ਵੈਨਕੂਵਰ, 16 ਜੂਨ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ‘ਚ ਹਰ ਸਾਲ ਵਾਂਗ ਪ੍ਰਾਈਡ ਪਰੇਡ ਤੋਂ ਪਹਿਲਾਂ ਕਈ ਹਫ਼ਤਿਆਂ ਤੱਕ ਵੱਖ-ਵੱਖ ਸਮਾਗਮਾਂ ਅਤੇ ਜਸ਼ਨਾਂ ਦਾ ਆਯੋਜਨ ਕੀਤਾ ਜਾਵੇਗਾ। ਪ੍ਰਾਪਤ ਉਹ ਵੇਰਵਿਆਂ ਅਨੁਸਾਰ ਇਨ੍ਹਾਂ ਸਮਾਗਮਾਂ ਦਾ ਮਕਸਦ ਵਿਭਿੰਨਤਾ, ਸਮਾਨਤਾ ਅਤੇ ਸਮਾਜਿਕ ਸਵੀਕਾਰਤਾ ਦਾ ਸੰਦੇਸ਼ ਦੇਣਾ ਹੈ। ਜਾਣਕਾਰੀ ਅਨੁਸਾਰ ਪ੍ਰਾਈਡ ਤਿਉਹਾਰਾਂ ਦੀ ਲੜੀ ਤਹਿਤ ਸੱਭਿਆਚਾਰਕ ਪ੍ਰੋਗਰਾਮ, ਸੰਗੀਤਕ ਪੇਸ਼ਕਾਰੀਆਂ, ਭਾਈਚਾਰਕ ਇਕੱਠ, ਕਲਾ ਪ੍ਰਦਰਸ਼ਨੀਆਂ ਅਤੇ ਪਰਿਵਾਰਾਂ ਲਈ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਨ੍ਹਾਂ ਸਮਾਗਮਾਂ ਵਿੱਚ ਸਥਾਨਕ ਵਸਨੀਕਾਂ ਦੇ ਨਾਲ-ਨਾਲ ਸੂਬੇ ਦੇ ਹੋਰ ਖੇਤਰਾਂ ਤੋਂ ਵੀ ਵੱਡੀ ਗਿਣਤੀ ਵਿੱਚ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਹੋਈ ਪ੍ਰਾਈਡ ਪਰੇਡ ਦੌਰਾਨ ਲਗਭਗ 70 ਹਜ਼ਾਰ ਦਰਸ਼ਕਾਂ ਨੇ ਸ਼ਮੂਲੀਅਤ ਕੀਤੀ ਸੀ ਅਤੇ ਸੈਂਕੜੇ ਲੋਕਾਂ ਨੇ ਪਰੇਡ ਵਿੱਚ ਹਿੱਸਾ ਲਿਆ ਸੀ। ਇਸ ਵਾਰ ਵੀ ਇਸ ਤੋਂ ਵੱਡੀ ਭਾਗੀਦਾਰੀ ਦੀ ਉਮੀਦ ਜਤਾਈ ਜਾ ਰਹੀ ਹੈ। ਵਿਕਟੋਰੀਆ ਪ੍ਰਾਈਡ ਸੋਸਾਇਟੀ ਵੱਲੋਂ ਕਿਹਾ ਗਿਆ ਹੈ ਕਿ ਇਹ ਸਮਾਗਮ ਭਾਈਚਾਰਕ ਏਕਤਾ ਅਤੇ ਆਪਸੀ ਸਤਿਕਾਰ ਨੂੰ ਉਤਸ਼ਾਹਿਤ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ। ਸਮਾਗਮਾਂ ਦੀ ਸਮਾਪਤੀ ਪ੍ਰਾਈਡ ਪਰੇਡ ਨਾਲ ਹੋਵੇਗਾ, ਜਿਸ ਦੌਰਾਨ ਸ਼ਹਿਰ ਦੀਆਂ ਸੜਕਾਂ ਰੰਗ-ਬਰੰਗੀਆਂ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਰੌਣਕਮਈ ਹੋ ਜਾਣਗੀਆਂ।