07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਵੇਲਜ਼ ‘ਚ ਟਾਟਾ ਸਟੀਲ ਦੇ ਪਲਾਂਟ ‘ਚ ਲੱਗੀ ਭਿਆਨਕ ਅੱਗ

ਅਜੀਤ ਡੈਸਕ 05-06-2026
ਲੰਡਨ, 4 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਦੱਖਣੀ ਵੇਲਜ਼ ਦੇ ਪੋਰਟ ਟਾਲਬੋਟ ਵਿਖੇ ਸਥਿਤ ‘ਟਾਟਾ ਸਟੀਲ ਯੂ.ਕੇ.’ ਦੇ ਸਟੀਲਵਰਕਸ ਪਲਾਂਟ ‘ਚ ਭਿਆਨਕ ਅੱਗ ਲੱਗ ਗਈ। ਐਮਰਜੈਂਸੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ‘ਚ ਜੁਟੀਆਂ ਰਹੀਆਂ। ਇਕ ਵਰਕਰਜ਼ ਯੂਨੀਅਨ ਅਨੁਸਾਰ ਇਸ ਅੱਗ ਕਾਰਨ ਪਲਾਂਟ ਦਾ ‘ਭਾਰੀ ਨੁਕਸਾਨ’ ਹੋਇਆ ਹੈ। ‘ਮਿਡ ਐਂਡ ਵੈਸਟ ਵੇਲਜ਼ ਫਾਇਰ ਸਰਵਿਸ’ ਵੱਲੋਂ ਬੁੱਧਵਾਰ ਸ਼ਾਮ ਨੂੰ ਤੁਰੰਤ ਕਈ ਫਾਇਰ ਫਾਈਟਰਾਂ ਨੂੰ ਘਟਨਾ ਵਾਲੀ ਥਾਂ ‘ਤੇ ਰਵਾਨਾ ਕੀਤਾ ਗਿਆ ਸੀ। ਫਾਇਰ ਸਰਵਿਸ ਨੇ ਜਲਦੀ ਹੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਸੀ ਕਿ ਪਲਾਂਟ ਦੇ ਅੰਦਰ ਮੌਜੂਦ ਸਾਰੇ ਕਰਮਚਾਰੀਆਂ ਦਾ ਪਤਾ ਲਗਾ ਲਿਆ ਗਿਆ ਹੈ ਤੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਕੰਪਨੀ ਨੇ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਅਜੇ ਵੀ ਮੌਕੇ ‘ਤੇ ਮੌਜੂਦ ਹਨ ਤੇ ਅੱਗ ਨੂੰ ਪੂਰੀ ਤਰ੍ਹਾਂ ‘ਬੁਝਾਉਣ’ ਲਈ ਸਥਾਨਕ ਟੀਮਾਂ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ। ਟਾਟਾ ਸਟੀਲ ਯੂ.ਕੇ. ਨੇ ਇਕ ਬਿਆਨ ‘ਚ ਕਿਹਾ ਕਿ ਇਹ ਘਟਨਾ ਬੁੱਧਵਾਰ ਦੀ ਸ਼ਾਮ ਨੂੰ ਖਾਲੀ ਤੇ ਬੇਕਾਰ ਪਏ ਗੈਸ ਹੋਲਡਰ ਨੂੰ ਸੁਰੱਖਿਅਤ ਤੇ ਸਫਲਤਾਪੂਰਵਕ ਢਾਹੇ ਜਾਣ ਦੀ ਪ੍ਰਕਿਰਿਆ ਨਾਲ ਸਬੰਧਤ ਨਹੀਂ ਹੈ। ‘ਯੂਨਾਈਟ’ ਵਰਕਰਜ਼ ਯੂਨੀਅਨ ਦੀ ਜਨਰਲ ਸਕੱਤਰ ਸ਼ੈਰਨ ਗ੍ਰਾਹਮ ਨੇ ਪੁਸ਼ਟੀ ਕੀਤੀ ਕਿ ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਏ ਜਾਣ ਕਾਰਨ ਕੋਈ ਵਿਅਕਤੀ ਜ਼ਖਮੀ ਨਹੀਂ ਹੋਇਆ ਹੈ। ਉਹਨਾਂ ਕਿਹਾ ਕਿ ਅੱਗ ਨੇ ਇਕ ਮਹੱਤਵਪੂਰਨ ਉਤਪਾਦਨ ਲਾਈਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਹੁਣ ਇਸ ਵਿਘਨ ਦੇ ਸਮੇਂ ਦੌਰਾਨ ਟਾਟਾ ਤੇ ਸਪਲਾਈ ਚੇਨ ਦੋਵਾਂ ਥਾਵਾਂ ‘ਤੇ ਨੌਕਰੀਆਂ ਦੀ ਰੱਖਿਆ ਲਈ ਉਚਿਤ ਕਦਮ ਚੁੱਕੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਟਾਟਾ ਤੇ ਸਰਕਾਰ ਨੂੰ ਪਲਾਂਟ ਦੇ ਕੰਮਕਾਜ ਨੂੰ ਜਲਦੀ ਖੜ੍ਹਾ ਕਰਨ ਲਈ ਕਹਿ ਰਹੇ ਹਾਂ।
ਪਿਛਲੀ ਖ਼ਬਰ ਸਾਊਦੀ ਵਿਦਿਆਰਥੀ ਦਾ ਕਤਲ ਕਰਨ ਵਾਲੇ ਨੂੰ ਉਮਰ ਕੈਦ ਅਗਲੀ ਖ਼ਬਰ ਦੱਖਣੀ ਆਸਟ੍ਰੇਲੀਆ ਦੇ ਮਿਡ ਨੌਰਥ ਵਿੱਚ 800 ਮੈਗਾਵਾਟ ਦਾ ਵਿਸ਼ਾਲ ਏ.ਆਈ. ਡਾਟਾ ਸੈਂਟਰ ਬਣੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।