾ ਦੀ ਮੁੰਬਈ ਇਕਾਈ ਦੀ ਉਪ-ਪ੍ਰਧਾਨ ਬਣ ਗਈ ਸੀ। ਪਰ ਪੂਨਮ ਦੀ ਅੱਜ ਵੀ ਪਛਾਣ 'ਨੂਰੀ' ਤੇ 'ਸੋਨੀ' ਦੇ ਰੂਪ ਵਿਚ ਹੀ ਜ਼ਿਆਦਾ ਕੀਤੀ ਜਾਂਦੀ ਹੈ, ਜਦ ਕਿ ਆਪਣੀ ਵੈਨਿਟੀ ਕਾਰੋਬਾਰ ਦੇ ਕਾਰਨ ਉਹ ਕਾਮਯਾਬ ਕਾਰੋਬਾਰੀ ਔਰਤ ਹੈ। (ਸਮਾਪਤ)
'ਨੂਰੀ' ਦੀ ਪੂਨਮ ਢਿੱਲੋਂ ਹੈ ਅੱਜ ਦੀ ਸਫ਼ਲ ਕਾਰੋਬਾਰੀ ਔਰਤ
ਅਜੀਤ ਡੈਸਕ
29-07-2026