ਲੰਡਨ, 16 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰੂ ਨਾਨਕ ਗੁਰਦਵਾਰਾ ਬੈੱਡਫੋਰਡ ਵਿਖੇ ਜੂਨ 1984 ਨੂੰ ਸਿੱਖ ਤਵਾਰੀਖ ਵਿੱਚ ਵਾਪਰੇ ਤੀਸਰੇ ਖੂਨੀ ਘੱਲੂਘਾਰੇ ਦੀ ਯਾਦ ਵਿਚ 25 ਤਿਆਰ ਬਰ ਤਿਆਰ ਸਿੰਘਾਂ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਜਲਾਵਤਨੀ ਕੱਟ ਰਹੇ ਭਾਈ ਨਿਰੰਜਨ ਸਿੰਘ ਬਾਸੀ ਦੇ ਪਰਿਵਾਰ ਵਲੋਂ ਪ੍ਰਬੰਧਕ ਕਮੇਟੀ ਦੇ ਸਹਿਯੋਗ ਇਸ ਕਰਵਾਏ ਗਏ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਸ਼ਾਮਲ ਹੋਈਆਂ। ਉਪਰੰਤ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਲਿਖੀ ਅਤੇ ਬੀਬੀ ਰਸ਼ਪਿੰਦਰ ਕੌਰ ਗਿੱਲ ਵਲੋਂ ਸੰਪਾਦਤ ਕਿਤਾਬ ਸਿੱਦਕੀ ਤੇ ਸੰਘਰਸ਼ੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਆਪਣੇ ਹੱਡੀਂ ਹੰਢਾਏ, ਅੱਖੀਂ ਦੇਖੇ ਮੌਜੂਦਾ ਦੌਰ ਦੇ ਸੰਘਰਸ਼ ਤੇ ਅਧਾਰਿਤ ਪਹਿਲਾਂ ‘ਸੰਘਰਸ਼ ਦਾ ਦੌਰ’ ਕਿਤਾਬ ਲਿਖੀ ਗਈ ਸੀ। ਉਸ ਵਿਚ ਸੰਘਰਸ਼ ਅਤੇ ਸੰਘਰਸ਼ਸ਼ੀਲ ਸਿੰਘਾਂ ਬਾਰੇ ਬਹੁਤ ਸਾਰੇ ਭਰਮ ਭੁਲੇਖੇ ਦੂਰ ਕਰਦਿਆਂ ਸਿੱਖ ਵਿਰੋਧੀ ਤਾਕਤਾਂ ਨੂੰ ਬੇਨਕਾਬ ਕੀਤਾ ਸੀ। ਜਦਕਿ ‘ਸਿੱਦਕੀ ਤੇ ਸੰਘਰਸ਼ੀ’ ਕਿਤਾਬ ਵਿਚ ਉਨ੍ਹਾਂ ਕੁੱਝ ਬੀਬੀਆਂ ਨੂੰ ‘ਸਿਦਕੀ’ ਕਹਿ ਕੇ ਵਡਿਆਇਆ ਹੈ, ਜਿਨ੍ਹਾਂ ਨੇ ਆਪਣੇ ਸ਼ਹੀਦ ਹੋਏ ਸਿੰਘਾਂ ਦੇ ਨਾਮ ਨਾਲ ਆਪਣੀ ਸਾਰੀ ਜ਼ਿੰਦਗੀ ਪੰਥ ਨੂੰ ਸਮਰਪਿਤ ਕਰ ਦਿੱਤੀ। ਸਰਕਾਰਾਂ ਦੇ ਭਾਰੀ ਤਸ਼ਦੱਦ ਸਹਿਣ ਦੇ ਬਾਵਜੂਦ ਉਨ੍ਹਾਂ ਨੇ ਮਾਣ ਨਾਲ ਆਪਣਾ ਜੀਵਨ ਬਤੀਤ ਕੀਤਾ ਅਤੇ ਸ਼ਹੀਦ ਸਿੰਘਾਂ ਦੇ ਮਾਤਾ-ਪਿਤਾ ਜਾਂ ਬੱਚਿਆਂ ਦੀ ਦੇਖਭਾਲ ਕਰਨਾ ਆਪਣਾ ਪਰਮ-ਫ਼ਰਜ਼ ਸਮਝਿਆ। ਇਸ ਕਿਤਾਬ ਵਿੱਚ ਉਨ੍ਹਾਂ ਜੁਝਾਰੂ ਸਿੰਘਾਂ ਨੂੰ ‘ਸੰਘਰਸ਼ੀ’ ਦਰਸਾਇਆ ਗਿਆ ਹੈ, ਜੋ ਕਿਸੇ ਨਾ ਕਿਸੇ ਤਰ੍ਹਾਂ ਪੁਲਿਸ ਦੀ ਗੋਲੀ ਦੀ ਮਾਰ ਤੋਂ ਤਾਂ ਬਚ ਗਏ, ਪਰ ਉਨ੍ਹਾਂ ਨੇ ਆਪਣਾ ਬਾਕੀ ਸਾਰਾ ਜੀਵਨ ਵਿਦੇਸ਼ਾਂ ਵਿੱਚ ਜਲਾਵਤਨੀ ਕੱਟਦਿਆਂ ਕੌਮ ਲੇਖੇ ਲਾ ਦਿੱਤਾ। ਉਹ ਕਦੇ ਵੀ ਝੁਕੇ ਨਹੀਂ, ਈਨ ਨਹੀਂ ਮੰਨੀ ਅਤੇ ਆਪਣਾ ਸਿੱਖੀ ਸਿਦਕ ਆਖ਼ਰੀ ਸਾਹਾਂ ਤੱਕ ਨਿਭਾਉਣ ਲਈ ਵਚਨਬੱਧ ਰਹੇ। ਇਸ ਮੌਕੇ ਭਾਈ ਨਿਰਮਲ ਸਿੰਘ, ਭਾਈ ਹਰਜੀਤ ਸਿੰਘ ਆਦਿ ਵੀ ਹਾਜ਼ਰ ਸਨ।