ਸੈਮੀਫਾਈਨਲ ਖੇਡਣ ਜਾ ਰਿਹਾ ਅਰਜਨਟੀਨਾ ਦਾ ਚੋਟੀ ਦਾ ਫੁੱਟਬਾਲ ਖਿਡਾਰੀ ਏਅਰਪੋਰਟ ਤੋਂ ‘ਆਈਸ’ ਵਲੋਂ ਗ੍ਰਿਫ਼ਤਾਰ
ਨਿਊਯਾਰਕ, 14 ਅਗਸਤ (ਰਾਜੂ ਸਾਹਿਬਾਜ਼ਪੁਰਾ)-ਅਰਜਨਟੀਨਾ ਦੇ 34 ਸਾਲਾ ਸੈਮੀ-ਪ੍ਰੋਫੈਸ਼ਨਲ ਫੁੱਟਬਾਲ ਖਿਡਾਰੀ ਮਤੀਆਸ ਅਲੇਖਾਂਦਰੋ ਪੁਰੇਨ ਨੂੰ ਆਪਣੀ ਟੀਮ ਨਾਲ ਰਾਸ਼ਟਰੀ ਸੈਮੀਫਾਈਨਲ ਖੇਡਣ ਲਈ ਲਾਸ ਏਂਜਲਸ ਜਾਂਦੇ ਸਮੇਂ ਫਲੋਰੀਡਾ ਦੇ ਹਵਾਈ ਅੱਡੇ ਤੋਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਹਿਰਾਸਤ ਵਿਚ ਲੈ ਲਿਆ। ਮਿਆਮੀ ਯੂਨਾਈਟਿਡ ਦੇ ਮਿਡਫੀਲਡਰ ਪੁਰੇਨ ਨੂੰ ਫੋਰਟ ਲਾਡਰਡੇਲ-ਹਾਲੀਵੁੱਡ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਸੁਰੱਖਿਆ ਜਾਂਚ ਪੂਰੀ ਕਰਨ ਤੋਂ ਬਾਅਦ ਰੋਕਿਆ ਗਿਆ।
ਨਿਊਯਾਰਕ, 14 ਅਗਸਤ (ਰਾਜੂ ਸਾਹਿਬਾਜ਼ਪੁਰਾ)-ਅਰਜਨਟੀਨਾ ਦੇ 34 ਸਾਲਾ ਸੈਮੀ-ਪ੍ਰੋਫੈਸ਼ਨਲ ਫੁੱਟਬਾਲ ਖਿਡਾਰੀ ਮਤੀਆਸ ਅਲੇਖਾਂਦਰੋ ਪੁਰੇਨ ਨੂੰ ਆਪਣੀ ਟੀਮ ਨਾਲ ਰਾਸ਼ਟਰੀ ਸੈਮੀਫਾਈਨਲ ਖੇਡਣ ਲਈ ਲਾਸ ਏਂਜਲਸ ਜਾਂਦੇ ਸਮੇਂ ਫਲੋਰੀਡਾ ਦੇ ਹਵਾਈ ਅੱਡੇ ਤੋਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਹਿਰਾਸਤ ਵਿਚ ਲੈ ਲਿਆ। ਮਿਆਮੀ ਯੂਨਾਈਟਿਡ ਦੇ ਮਿਡਫੀਲਡਰ ਪੁਰੇਨ ਨੂੰ ਫੋਰਟ ਲਾਡਰਡੇਲ-ਹਾਲੀਵੁੱਡ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਸੁਰੱਖਿਆ ਜਾਂਚ ਪੂਰੀ ਕਰਨ ਤੋਂ ਬਾਅਦ ਰੋਕਿਆ ਗਿਆ। ਪੁੱਛਗਿੱਛ ਮਗਰੋਂ ਆਈਸ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਪਹਿਲਾਂ ਉਸ ਨੂੰ ਮਿਰਾਮਾਰ ਦੇ ਪ੍ਰੋਸੈਸਿੰਗ ਕੇਂਦਰ ਅਤੇ ਬਾਅਦ ਵਿੱਚ ਮੂਰ ਹੈਵਨ ਸਥਿਤ ਗਲੇਡਜ਼ ਕਾਊਂਟੀ ਹਿਰਾਸਤੀ ਕੇਂਦਰ ਭੇਜਿਆ ਗਿਆ। ਹੋਮਲੈਂਡ ਸਕਿਉਰਿਟੀ ਵਿਭਾਗ ਮੁਤਾਬਕ ਪੁਰੇਨ 12 ਨਵੰਬਰ 2019 ਨੂੰ ਛੇ ਮਹੀਨਿਆਂ ਦੇ ਆਰਜ਼ੀ ਵੀਜ਼ੇ ਉੱਤੇ ਕਾਨੂੰਨੀ ਤਰੀਕੇ ਨਾਲ ਅਮਰੀਕਾ ਆਇਆ ਸੀ, ਪਰ 11 ਮਈ 2020 ਨੂੰ ਵੀਜ਼ੇ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਦੇਸ਼ ਵਿੱਚ ਰਿਹਾ। ਵਿਭਾਗ ਦਾ ਕਹਿਣਾ ਹੈ ਕਿ ਦੇਸ਼ ਵਿੱਚੋਂ ਕੱਢਣ ਸਬੰਧੀ ਕਾਰਵਾਈ ਪੂਰੀ ਹੋਣ ਤੱਕ ਉਹ ਹਿਰਾਸਤ ਵਿੱਚ ਰਹੇਗਾ ਅਤੇ ਉਸ ਨੂੰ ਕਾਨੂੰਨੀ ਸੁਣਵਾਈ ਦਾ ਮੌਕਾ ਮਿਲੇਗਾ। ਦੂਜੇ ਪਾਸੇ ਮਿਆਮੀ ਯੂਨਾਈਟਿਡ ਅਤੇ ਉਸ ਦੀ ਸਾਬਕਾ ਟੀਮ ਕਲੱਬ ਡੀ ਲਿਓਨ ਨੇ ਸਰਕਾਰ ਦੇ ਬਿਆਨ ਨੂੰ ਅਧੂਰਾ ਦੱਸਿਆ ਹੈ। ਕਲੱਬ ਮੁਤਾਬਕ ਪੁਰੇਨ ਦਾ ਵੀਜ਼ਾ ਕੋਵਿਡ ਮਹਾਮਾਰੀ ਦੌਰਾਨ ਖ਼ਤਮ ਹੋਇਆ ਸੀ ਅਤੇ ਉਸ ਨੇ ਅਮਰੀਕਾ ਵਿੱਚ ਰਹਿਣ ਦਾ ਸਮਾਂ ਵਧਾਉਣ ਲਈ ਅਰਜ਼ੀ ਦਿੱਤੀ ਸੀ। ਉਸ ਦਾ ਪਨਾਹ ਮਾਮਲਾ ਕਈ ਸਾਲਾਂ ਤੋਂ ਬਕਾਇਆ ਹੈ ਅਤੇ ਉਸ ਕੋਲ ਜਾਇਜ਼ ਵਰਕ ਪਰਮਿਟ ਤੇ ਫਲੋਰੀਡਾ ਦਾ ਪਛਾਣ ਪੱਤਰ ਵੀ ਹੈ। ਕਲੱਬ ਨੇ ਕਿਹਾ ਕਿ ਪੁਰੇਨ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਉਸ ਨੇ ਸਾਲਾਂ ਤੱਕ ਕੰਮ ਕੀਤਾ, ਟੈਕਸ ਭਰੇ ਅਤੇ ਸਥਾਨਕ ਭਾਈਚਾਰੇ ਵਿੱਚ ਆਪਣੀ ਪਛਾਣ ਬਣਾਈ। ਉਹ ਫੁੱਟਬਾਲ ਖੇਡਣ ਦੇ ਨਾਲ ਮਿਆਮੀ ਯੂਨਾਈਟਿਡ ਦੀ ਅਕੈਡਮੀ ਵਿੱਚ ਬੱਚਿਆਂ ਨੂੰ ਸਿਖਲਾਈ ਵੀ ਦਿੰਦਾ ਹੈ। ਟੀਮ ਨੇ ਪੁਰੇਨ ਅਤੇ ਉਸ ਦੇ ਪਰਿਵਾਰ ਨੂੰ ਕਾਨੂੰਨੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ। ਉਸ ਦੀ ਵਕੀਲ ਰੇਜੀਨਾ ਡੀ ਮੋਰੇਸ ਨੇ ਜ਼ਮਾਨਤ ਲਈ ਅਰਜ਼ੀ ਦਾਖ਼ਲ ਕਰਕੇ ਸੁਣਵਾਈ ਦੀ ਤਰੀਕ ਮੰਗੀ ਹੈ। ਹੁਣ ਇਮੀਗ੍ਰੇਸ਼ਨ ਅਦਾਲਤ ਉਸ ਦੀ ਜ਼ਮਾਨਤ ਅਤੇ ਦੇਸ਼ ਵਿੱਚੋਂ ਕੱਢਣ ਦੀ ਕਾਰਵਾਈ ਬਾਰੇ ਅਗਲਾ ਫ਼ੈਸਲਾ ਕਰੇਗੀ।