02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਅਦਾਕਾਰਾ ਤੋਂ ਨਿਰਦੇਸ਼ਕ ਬਣੇਗੀ ਫਾਰੀਆ ਅਬਦੁੱਲਾਹ

ਅਜੀਤ ਡੈਸਕ 29-07-2026

21 ਜੂਨ, 1998 ਨੂੰ ਹੈਦਰਾਬਾਦ ਵਿਚ ਪੈਦਾ ਹੋਈ ਅਦਾਕਾਰਾ ਫਾਰੀਆ ਅਬਦੁੱਲਾਹ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਥੀਏਟਰ ਤੋਂ ਕੀਤੀ ਸੀ। ਥੀਏਟਰ ਕਰਦੇ ਹੋਏ ਉਸ ਨੂੰ ਨਵੀਨ ਪਾਲੀਸ਼ੇਟੀ ਦੇ ਨਾਲ ਤੇਲਗੂ ਫ਼ਿਲਮ 'ਜਾਥੀ ਰਤਨਾਲੂ' ਤੋਂ ਡਬਿਊ ਕਰਨ ਦਾ ਮੌਕਾ ਮਿਲਿਆ। ਫ਼ਿਲਮ 'ਜਾਥੀ ਰਤਨਾਲੂ' ਵਿਚ ਫਾਰੀਆ ਅਬਦੁੱਲਾ ਨੇ ਐਡਵੋਕੇਟ ਸ਼ਾਮਲੀ ਚਿੱਟੀ ਦਾ ਸ਼ਾਨਦਾਰ ਕਿਰਦਾਰ ਨਿਭਾਇਆ। ਉਸ ਦੀ ਇਹ ਫ਼ਿਲਮ ਟਿਕਟ ਖਿੜਕੀ ਦੇ ਲਿਹਾਜ਼ ਨਾਲ ਹਿੱਟ ਸਾਬਿਤ ਹੋਈ। ਉਸ ਤੋਂ ਬਾਅਦ 'ਮੋਸਟ ਐਲਿਜੇਬਲ ਬੈਚਲਰ', 'ਲਾਈਕ ਸ਼ੇਅਰ ਐਂਡ ਸਬਸਕ੍ਰਾਈਬ', 'ਰਾਵਣਾਸੁਰਾ', 'ਕਲਕੀ 2898 ਏ.ਡੀ.' ਅਤੇ 'ਗੁਰਮ ਪਾਪੀ ਰੈਡੀ' ਵਰਗੀਆਂ ਤਾਮਿਲ ਅਤੇ ਤੇਲਗੂ ਫ਼ਿਲਮਾਂ ਕਰਦੇ ਹੋਏ ਉਹ ਲਗਾਤਾਰ ਅੱਗੇ ਵਧਦੀ ਗਈ।
ਦੱਖਣ ਭਾਰਤ ਦੀ ਫ਼ਿਲਮ ਸਨਅਤ ਵਿਚ ਆਪਣੀ ਇਕ ਖਾਸ ਥਾਂ ਬਣਾ ਚੁੱਕੀ ਖ਼ੂਬਸੂਰਤ ਅਦਾਕਾਰਾ ਫਾਰੀਆ ਅਬਦੁੱਲਾਹ ਦਾ ਗਲੈਮਰਸ ਅੰਦਾਜ਼ ਉਥੋਂ ਦੇ ਦਰਸ਼ਕਾਂ ਨੂੰ ਆਪਣੇ ਜਾਦੂ ਵਿਚ ਲੈ ਚੁੱਕਾ ਹੈ। ਉਹ ਦੱਖਣ ਭਾਰਤ ਦੀਆਂ ਫ਼ਿਲਮਾਂ ਤੋਂ ਇਲਾਵਾ ਕੁਝ ਲਘੂ ਫ਼ਿਲਮਾਂ, ਟੀ.ਵੀ. ਅਤੇ ਓ.ਟੀ.