(ਲੜੀ ਜੋੜਨ ਲਈ ਪਿਛਲੇ ਬੁੱਧਵਾਰ ਦਾ ਅੰਕ ਦੇਖੋ)
ਹੋਰਾਂ ਨਾਲੋਂ ਜ਼ਿਆਦਾ ਉਨ੍ਹਾਂ ਦੀ ਆਵਾਜ਼ ਅਭਿਨੇਤਾ ਰਾਜ ਕਪੂਰ ਲਈ ਪੂਰੀ ਤਰ੍ਹਾਂ ਢੁੱਕਵੀਂ ਸੀ ਜੋ ਬਾਅਦ 'ਚ ਉਨ੍ਹਾਂ ਦੀ ਆਵਾਜ਼ ਬਣ ਗਈ। ਮੁਕੇਸ਼ ਰਾਜ ਕਪੂਰ ਦੀ ਪਹਿਲੀ ਪਸੰਦ ਬਣ ਗਏ ਸਨ ਅਤੇ ਉਸ ਦੀ ਹਰ ਫ਼ਿਲਮ 'ਚ ਉਨ੍ਹਾਂ ਤੋਂ ਗੀਤ ਗਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ।
ਮੁਕੇਸ਼ ਦੀ ਆਵਾਜ਼ ਇੰਨੀ ਦਮਦਾਰ ਸੀ ਕਿ ਕੋਈ ਵੀ ਉਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਿਆ। ਉਨ੍ਹਾਂ ਵਲੋਂ ਗਾਏ ਯਾਦਗਾਰੀ ਗੀਤਾਂ ਦੀ ਸੂਚੀ ਬੜੀ ਲੰਮੀ ਹੈ। ਪੱਥਰ ਕੇ ਸਨਮ, ਕਹੀਂ ਦੂਰ ਜਬ ਦਿਨ ਢਲ ਜਾਏ, ਜਾਨੇ ਕਹਾਂ ਗਏ ਵੋਹ ਦਿਨ, ਤੌਬਾ ਯੇਹ ਮਤਵਾਲੀ ਚਾਲ, ਚਾਂਦ ਸੀ ਮਹਿਬੂਬਾ ਹੋ ਮੇਰੀ ਆਦਿ ਗੀਤ ਮੁਕੇਸ਼ ਜੀ ਦੀ ਆਵਾਜ਼ ਨਾਲ ਸਦਾ ਲਈ ਅਮਰ ਹੋ ਗਏ। ਉਨ੍ਹਾਂ ਨੇ ਲਗਭਗ 1300 ਗੀਤਾਂ ਨੂੰ ਆਪਣੀ ਮਨਮੋਹਕ ਆਵਾਜ਼ ਨਾਲ ਨਿਵਾਜ ਕੇ ਸਦਾ ਲਈ ਅਮਰ ਕੀਤਾ ਹੈ। ਉਨ੍ਹਾਂ ਦੇ ਸਮਕਾਲੀ ਗਾਇਕਾਂ ਦੇ ਮੁਕਾਬਲੇ ਇਹ ਗਿਣਤੀ ਭਾਵੇਂ ਥੋੜ੍ਹੀ ਪ੍ਰਤੀਤ ਹੁੰਦੀ ਹੈ ਪਰ ਉਹ ਗਿਣਤੀ ਨਾਲੋਂ ਗੁਣਵੱਤਾ ਨੂੰ ਹਮੇਸ਼ਾ ਪਹਿਲ ਦਿੰਦੇ ਰਹੇ। ਸੱਤਰ ਦੇ ਦਹਾਕੇ ਦੌਰਾਨ ਉਨ੍ਹਾਂ ਨੇ ਸਭ ਤੋਂ ਘੱਟ ਗੀਤ ਗਾਏ ਜਿਸ ਦਾ ਮੁੱਖ ਕਾਰਨ ਸੀ ਉਨ੍ਹਾਂ ਦੀ ਵਿਗੜਦੀ ਸਿਹਤ ਅਤੇ ਪਿੱਠਵਰਤੀ ਗਾਇਕ ਕਿਸ਼ੋਰ ਕੁਮਾਰ ਦੀ ਗਾਇਕੀ ਦਾ ਆਗਾਜ਼।
ਉਨ੍ਹਾਂ ਦੀ ਬਾਕਮਾਲ ਗਾਇਕੀ ਕਾਰਨ ਉਨ੍ਹਾਂ ਨੂੰ ਬਹੁਤ ਮਾਣ ਸਨਮਾਨ ਮਿਲੇ। ਉਨ੍ਹਾਂ 'ਚੋਂ ਕੁਝ ਕੁ ਦਾ ਜ਼ਿਕਰ ਕਰਨਾ ਲਾਜ਼ਮੀ ਹੈ। ਬੰਗਾਲ ਫ਼ਿਲਮ ਜਰਨਲਿਸਟ ਐਸੋਸ਼ੀਏਸ਼ਨ ਦੁਆਰਾ ਉਨ੍ਹਾਂ ਨੂੰ ਤਿੰਨ ਵਾਰ ਉੱਤਮ ਪਿੱਠਵਰਤੀ ਗਾਇਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ। ਸਾਲ 1974 ਵਿਚ ਉਨ੍ਹਾਂ ਨੂੰ ਉੱਤਮ ਪਿੱਠਵਰਤੀ (ਮਰਦ) ਗਾਇਕ ਕੌਮੀ ਫ਼ਿਲਮ ਸਨਮਾਨ ਨਾਲ ਨਿਵਾਜਿਆ ਗਿਆ ਸੀ। ਇਹ ਸਨਮਾਨ ਉਨ੍ਹਾਂ ਨੂੰ ਫ਼ਿਲਮ ਰਜਨੀਗੰਧਾ ਦੇ ਗੀਤ 'ਕਈ ਬਾਰ ਯੂੰਹੀ ਦੇਖਾ' ਦੇ ਲਈ ਦਿੱਤਾ ਗਿਆ ਸੀ। ਇਸ ਤੋਂ ਬਿਨਾਂ ਉਨ੍ਹਾਂ ਨੂੰ ਫ਼ਿਲਮ ਫੇਅਰ ਸਨਮਾਨ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
27 ਅਗਸਤ, 1976 ਨੂੰ ਉਨ੍ਹਾਂ ਦਾ ਸੰਗੀਤਕ ਪ੍ਰੋਗਰਾਮ ਅਮਰੀਕਾ ਦੇ ਸ਼ਹਿਰ ਮਿਸ਼ੀਗਨ ਵਿਚ ਸੀ, ਮਹਾਨ ਗਾਇਕਾ ਲਤਾ ਮੰਗੇਸ਼ਕਰ ਵੀ ਉਨ੍ਹਾਂ ਦੇ ਨਾਲ ਸਨ। ਸਵੇਰੇ ਉਹ ਜਲਦੀ ਉੱਠੇ ਅਤੇ ਸ਼ੋਅ ਲਈ ਤਿਆਰ ਹੋਏ ਪਰ ਉਨ੍ਹਾਂ ਦੇ ਇਹ ਗੱਲ ਯਾਦ ਚੇਤੇ ਵੀ ਨਹੀਂ ਸੀ ਕਿ ਅੱਜ ਉਹ ਆਪਣੇ ਸਰੋਤਿਆਂ ਦੇ ਰੂਬਰੂ ਨਹੀਂ ਹੋ ਸਕਣਗੇ ਬਲਕਿ ਸਦਾ ਲਈ ਉਨ੍ਹਾਂ ਤੋਂ ਦੂਰ ਚਲੇ ਜਾਣਗੇ। ਸ਼ੋਅ ਲਈ ਜਾਂਦੇ ਸਮੇਂ ਉਨ੍ਹਾਂ ਨੂੰ ਛਾਤੀ 'ਚ ਦਰਦ ਹੋਇਆ ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹ ਇਸ ਦੁਨੀਆ ਤੋਂ ਰੁਖ਼ਸਤ ਹੋ ਚੁੱਕੇ ਸਨ। ਜਦ ਇਹ ਮੰਦਭਾਗੀ ਖ਼ਬਰ ਅਭਿਨੇਤਾ ਰਾਜ ਕਪੂਰ ਨੇ ਸੁਣੀ ਤਾਂ ਉਹ ਆਪ ਮੁਹਾਰੇ ਹੀ ਬੋਲ ਉੱਠੇ 'ਅੱਜ ਮੈਂ ਆਪਣੀ ਆਵਾਜ਼ ਗਵਾ ਦਿੱਤੀ ਹੈ'। ਚਾਹੇ ਮੁਕੇਸ਼ ਜੀ ਨੂੰ ਸਾਡੇ ਤੋਂ ਵਿਛੜਿਆਂ ਕਈ ਦਹਾਕੇ ਹੋਣ ਵਾਲੇ ਹਨ ਪਰ ਉਨ੍ਹਾਂ ਦੀ ਦਮਦਾਰ ਆਵਾਜ਼ ਅੱੱਜ ਵੀ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ ਅਤੇ ਪਿੱਠਵਰਤੀ ਗਾਇਕੀ ਦੇ ਖੇਤਰ 'ਚ ਉਨ੍ਹਾਂ ਦਾ ਨਾਂਅ ਧਰੂ ਤਾਰੇ ਵਾਂਗ ਸਦਾ ਚਮਕਦਾ ਰਹੇਗਾ। (ਸਮਾਪਤ)
-ਪਿੰਡ ਤੇ ਡਾਕ. ਚੱਕ ਬਖਤੂ, ਤਹਿ. ਤੇ ਜ਼ਿਲ੍ਹਾ ਬਠਿੰਡਾ-151101
Email: gurtejsingh72783@gmail.com