'ਪੁਸ਼ਪਾ' ਫ੍ਰੈਂਚਾਈਜ਼ੀ ਦੇ ਦੋ ਹਿੱਸਿਆਂ ਤੋਂ ਬਾਅਦ ਪ੍ਰਸੰਸਕ ਅੱਲੂ ਅਰਜਨ ਦੀ ਵੱਡੇ ਪਰਦੇ 'ਤੇ ਵਾਪਸੀ ਦਾ ਇੰਤਜ਼ਾਰ ਕਰ ਰਹੇ ਹਨ | ਅੱਲੂ ਇਸ ਸਮੇਂ ਈਟਲੀ ਦੀ ਫ਼ਿਲਮ 'ਰਾਕਾ' ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ | ਸਨ ਪਿਕਚਰਜ਼ ਨੇ ਇਸ ਪ੍ਰੋਜੈਕਟ 'ਤੇ ਪੈਸਾ ਲਗਾਇਆ ਹੈ |
ਫ਼ਿਲਮ ਵਿਚ ਦੀਪਿਕਾ ਪਾਦੂਕੋਨ ਅੱਲੂ ਅਰਜਨ ਦੇ ਨਾਲ ਮੁੱਖ ਭੂਮਿਕਾ ਵਿਚ ਨਜ਼ਰ ਆਉਣ ਵਾਲੀ ਹੈ | ਜਾਹਨਵੀ ਕਪੂਰ ਅਤੇ ਰਸ਼ਮਿਕਾ ਮੰਦਾਨਾ ਵੀ ਫ਼ਿਲਮ ਵਿਚ ਅਹਿਮ ਕਿਰਦਾਰਾਂ ਵਿਚ ਮੌਜੂਦ ਰਹਿਣ ਵਾਲੀਆਂ ਹਨ |
ਫ਼ਿਲਮ ਦੇ ਆਖ਼ਰੀ ਹਿੱਸੇ ਦੀ ਸ਼ੂਟਿੰਗ ਖ਼ਤਮ ਹੁੰਦਿਆਂ ਹੀ ਦੀਪਿਕਾ ਪਾਦੂਕੋਨ ਮੈਟਰਨਿਟੀ ਬ੍ਰੇਕ 'ਤੇ ਜਾਣ ਵਾਲੀ ਹੈ | ਖ਼ਬਰਾਂ ਵੱਲ ਦੇਖੀਏ ਤਾਂ ਫ਼ਿਲਮ ਵਿਚ ਦੀਪਿਕਾ ਦੀ ਭੂਮਿਕਾ ਪੌਰਾਣਿਕ ਵੈਦਿਕ ਕਾਲ ਨਾਲ ਜੁੜੀ ਹੋਈ ਹੈ, ਜਿਸ ਵਿਚ ਪ੍ਰੈਗਨੈਂਸੀ ਦਾ ਟ੍ਰੈਕ ਵੀ ਸ਼ਾਮਿਲ ਹੈ |
ਖ਼ਾਸ ਗੱਲ ਇਹ ਹੈ ਕਿ ਫ਼ਿਲਮ ਵਿਚ ਰਸ਼ਮਿਕਾ ਮੰਦਾਨਾ ਦੀਪਿਕਾ ਪਾਦੂਕੋਨ ਦੀ ਰੱਖਿਅਕ ਬਣ ਕੇ ਫ਼ਿਲਮ ਵਿਚ ਮਜ਼ਬੂਤ, ਭਾਵੁਕ ਐਂਗਲ ਜੋੜਨ ਜਾ ਰਹੀ ਹੈ |
'ਰਾਕਾ' ਤੋਂ ਇਲਾਵਾ ਰਸ਼ਮਿਕਾ ਮੰਦਾਨਾ, ਬਹੁਚਰਚਿਤ ਐਕਸ਼ਨ, ਥਿ੍ਲਰ ਫ਼ਿਲਮ 'ਮੈਸਾ' ਵੀ ਕਰ ਰਹੀ ਹੈ | ਇਹ ਫ਼ਿਲਮ 27 ਨਵੰਬਰ, 2026 ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿਚ ਰਿਲੀਜ਼ ਕੀਤੀ ਜਾਵੇਗੀ | ਇਸ ਫ਼ਿਲਮ ਵਿਚ ਰਸ਼ਮਿਕਾ ਇਕ ਬੇਹੱਦ ਹਰਮਨਪਿਆਰੇ ਅਤੇ ਪ੍ਰਭਾਵਸ਼ਾਲੀ ਰੂਪ ਵਿਚ ਨਜ਼ਰ ਆਉਣ ਵਾਲੀ ਹੈ | ਇਸ ਫ਼ਿਲਮ ਜ਼ਰੀਏ ਪ੍ਰਸੰਸਕਾਂ ਨੂੰ ਉਸ ਦਾ ਇਕ ਇਸ ਤਰ੍ਹਾਂ ਦਾ ਰੂਪ ਦੇਖਣ ਨੂੰ ਮਿਲੇਗਾ, ਜੋ ਇਸ ਤੋਂ ਪਹਿਲਾਂ ਕਦੀ ਨਹੀਂ ਦੇਖਿਆ ਗਿਆ |
ਇਸ ਤੋਂ ਇਲਾਵਾ ਰਸ਼ਮਿਕਾ ਮੰਦਾਨਾ ਨਿਰਦੇਸ਼ਕ ਰਵਿੰਦਰ ਪੁੱਲੇ ਦੀ ਐਕਸ਼ਨ ਡਰਾਮਾ ਤੇਲਗੂ ਫ਼ਿਲਮ 'ਮਾਇਸਾ' ਵਿਚ ਇਕ ਗੋਂਡ ਆਦੀਵਾਸੀ ਔਰਤ ਦੀ ਭੂਮਿਕਾ ਨਿਭਾ ਰਹੀ ਹੈ | ਉਸ ਦੀ ਇਹ ਫ਼ਿਲਮ ਵੀ ਇਸ ਸਾਲ ਦੇ ਅਖ਼ੀਰ ਵਿਚ ਸਿਨੇਮਾਘਰਾਂ ਵਿਚ ਦਸਤਕ ਦੇ ਸਕਦੀ ਹੈ |