ਟੀ. ਲਈ ਵੀ ਕੰਮ ਕਰਦੇ ਹੋਏ ਆਪਣੇ ਜਲਵੇ ਬਿਖੇਰ ਚੁੱਕੀ ਹੈ। ਸੋਨੀ ਲਾਈਵ ਦੀ ਹਿੰਦੀ ਸੀਰੀਜ਼ 'ਦ ਜੇਂਗਾਬੁਰੂ ਕਰਸ' ਵਿਚ ਨਜ਼ਰ ਆ ਚੁੱਕੀ ਫਾਰੀਆ ਅਬਦੁੱਲਾਹ ਨੂੰ ਪ੍ਰਿਅੰਵਦਾ ਦਾਸ ਦੇ ਕਿਰਦਾਰ ਵਿਚ ਜ਼ਬਰਦਸਤ ਕਾਮਯਾਬੀ ਮਿਲੀ। ਉਸ ਦੇ ਇਸ ਕਿਰਦਾਰ ਨੂੰ ਹਰ ਕਿਸੇ ਨੇ ਪਸੰਦ ਕੀਤਾ ਅਤੇ ਸਰਾਹਿਆ ਸੀ।
ਜਿਸ ਸਮੇਂ ਇਸ ਕਿਰਦਾਰ ਲਈ ਉਸ ਨੂੰ ਸਾਈਨ ਕੀਤਾ ਗਿਆ, ਉਸ ਨੂੰ ਦੱਸ ਦਿੱਤਾ ਗਿਆ ਸੀ ਕਿ ਇਸ ਭੂਮਿਕਾ ਲਈ ਉਸ ਨੂੰ ਸਰੀਰਕ ਤੌਰ 'ਤੇ ਬਹੁਤ ਫਿੱਟ ਹੋਣਾ ਪਵੇਗਾ ਅਤੇ ਬਸ ਉਸ ਤੋਂ ਬਾਅਦ ਫਾਰੀਆ ਨੇ ਜੀਅ-ਤੋੜ ਕੰਮ ਅਤੇ ਢੇਰ ਸਾਰਾ ਹੋਮਵਰਕ ਕੀਤਾ ਅਤੇ ਭੂਮਿਕਾ ਨੂੰ ਬਹੁਤ ਸ਼ਾਨਦਾਰ ਢੰਗ ਨਾਲ ਨਿਭਾ ਸਕੀ ਸੀ।
'ਭਗਵੰਤੁਡੂ' ਅਤੇ 'ਸਿਗਮਾ' ਵਰਗੀਆਂ ਫ਼ਿਲਮਾਂ ਦੀ ਸੂਟਿੰਗ ਵਿਚ ਰੁੱਝੀ ਫਾਰੀਆ ਅਬਦੁੱਲਾਹ ਨੇ ਫ਼ਿਲਮ 'ਗਾਇਆਪੱਦਾ ਸਿੰਮਹਮ' ਦੇ ਪ੍ਰਚਾਰ ਪ੍ਰੋਗਰਾਮ ਦੌਰਾਨ ਐਲਾਨ ਕੀਤਾ ਸੀ ਕਿ ਹੁਣ ਉਹ ਨਿਰਦੇਸ਼ਨ ਵਿਚ ਸ਼ੁਰੂਆਤ ਕਰਨ ਜਾ ਰਹੀ ਹੈ। ਉਸ ਨੇ ਦੱਸਿਆ ਸੀ ਕਿ ਫਿਲਹਾਲ ਉਹ ਫ਼ਿਲਮ ਦੀ ਕਹਾਣੀ 'ਤੇ ਕੰਮ ਕਰ ਰਹੀ ਹੈ ਅਤੇ ਇਹ ਅਗਲੇ ਸਾਲ ਤੱਕ ਫਲੋਰ 'ਤੇ ਆ ਜਾਵੇਗੀ।

ਪਿਛਲੀ ਖ਼ਬਰ ਸੰਸਥਾਵਾਂ ਦੀ ਭਰੋਸਯੋਗਤਾ ਕਾਇਮ ਰੱਖਣ ਲਈ ਗ਼ਲਤ ਰੁਝਾਨ ਖਿਲਾਫ਼ ਹੋਕਾ ਦੇਣ ਵਾਲਿਆਂ ਦੀ ਜ਼ਰੂਰਤ ਹੈ। -ਮਾਈਕਲ ਐਂਡਰਸਨ ਅਗਲੀ ਖ਼ਬਰ ਪਿੱਠਵਰਤੀ ਗਾਇਕੀ ਦਾ ਧਰੂ ਤਾਰਾ ਮੁਕੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।