25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

ਅਜੀਤ ਡੈਸਕ 17-06-2026
ਨਿਊਯਾਰਕ, 16 ਜੂਨ (ਰਾਜੂ ਸਹਿਬਾਜ਼ਪੁਰਾ)-ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸਿੱਖ ਸੈਂਟਰ ਆਫ਼ ਨਿਊਯਾਰਕ, ਕੁਈਨਜ਼ ਵਿਲੇਜ ਤੋਂ ਸਜਾਇਆ ਗਿਆ। ਨਗਰ ਕੀਰਤਨ ਦੌਰਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁੰਦਰ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਸਨ ਤੇ ਪੰਜ ਪਿਆਰੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸਨ। ਨਗਰ ਕੀਰਤਨ ਦੇ ਆਰੰਭ ਮੌਕੇ ਹੈੱਡ ਗ੍ਰੰਥੀ ਸਾਹਿਬ ਵੱਲੋਂ ਅਰਦਾਸ ਕੀਤੀ ਗਈ। ਇਸ ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿੰਦਰ ਸਿੰਘ, ਸਾਬਕਾ ਪ੍ਰਧਾਨ ਬਲਵਿੰਦਰ ਸਿੰਘ, ਤਰਲੋਚਨ ਸਿੰਘ ਭੱਟੀ, ਸਕੱਤਰ ਗੁਰਮੇਲ ਸਿੰਘ, ਮੱਖਣ ਸਿੰਘ, ਚਰਨਜੀਤ ਸਿੰਘ ਸਮਰਾ, ਸੁਰਿੰਦਰ ਸਿੰਘ ਵਿਰਕ, ਹਰਦੀਪ ਸਿੰਘ ਅਤੇ ਪ੍ਰਦੀਪ ਸਿੰਘ ਸਮੇਤ ਸਮੁੱਚੀ ਕਮੇਟੀ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾ� ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਨਗਰ ਕੀਰਤਨ ਕੁਈਨਜ਼ ਵਿਲੇਜ ਦੀਆਂ ਵੱਖ-ਵੱਖ ਸੜਕਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸੰਤ ਸਾਗਰ ਪਹੁੰਚਿਆ, ਜਿੱਥੇ ਭਾਈ ਸਜਣ ਸਿੰਘ ਜੀ ਦੀ ਅਗਵਾਈ ਹੇਠ ਸਿੱਖ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਤੇ ਪਕਵਾਨਾਂ ਦਾ ਪ੍ਰਬੰਧ ਕੀਤਾ ਗਿਆ। ਰਸਤੇ ਵਿਚ ਕਈ ਥਾਵਾਂ ‘ਤੇ ਸੰਗਤਾਂ ਵੱਲੋਂ ਠੰਢੇ ਮਿੱਠੇ ਜਲ, ਜੂਸ, ਲੱਸੀ ਅਤੇ ਹੋਰ ਪਦਾਰਥਾਂ ਦੀ ਸੇਵਾ ਕੀਤੀ ਗਈ। ਨਗਰ ਕੀਰਤਨ ਦੌਰਾਨ ਰਾਗੀ, ਢਾਡੀ ਅਤੇ ਕਵੀਸ਼ਰ ਜਥਿਆਂ ਨੇ ਗੁਰਬਾਣੀ ਕੀਰਤਨ ਅਤੇ ਸਿੱਖ ਇਤਿਹਾਸ ਰਾਹੀਂ ਸੰਗਤਾਂ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਜੋੜਿਆ। ਸਿੰਘਾਂ ਵੱਲੋਂ ਗਤਕੇ ਦੇ ਦਿਲਕਸ਼ ਜੌਹਰ ਵੀ ਵਿਖਾਏ ਗਏ। ਬੁਲਾਰਿਆਂ ਨੇ ਸੰਗਤਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਅਤੇ ਸ਼ਹਾਦਤ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ ਅਤੇ 1984 ਦੇ ਸਿੱਖ ਘੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਨਗਰ ਕੀਰਤਨ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਸਿੱਖ ਨੌਜਵਾਨ ਪੀਲੀਆਂ ਦਸਤਾਰਾਂ ਅਤੇ ਬੀਬੀਆਂ ਪੀਲੀਆਂ ਚੁੰਨੀਆਂ ਸਜਾ ਕੇ ਗੁਰੂ ਘਰ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰ ਰਹੀਆਂ ਸਨ। ਸੰਗਤਾਂ ਗੁਰਬਾਣੀ ਦੇ ਰੰਗ ਵਿਚ ਰੰਗੀਆਂ ਹੋਈਆਂ ਆਪਣੀਆਂ-ਆਪਣੀਆਂ ਸੇਵਾਵਾਂ ਨਿਭਾ ਰਹੀਆਂ ਸਨ। ਇਸ ਮੌਕੇ ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਨ ਮਮਦਾਨੀ ਦੇ ਦਫ਼ਤਰ ਵੱਲੋਂ ਕਮਿਊਨਟੀ ਕਮਿਸ਼ਨਰ ਹਰਦੀਪ ਸਿੰਘ ਦੀਪੀ ਅਤੇ ਮੇਅਰ ਦੇ ਸਲਾਹਕਾਰ ਮਨਵੀਰ ਸਿੰਘ ਹਾਜ਼ਰ ਹੋਏ। ਉਨ੍ਹਾਂ ਨਾਲ ਕਾਂਗਰਸਮੈਨ ਟੌਮ ਸੁ�ਜ਼ੀ ਦੇ ਦਫ਼ਤਰ ਦੇ ਨੁਮਾਇੰਦੇ ਵੀ ਮੌਜੂਦ ਸਨ, ਜਿਨ੍ਹਾਂ ਵੱਲੋਂ ਗੁਰਦੁਆਰਾ ਸਾਹਿਬ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਪ੍ਰਸ਼ੰਸਾ ਪੱਤਰ ਭੇਟ ਕੀਤੇ ਗਏ। ਸਮਾਗਮ ‘ਚ ਸਿੱਖ ਕਲਚਰਲ ਸੋਸਾਇਟੀ ਰਿਚਮੰਡ ਹਿੱਲ ਦੇ ਪ੍ਰਧਾਨ ਦਵਿੰਦਰ ਸਿੰਘ ਬੋਪਾਰਾਏ, ਗੁਰਦੇਵ ਸਿੰਘ ਕੰਗ, ਸੁਖਜਿੰਦਰ ਸਿੰਘ ਸੁਭਾਨਪੁਰ, ਹਰਬੰਸ ਸਿੰਘ ਢਿੱਲੋਂ ਅਤੇ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ਸਿੱਖ ਧਰਮ ਦੇ ਸਰਬੱਤ ਦੇ ਭਲੇ ਅਤੇ ਮਨੁੱਖਤਾ ਦੀ ਸੇਵਾ ਦੇ ਸੰਦੇਸ਼ ਨੂੰ ਅੰਗਰੇਜ਼ੀ ਭਾਸ਼ਾ ਵਿਚ ਛਪੇ ਪੋਸਟਰਾਂ ਰਾਹੀਂ ਹੋਰ ਭਾਈਚਾਰਿਆਂ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਵੀ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਨਗਰ ਕੀਰਤਨ ਪੂਰੀ ਤਰ੍ਹਾਂ ਗੁਰਮਤਿ ਮਾਹੌਲ, ਸੇਵਾ ਭਾਵਨਾ ਅਤੇ ਸੰਗਤੀ ਉਤਸ਼ਾਹ ਨਾਲ ਸੰਪੰਨ ਹੋਇਆ।
ਪਿਛਲੀ ਖ਼ਬਰ ਬੈੱਡਫੋਰਡ ਵਿਖੇ ਘੱਲੂਘਾਰਾ ਜੂਨ 84 ਦੀ ਯਾਦ ’ਚ ਸਮਾਗਮ ਕਰਵਾਇਆ ਅਗਲੀ ਖ਼ਬਰ ਯੂਕਰੇਨ ਦੀ ਹਮਾਇਤ ’ਚ ਬਰਤਾਨੀਆ ਦਾ ਵੱਡਾ ਕਦਮ, ਰੂਸ ‘ਤੇ 70 ਨਵੀਆਂ ਪਾਬੰਦੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।