ਐਡੀਲੇਡ, 12 ਫਰਵਰੀ (ਗੁਰਮੀਤ ਸਿੰਘ ਵਾਲੀਆ)-ਆਸਟ੍ਰੇਲੀਆ ਦਿਵਸ 1966 ਨੂੰ ਲਾਪਤਾ ਹੋਏ 3 ਬੱਚਿਆਂ ਦੀ ਯਾਦ ਵਿਚ ਗਲੇਨੇਲਗ ਬੀਚ 'ਤੇ ਸਮਾਰਕ ਬਣਾਉਣ ਦੀ ਮੰਗ ਫਿਰ ਉੱਠੀ ਹੈ¢ ਦੱਖਣੀ ਆਸਟ੍ਰੇਲੀਆ ਦੇ ਲਿਬਰਲ ਐਮ-ਐਲ-ਸੀ ਅਤੇ ਸਾਬਕਾ ਟੀਵੀ ਪੱਤਰਕਾਰ ਫ੍ਰੈਂਕ ਪੈਂਗਲੋ ਨੇ ਸਿਟੀ ਆਫ਼ ਹੋਲਡਫਾਸਟ ਬੇ ਕੌਂਸਲ ਨੂੰ ਪੱਤਰ ਭੇਜ ਕੇ ਇਹ ਮੰਗ ਰੱਖੀ ਹੈ ¢ ਫ੍ਰੈਂਕ ਪੈਂਗਲੋ ਨੇ ਤਿੰਨ ਪੀਲੇ ਗੁਲਾਬ ਪਾਣੀ ਵਿਚ ਸੁੱਟ ਕੇ ਜੇਨ, ਅਰਨਾ ਅਤੇ ਗ੍ਰਾਂਟ ਬਿਊਮੌਂਟ ਨੂੰ ਸ਼ਰਧਾਂਜਲੀ ਭੇਟ ਕੀਤੀ ¢ ਉਨ੍ਹਾਂ ਕਿਹਾ ਕਿ ਸਮਾਜ ਨੂੰ ਇਸ ਦਰਦਨਾਕ ਘਟਨਾ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ¢ ਉਨ੍ਹਾਂ ਆਖਿਆ ਕਿ ਇਹ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਅਣਸੁਲਝਿਆ ਅਪਰਾਧ ਹੈ ¢ ਬੱਚਿਆਂ ਨਾਲ ਕੀ ਵਾਪਰਿਆ, ਇਹ ਜਾਣਨਾ ਜ਼ਰੂਰੀ ਹੈ ਤੇ ਖੋਜ ਕਦੇ ਨਹੀਂ ਰੁਕਣੀ ਚਾਹੀਦੀ ¢ 1966 ਵਿਚ ਚਾਰ, ਸੱਤ ਅਤੇ ਨੌਂ ਸਾਲਾਂ ਦੇ ਇਹ ਤਿੰਨ ਭੈਣ-ਭਰਾ ਸੋਮਰਟਨ ਪਾਰਕ ਤੋਂ ਬੱਸ ਰਾਹੀਂ ਗਲੇਨੇਲਗ ਗਏ ਸਨ, ਪਰ ਮੁੜ ਵਾਪਸ ਨਹੀਂ ਆਏ | ਫ੍ਰੈਂਕ ਪੈਂਗਲੋ ਨੇ ਕਿਹਾ ਕਿ ਇਸ ਮਾਮਲੇ ਨੇ ਲੋਕਾਂ ਨੂੰ ਬੱਚਿਆਂ ਦੀ ਸੁਰੱਖਿਆ ਪ੍ਰਤੀ ਹੋਰ ਸੁਚੇਤ ਬਣਾਇਆ ਹੈ ਤੇ ਇਹ ਕਹਾਣੀ ਅੱਜ ਵੀ ਹਰ ਪੀੜ੍ਹੀ ਦੇ ਮਨਾਂ ਵਿਚ ਵਸੀ ਹੋਈ ਹੈ ¢ ਉਨ੍ਹਾਂ ਦੱਸਿਆ ਕਿ ਕੌਂਸਲ ਵਲੋਂ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ¢ ਜ਼ਿਕਰਯੋਗ ਹੈ ਕਿ ਉਹ ਮਾਰਚ ਚੋਣਾਂ ਵਿਚ ਹੇਠਲੇ ਸਦਨ ਦੀ ਸੀਟ ਲਈ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ ¢