ਅੰਮਿ੍ਤਸਰ, 18 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪਿਸ਼ਾਵਰ ਸ਼ਹਿਰ 'ਚ ਸਥਿਤ ਬਾਲੀਵੁੱਡ ਦੇ ਦੋ ਮਸ਼ਹੂਰ ਅਦਾਕਾਰਾਂ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੇ ਜੱਦੀ ਘਰ ਬਹੁਤ ਮਾੜੀ ਹਾਲਤ 'ਚ ਹਨ | ਇਹ ਵਿਰਾਸਤੀ ਇਮਾਰਤਾਂ ਇੰਨੀਆਂ ਖ਼ਰਾਬ ਹੋ ਗਈਆਂ ਹਨ ਕਿ ਇਹ ਕਿਸੇ ਵੀ ਸਮੇਂ ਲੁਪਤ ਹੋ ਸਕਦੀਆਂ ਹਨ | ਹਾਲਾਂਕਿ, ਇਨ੍ਹਾਂ ਦੀ ਇਤਿਹਾਸਕ ਮਹੱਤਤਾ ਨੂੰ ਵੇਖਦੇ ਹੋਏ ਪਾਕਿਸਤਾਨੀ ਸਰਕਾਰ ਨੇ ਇਨ੍ਹਾਂ ਨੂੰ ਰਾਸ਼ਟਰੀ ਵਿਰਾਸਤੀ ਸਥਾਨ ਐਲਾਨਿਆ ਹੈ, ਪਰ ਸੰਭਾਲ ਸੰਬੰਧੀ ਕਾਰਵਾਈ ਸਿਰਫ਼ 'ਐਲਾਨ' ਤੱਕ ਹੀ ਸਿਮਤ ਹੈ | ਮੌਜੂਦਾ ਸਥਿਤੀ ਇਹ ਹੈ ਕਿ ਫ਼ੰਡਾਂ ਦੀ ਭਾਰੀ ਘਾਟ ਅਤੇ ਖ਼ੈਬਰ ਪਖਤੂਨਖਵਾ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਇਹ ਵਿਰਾਸਤੀ ਸਥਾਨ ਰੱਖ-ਰਖਾਅ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ | ਜੇਕਰ ਜਲਦੀ ਹੀ ਠੋਸ ਕਦਮ ਨਾ ਚੁੱਕੇ ਗਏ ਤਾਂ ਇਹ ਦੋਵੇਂ ਇਮਾਰਤਾਂ ਪੂਰੀ ਤਰ੍ਹਾਂ ਮਲਬੇ 'ਚ ਬਦਲ ਜਾਣਗੀਆਂ | ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਹਾਲ ਹੀ 'ਚ ਆਏ ਸ਼ਕਤੀਸ਼ਾਲੀ ਭੂਚਾਲ ਨੇ ਇਨ੍ਹਾਂ ਦੋਵਾਂ ਵਿਰਾਸਤੀ ਇਮਾਰਤਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ | ਪਿਸ਼ਾਵਰ ਦੇ ਮਸ਼ਹੂਰ ਕਿੱਸਾ ਖਵਾਨੀ ਬਾਜ਼ਾਰ 'ਚ ਸਥਿਤ ਲਗਭਗ 100 ਸਾਲ ਪੁਰਾਣੀ ਸ਼ਾਨਦਾਰ ਕਪੂਰ ਹਵੇਲੀ ਹੁਣ ਖੰਡਰ 'ਚ ਤਬਦੀਲ ਹੋ ਚੁਕੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਨ੍ਹਾਂ ਵਿਰਾਸਤੀ ਇਮਾਰਤਾਂ ਨੂੰ ਬਚਾਉਣ ਲਈ ਸਿਰਫ਼ ਕਾਗ਼ਜ਼ਾਂ 'ਤੇ ਫ਼ੰਡ ਮਨਜ਼ੂਰ ਕੀਤੇ ਹਨ | ਹਾਲਾਂਕਿ, ਹਕੀਕਤ 'ਚ ਇਮਾਰਤਾਂ ਨੂੰ ਬਚਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ |