ਜੱਗੀ ਜੌਹਲ ਨੇ ਯੂ.ਕੇ. ਦੇ ਵਿਦੇਸ਼ ਮੰਤਰੀ ਯਵੇਟ ਕੂਪਰ ਨੂੰ ਕੀਤੀ ਅਪੀਲ
ਅਜੀਤ ਡੈਸਕ
05-06-2026
ਗਲਾਸਗੋ, 4 ਜੂਨ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਵਾਸੀ ਬਰਤਨਾਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ, ਜੋ ਕਿ ਨਵੰਬਰ 2017 ਤੋਂ ਭਾਰਤ ‘ਚ ਕੈਦ ਹਨ, ਨੇ ਬ੍ਰਿਟੇਨ ਦੀ ਵਿਦੇਸ਼ ਮੰਤਰੀ ਯਾਵੇਟ ਕੂਪਰ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੀ ਰਿਹਾਈ ਲਈ ਆਪਣੇ ਭਾਰਤ ਦੌਰੇ ਦੌਰਾਨ ਸਿੱਧਾ ਦਖ਼ਲ ਦੇਣ। ਜੌਹਲ ਨੇ ਕਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਇਥੇ ਫਸੇ ਹਨ ਤੇ ਹੁਣ ਬ੍ਰਿਟਿਸ਼ ਸਰਕਾਰ ਨੂੰ ਉਨ੍ਹਾਂ ਦੀ ਘਰ ਵਾਪਸੀ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਵਿਦੇਸ਼ ਮੰਤਰੀ ਯਵੇਟ ਕੂਪਰ ਇਸ ਹਫ਼ਤੇ ਭਾਰਤ ਦੇ ਦੌਰੇ ‘ਤੇ ਹਨ, ਜਿੱਥੇ ਉਹ ਵਿਸ਼ਵ ਸੁਰੱਖਿਆ, ਅੰਤਰਰਾਸ਼ਟਰੀ ਸਹਿਯੋਗ ਅਤੇ 2-ਪੱਖੀ ਸਬੰਧਾਂ ਬਾਰੇ ਉੱਚ ਪੱਧਰੀ ਗੱਲਬਾਤ ਕਰ ਰਹੇ ਹਨ। ਇਹ ਦੌਰਾ ਉਨ੍ਹਾਂ ਦੇ ਹਾਲੀਆ ਚੀਨ ਦੌਰੇ ਤੋਂ ਬਾਅਦ ਹੋ ਰਿਹਾ ਹੈ। ਜੌਹਲ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ 8 ਸਾਲ ਬੀਤ ਜਾਣ ਦੇ ਬਾਵਜੂਦ ਉਹ ਅਜੇ ਵੀ ਨਿਆਂ ਦੀ ਉਡੀਕ ਕਰ ਰਿਹਾ ਹੈ।
ਉਸਦਾ ਮੰਨਣਾ ਹੈ ਕਿ ਬ੍ਰਿਟਿਸ਼ ਸਰਕਾਰ ਨੂੰ ਹੁਣ ਕੇਵਲ ਕੇਸ ਦੀ ਨਿਗਰਾਨੀ ਕਰਨ ਦੀ ਬਜਾਏ ਉਨ੍ਹਾਂ ਦੀ ਰਿਹਾਈ ਨੂੰ ਆਪਣੀ ਪ੍ਰਮੁੱਖ ਤਰਜੀਹ ਬਣਾਉਣਾ ਚਾਹੀਦਾ ਹੈ।