ਲੰਡਨ, 16 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਰਾਜ ਸਭਾ ਮੈਂਬਰ ਸੁਧਾ ਮੂਰਤੀ ਦੀ ਨਵੀਂ ਕਿਤਾਬ, ਜੋ ਭਾਰਤ ਦੀ ਸੰਸਦ ਨੂੰ ਸ਼ਾਨਦਾਰ ਬਣਾਉਣ ਵਾਲੇ ਕੁਝ ਇਤਿਹਾਸਕ ਭਿੱਤੀ-ਚਿੱਤਰਾਂ (ਦੀਵਾਰਾਂ ‘ਤੇ ਬਣੇ ਚਿੱਤਰਾਂ) ਦੇ ਪਿੱਛੇ ਦੇ ਇਤਿਹਾਸ ਨੂੰ ਬਿਆਨ ਕਰਦੀ ਹੈ, ਨੂੰ ਲੰਡਨ ਦੇ ਭਾਰਤੀ ਵਿੱਦਿਆ ਭਵਨ ਵਿਖੇ ਜਾਰੀ ਕੀਤਾ ਗਿਆ। ਲੋਕ ਸਭਾ ਸਕੱਤਰੇਤ ਵੱਲੋਂ ਪ੍ਰਕਾਸ਼ਿਤ ਕਿਤਾਬ ‘ਟਾਈਡਜ਼ ਆਫ਼ ਟਾਈਮ: ਭਾਰਤਜ਼ ਹਿਸਟਰੀ ਥਰੂ ਮੂਰਲਜ਼ ਇਨ ਪਾਰਲੀਮੈਂਟ’ ਨੂੰ ਲੰਡਨ ‘ਚ ਭਾਰਤੀ ਹਾਈ ਕਮਿਸ਼ਨਰ ਪੀ. ਕੁਮਾਰਨ ਵੱਲੋਂ ਜਾਰੀ ਕੀਤਾ ਗਿਆ। ਇਸ ਸਮਾਰੋਹ ਵਿਚ ਮੂਰਤੀ ਦੇ ਨਾਲ ਉਨ੍ਹਾਂ ਦੇ ਪਤੀ ਨਾਰਾਇਣ ਮੂਰਤੀ, ਬੇਟੀ ਅਕਸ਼ਤਾ ਮੂਰਤੀ, ਜਵਾਈ ਅਤੇ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਪੋਤੀਆਂ ਕ੍ਰਿਸ਼ਨਾ ਅਤੇ ਅਨੁਸ਼ਕਾ ਵੀ ਸ਼ਾਮਲ ਹੋਏ। ਸੁਧਾ ਮੂਰਤੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਕਿਤਾਬ ਮੇਰੇ ਦਿਲ ਦੇ ਬਹੁਤ ਨੇੜੇ ਰਹੀ ਹੈ ਅਤੇ ਇਸ ‘ਤੇ ਬਹੁਤ ਮਿਹਨਤ ਕੀਤੀ ਗਈ ਹੈ। ਜੇਕਰ ਤੁਸੀਂ ਆਪਣੇ ਦੇਸ਼ ਦਾ ਇਤਿਹਾਸ ਨਹੀਂ ਜਾਣਦੇ, ਤਾਂ ਤੁਸੀਂ ਆਪਣੇ ਦੇਸ਼ ਦੇ ਭਵਿੱਖ ਨੂੰ ਨਹੀਂ ਜਾਣ ਸਕਦੇ। ਜਦੋਂ ਤੱਕ ਮੈਂ ਸਿੱਖਣਾ ਪਸੰਦ ਕਰਦੀ ਹਾਂ ਅਤੇ ਇਤਿਹਾਸ ਪ੍ਰਤੀ ਆਪਣੇ ਜਨੂੰਨ ਨੂੰ ਜਿਉਂਦਾ ਰੱਖਦੀ ਹਾਂ, ਮੈਂ ਨੌਜਵਾਨ ਰਹਾਂਗੀ। ਇਹ ਜਨੂਨ ਮੈਨੂੰ ਮੇਰੇ ਦੇਸ਼ ਦੇ ਵੱਖ-ਵੱਖ ਪੜਾਵਾਂ ਬਾਰੇ ਸਿੱਖਣ ਵਿੱਚ ਮਦਦ ਕਰਦਾ ਹੈ।’ ਇਸ ਕਿਤਾਬ ਨੂੰ ਲਿਖਣ ਦੀ ਪ੍ਰੇਰਨਾ ਉਨ੍ਹਾਂ ਨੂੰ ਉਦੋਂ ਮਿਲੀ ਜਦੋਂ ਉਨ੍ਹਾਂ ਨੇ ਸੰਵਿਧਾਨ ਸਦਨ ਵਿਖੇ ਇਨ੍ਹਾਂ ਭਿੱਤੀ-ਚਿੱਤਰਾਂ ਦੇ ਸਾਹਮਣੇ ਵਿਦਿਆਰਥੀਆਂ ਨੂੰ ਕੁਝ ਪਲ ਲਈ ਰੁਕਦੇ ਦੇਖਿਆ। ਉਨ੍ਹਾਂ ਨਾਲ ਗੱਲਬਾਤ ਕਰਨ ‘ਤੇ ਸੁਧਾ ਮੂਰਤੀ ਨੂੰ ਪਤਾ ਲੱਗਿਆ ਕਿ ਵਿਦਿਆਰਥੀ ਇਸ ਕਲਾ ਦੇ ਪਿੱਛੇ ਦੇ ਇਤਿਹਾਸ ਨੂੰ ਜਾਣਨ ਲਈ ਉਤਸੁਕ ਸਨ, ਪਰ ਇਸ ਵਿਸ਼ੇ ‘ਤੇ ਕੋਈ ਸਾਹਿਤ ਉਪਲਬਧ ਨਹੀਂ ਸੀ, ਸਗੋਂ ਹੇਠਾਂ ਲੱਗੀਆਂ ਤਾਂਬੇ ਦੀਆਂ ਪਲੇਟਾਂ ‘ਤੇ ਸਿਰਫ਼ ਇੱਕ ਲਾਈਨ ਦਾ ਵੇਰਵਾ ਲਿਖਿਆ ਹੋਇਆ ਸੀ। ਮੂਰਤੀ ਨੇ ਅੱਗੇ ਕਿਹਾ, ‘ਮੈਂ ਇਹ ਕਿਤਾਬ ਭਾਰਤ ਦੇ ਲੋਕਾਂ ਨੂੰ ਸਮਰਪਿਤ ਕੀਤੀ ਹੈ, ਮੋਹਨਜੋਦੜੋ ਤੋਂ ਲੈ ਕੇ ਅੱਜ ਤੱਕ ਅਤੇ ਉਨ੍ਹਾਂ ਸਾਰੇ ਸੈਨਿਕਾਂ ਨੂੰ ਜੋ ਸਾਡੀਆਂ ਸਰਹੱਦਾਂ ਦੀ ਰੱਖਿਆ ਕਰਦੇ ਆਏ ਹਨ ਅਤੇ ਕਰ ਰਹੇ ਹਨ, ਤਾਂ ਜੋ ਭਾਰਤ ਇੱਕ ਸੁਰੱਖਿਅਤ, ਪ੍ਰਭੂਸੱਤਾ ਸੰਪੰਨ ਅਤੇ ਲੋਕਤੰਤਰੀ ਰਾਸ਼ਟਰ ਬਣਿਆ ਰਹੇ।’ ਹਾਈ ਕਮਿਸ਼ਨਰ ਪੀ. ਕੁਮਾਰਨ ਨੇ ਕਿਹਾ ਕਿ ਇਹ ਇੱਕ ਬੇਮਿਸਾਲ ਕਿਤਾਬ ਹੈ, ਕਿਉਂਕਿ ਇਹ ਸਾਨੂੰ ਯਾਦ ਦਿਵਾਉਂਦੀ ਹੈ ਕਿ ਇਤਿਹਾਸ ਸਿਰਫ਼ ਲਿਖਤਾਂ ਵਿੱਚ ਹੀ ਨਹੀਂ, ਸਗੋਂ ਭਾਰਤ ਵਿੱਚ ਚਿੱਤਰਾਂ, ਪ੍ਰਤੀਕਾਂ ਅਤੇ ਜਨਤਕ ਥਾਵਾਂ ਵਿੱਚ ਵੀ ਸੁਰੱਖਿਅਤ ਹੈ। ਇਹ ਸਿਰਫ਼ ਸਜਾਵਟੀ ਕਲਾ ਦੇ ਨਮੂਨੇ ਨਹੀਂ ਹਨ। ਇਹ ਭਾਰਤ ਦੀ ਪਛਾਣ ਅਤੇ ਇੱਛਾਵਾਂ ਦੀਆਂ ਦ੍ਰਿਸ਼ਟੀਗਤ ਕਹਾਣੀਆਂ ਹਨ। ਜੋ ਗੱਲ ਇਸ ਕਿਤਾਬ ਨੂੰ ਹੋਰ ਵੀ ਸਾਰਥਕ ਬਣਾਉਂਦੀ ਹੈ, ਉਹ ਹੈ ਇਸ ਨੂੰ ਲਿਖਣ ਦੀ ਭਾਵਨਾ, ਇੱਕ ਅਜਿਹਾ ਕੰਮ ਜੋ ਇਤਿਹਾਸ ਨੂੰ ਆਮ ਪਾਠਕਾਂ ਲਈ ਸਰਲ, ਦਿਲਚਸਪ ਅਤੇ ਯਾਦਗਾਰੀ ਬਣਾਉਂਦਾ ਹੈ।’ ਪ੍ਰੋਗਰਾਮ ਦੀ ਸ਼ੁਰੂਆਤ ਭਾਰਤੀ ਵਿਦਿਆ ਭਵਨ ਯੂ.ਕੇ. ਦੇ ਕਾਰਜਕਾਰੀ ਨਿਰਦੇਸ਼ਕ ਡਾ. ਐਮ.ਐਨ. ਨੰਦਕੁਮਾਰ ਨੇ ਪ੍ਰਾਰਥਨਾ ਨਾਲ ਕੀਤੀ ਅਤੇ ਪੱਛਮੀ ਲੰਡਨ ਵਿੱਚ ਭਾਰਤੀ ਸੱਭਿਆਚਾਰਕ ਕੇਂਦਰ ਦੇ ਚੇਅਰਮੈਨ ਸੁਭਾਨੂ ਸਕਸੈਨਾ ਨੇ ਮੰਚ ‘ਤੇ ਕਿਤਾਬ ਦੇ ਜਾਰੀ ਕਰਨ ਸਮੇਂ ਸ਼ਲੋਕਾਂ ਦਾ ਉਚਾਰਨ ਕੀਤਾ।