07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਪੋਤੇ ਦੀ ਹਰਕਤ ਤੋਂ ਦੁਖੀ ਦਾਦੀ ਨੇ ਕਿਹਾ ਇਸ ਘਟਨਾਂ ਨੇ 2 ਪਰਿਵਾਰਾਂ ਨੂੰ ਬਰਬਾਦ ਕਰ ਦਿੱਤਾ, ਸਾਊਥਹੈਂਪਟਨ ‘ਚ ਡਰ ਦਾ ਮਾਹੌਲ

ਅਜੀਤ ਡੈਸਕ 05-06-2026
-ਇੰਗਲੈਂਡ ‘ਚ ਹੈਨਰੀ ਨੋਵਾਕ ਕਤਲ ਮਾਮਲਾ-
ਲੰਡਨ, 4 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਸ਼ਹਿਰ ਸਾਊਥਹੈਂਪਟਨ ‘ਚ ਹੈਨਰੀ ਨੋਵਾਕ ਦੇ ਕਤਲ ਦੇ ਦੋਸ਼ਾਂ ‘ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸਿੱਖ ਨੌਜਵਾਨ ਵਿਕਰਮ ਸਿੰਘ ਦਿਗਵਾ ਦੀ ਦਾਦੀ ਬਿਮਲਾ ਕੌਰ ਨੇ ਕਿਹਾ ਹੈ ਕਿ ਇਸ ਘਟਨਾਂ ਦੇ 2 ਪਰਿਵਾਰਾਂ ਨੂੰ ਬਰਬਾਦ ਕਰ ਦਿੱਤਾ ਹੈ। ਵਿਕਰਮ ਦਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਸਾਊਥੈਂਪਟਨ ਵਿਚ ਵੱਡੇ ਪੱਧਰ ‘ਤੇ ਪ੍ਰਦਰਸ਼ਨ ਹੋਏ, ਜਿਨ੍ਹਾਂ ‘ਚ ਹਿੰਸਾ ਵੀ ਭੜਕੀ ਤੇ 11 ਦੇ ਕਰੀਬ ਪੁਲਿਸ ਕਰਮਚਾਰੀ ਜਖ਼ਮੀ ਹੋਏ। ਬਿਮਲਾ ਕੌਰ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਇਸ ਵੇਲੇ ਬਦਲੇ ਦੇ ਡਰ ਹੇਠ ਜੀਅ ਰਿਹਾ ਹੈ ਤੇ ਕੁਝ ਮੈਂਬਰ ਲੁਕਣ ਲਈ ਮਜ਼ਬੂਰ ਹੋ ਗਏ ਹਨ। ਉਹਨਾਂ ਕਿਹਾ ਕਿ ਵਿਕਰਮ ਇਕ ‘ਜ਼ਿੱਦੀ ਸੁਭਾਅ ਵਾਲਾ ਲੜਕਾ ਸੀ, ਪਰ ਉਸ ਦੀ ਨੂੰਹ ਕਿਰਨ ਕੌਰ ਨੇ ਉਹੀ ਕੀਤਾ ਜੋ ਕੋਈ ਵੀ ਮਾਂ ਆਪਣੇ ਪੁੱਤਰ ਨੂੰ ਬਚਾਉਣ ਲਈ ਕਰੇਗੀ। 75 ਸਾਲਾ ਬਿਮਲਾ ਕੌਰ ਨੇ ਕਿਹਾ ਇਸ ਪੂਰੇ ਮਾਮਲੇ ਨੇ ਹੈਨਰੀ ਤੇ ਮੇਰੇ ‘2 ਪਰਿਵਾਰਾਂ’ ਨੂੰ ਤਬਾਹ ਕਰ ਦਿੱਤਾ ਹੈ। ਜੋ ਕੁਝ ਵੀ ਹੋਇਆ, ਉਸ ਲਈ ਮੈਂ ਮੁਆਫੀ ਚਾਹੁੰਦੀ ਹਾਂ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਸਿੱਖ ਧਰਮ ਦੇ ਇਕ ਅਜਿਹੇ ਜੰਗਜੂ ਸੰਪਰਦਾ (ਨਿਹੰਗਾਂ) ਨਾਲ ਸਬੰਧ ਰੱਖਦਾ ਹੈ, ਜੋ ਕਿ ਤਲਵਾਰਾਂ, ਚਾਕੂਆਂ ਤੇ ਹੋਰ ਹਥਿਆਰਾਂ ਦੀ ਵਰਤੋਂ ‘ਚ ਮਾਹਰ ਹੋਣ ‘ਤੇ ਮਾਣ ਮਹਿਸੂਸ ਕਰਦੇ ਹਨ ਤੇ ਖੁਦ ਨੂੰ ਧਰਮ ਦੇ ‘ਕਮਾਂਡੋ’ ਅਖਵਾਉਂਦੇ ਹਨ। ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਦਿਗਵਾ ਨੇ ਇਸ ਵਿਰਾਸਤ ਦੀ ਦੁਰਵਰਤੋਂ ਕੀਤੀ ਹੈ। ਇਹ ਹਥਿਆਰ ਬੇਕਸੂਰਾਂ ‘ਤੇ ਚਲਾਉਣ ਲਈ ਨਹੀਂ ਹੁੰਦੇ, ਇਸ ਲਈ ਬਹੁਤ ਗਲਤ ਹੋਇਆ ਹੈ। ਉਸਨੇ ਬਹੁਤ ਮਾੜਾ ਕੰਮ ਕੀਤਾ ਹੈ। 23 ਸਾਲਾ ਵਿਕਰਮ ਨਿਹੰਗ ਜਥੇਬੰਦੀ ਦੇ ਮੈਂਬਰ ਵਜੋਂ ਕਈ ਤਰ੍ਹਾਂ ਦੇ ਹਥਿਆਰਾਂ ਨਾਲ ਜੰਗੀ ਅਭਿਆਸਾਂ ਵਿੱਚ ਹਿੱਸਾ ਲੈਂਦਾ ਸੀ। ਬਿਮਲਾ ਕੌਰ ਨੇ ਕਿਹਾ ਕਿ ਵਿਕਰਮ ਨਿਹੰਗ ਸਿੰਘਾਂ ਵਾਲੀ ਜੀਵਨ ਸ਼ੈਲੀ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਸੀ। ਪਰ ਇਹ ਹਥਿਆਰ ਬੇਕਸੂਰਾਂ ‘ਤੇ ਵਰਤਣ ਲਈ ਨਹੀਂ ਹਨ। ਉਹਨਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਵੀ ਦੁੱਖ ਹੈ ਕਿ ਹੁਣ ਕਿਰਪਾਨਾਂ ‘ਤੇ ਪਾਬੰਦੀ ਲਗਾਉਣ ਦੀਆਂ ਗੱਲਾਂ ਕਰਕੇ ਸਾਡੇ ਪੂਰੇ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬਿਮਲਾ ਕੌਰ ਨੇ ਖੁਲਾਸਾ ਕੀਤਾ ਕਿ ਦਿਗਵਾ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸਾਊਥੈਂਪਟਨ ਵਿਚ ਹੋਈ ਹਿੰਸਾ ਕਾਰਨ ਉਸਦਾ ਪਿਤਾ ਮੋਗਾ ਸਿੰਘ ਤੇ ਦੂਜਾ ਪੁੱਤਰ ਗੁਰਪ੍ਰੀਤ ਸਿੰਘ ਸ਼ਹਿਰ ਛੱਡਣ ਬਾਰੇ ਵੀ ਸੋਚ ਰਹੇ ਹਨ। ਉਨ੍ਹਾਂ ਲਈ ਆਪਣੇ ਘਰ ‘ਚ ਰਹਿਣਾ ਸੁਰੱਖਿਅਤ ਨਹੀਂ ਹੈ ਕਿਉਂਕਿ ਪਿਛਲੀ ਰਾਤ ਵੀ ਉਸ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤੇ ਇਸ ‘ਤੇ ਦੁਬਾਰਾ ਵੀ ਹਮਲਾ ਹੋ ਸਕਦਾ ਹੈ। ਮੋਗਾ ਸਿੰਘ ਦਾ ਬੀਤੇ ਕੁਝ ਦਿਨਾਂ ਤੋਂ ਕਾਰੋਬਾਰ ਵੀ ਬੰਦ ਹੈ।
ਪਿਛਲੀ ਖ਼ਬਰ ਜੱਗੀ ਜੌਹਲ ਨੇ ਯੂ.ਕੇ. ਦੇ ਵਿਦੇਸ਼ ਮੰਤਰੀ ਯਵੇਟ ਕੂਪਰ ਨੂੰ ਕੀਤੀ ਅਪੀਲ ਅਗਲੀ ਖ਼ਬਰ ਸਾਊਦੀ ਵਿਦਿਆਰਥੀ ਦਾ ਕਤਲ ਕਰਨ ਵਾਲੇ ਨੂੰ ਉਮਰ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।