26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਇਟਲੀ ਪੁਲਿਸ ਦੀ ਇਕ ਹੋਰ ਮੱਲ, ਚਾਈਨੀ ਨੈੱਟਵਰਕ ਰਾਹੀਂ ਅੰਦਰ ਖਾਤੇ ਚਲਾਈ ਜਾ ਰਹੀ 2 ਨੰਬਰੀ ਬੈਂਕ ਨੂੰ ਪਾ ਦਿੱਤੀ ਠੱਲ੍ਹ

ਅਜੀਤ ਡੈਸਕ 17-06-2026
ਮਿਲਾਨ (ਇਟਲੀ), 16 ਜੂਨ (ਹਰਦੀਪ ਸਿੰਘ ਕੰਗ) ਇਟਲੀ ਪੁਲਿਸ ਨੇ ਦੇਸ਼ ਵਿਚੋਂ ਗੈਰ-ਕਾਨੂੰਨੀ ਧੰਦਿਆਂ ਅਤੇ ਬੰਦਿਆਂ ਨੂੰ ਨੱਥ ਪਾਉਣ ਮਿਸ਼ਨ ਤਹਿਤ ਸੂਬਾ ਤੁਸਕਾਨਾ ਦੇ ਸ਼ਹਿਰ ਪਰਾਤੋਂ ਵਿਖੇ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਜਿਸ ਵਿਚ ਪੁਲਿਸ ਨੇ ਇੱਕ ਅਜਿਹੀ ਰੂਪੋਸ ਬੈਂਕ ਨੂੰ ਜਗ ਜ਼ਾਹਿਰ ਜਿਹੜੀ ਕਿ ਇਟਲੀ ਵਿਚ ਗੈਰ-ਕਾਨੂੰਨੀ ਧੰਦਿਆਂ ਦੇ ਕੰਮਾਂ ਲਈ ਬਿਨਾਂ ਕਿਸੇ ਠੋਸ ਕਾਗ਼ਜ਼ੀ ਕਾਰਵਾਈ ਦੇ ਸਲਾਨਾ 100 ਮਿਲੀਅਨ ਯੂਰੋ ਤੱਕ ਦਾ ਭੁਗਤਾਨ ਕਰਦੀ ਸੀ।ਇਹ ਬੈਂਕ ਨਸ਼ੀਲੇ ਪਦਾਰਥਾਂ ਅਤੇ ਕਾਲੇ ਬਾਜ਼ਾਰ ਦੇ ਵਪਾਰ ਨੂੰ ਇਟਲੀ ਵਿਚ ਪ੍ਰਚੰਡ ਕਰ ਲਈ ਅਹਿਮ ਕੜੀ ਮੰਨੀ ਜਾ ਰਹੀ ਹੈ। ਜਿਸ ਦਾ ਸਬੰਧ ਇਟਲੀ ਦੇ ਮਾਫ਼ੀਆਂ ਨਾਲ ਸੀ ਤੇ ਇਸ ਨੂੰ ਚੀਨੀ ਨਾਗਰਿਕਾਂ ਦੁਆਰਾ ਚਲਾਇਆ ਜਾ ਰਿਹਾ ਸੀ।ਬੈਂਕ ਇਤਾਲਵੀ ਅਤੇ ਅਲਬਾਨੀਅਨ ਸਮੂਹ ਦੇ ਨਾਲ-ਨਾਲ ਚਾਈਨਾ ਦੇ ਗੈਰ-ਕਾਨੂੰਨੀ ਸੰਗਠਨ ਲਈ ਵੀ ਕੰਮ ਕਰਦੀ ਸੀ।ਇਸ ਬੈਂਕ ਨੂੰ ਚਲਾਉਣ ਵਾਲਾ ਸੰਗਠਨ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਕਾਲੇ ਬਾਜ਼ਾਰ ਨਾਲ ਜੁੜੀਆਂ ਪੁਰਾਣੀਆਂ ਰਕਮਾਂ ਦਾ ਵੀ ਭੁਗਤਾਨ ਕਰਦਾ ਸੀ।ਇਸ ਗੋਰਖ ਧੰਦੇ ਨੂੰ ਕਾਬੂ ਕਰਨ ਵਿਚ ਫਿਰੈਂਸੇ ਦੇ ਐਂਟੀ ਮਾਫ਼ੀਆ ਡਾਇਰੈਕਟੋਰੇਟ ਦਾ ਵੱਡਾ ਐਕਸ਼ਨ ਰਿਹਾ।ਇਸ ਟੀਮ ਨੇ ਜਦੋਂ ਚਾਈਨੀ ਸੰਗਠਨ ਦੁਆਰਾ ਚਲਾਈ ਬੈਂਕ ਦੇ ਕੰਮਾਂ ਨੂੰ ਬਾਰੀਕੀ ਨਾਲ ਨਾਪਿਆ ਤਾਂ ਉਹ ਹੱਕੇ-ਬੱਕੇ ਰਹਿ ਗਏ ਕਿ ਕਿਵੇਂ ਇਹ ਬੈਂਕ ਅੰਦਰ ਖਾਤੇ ਗੈਰ-ਕਾਨੂੰਨੀ ਕਾਰੋਬਾਰ ਦਾ ਹੱਬ ਬਣੀ ਹੋਈ ਹੈ।ਚਾਈਨੀ ਸੰਗਠਨ ਦਾ ਨੈੱਟਵਰਕ ਪੂਰੀ ਇਟਲੀ ਸਰਗਰਮ ਸੀ ਜਿਹੜਾ ਕਿ ਦੇਸ਼ ਭਰ ਤੋਂ ਕਰਮ ਇਕੱਠੀ ਕਰਦਾ ਤੇ ਸੰਬਧਤ ਲੋਕਾਂ ਨੂੰ ਮੁਆਵਜ਼ਾ ਉਸ ਦੇ ਦੇਸ਼ ਵਿਚ ਦਿੰਦੇ ਸਨ ਤਾਂ ਜੋ ਉਨ੍ਹਾਂ ਦੀ ਆਮਦਨ ਨੂੰ ਸਰਕਾਰੀ ਅੱਖ ਤੇ ਟੈਕਸ ਤੋਂ ਬਚਾਇਆ ਜਾ ਸਕੇ। ਪੁਲਿਸ ਅਨੁਸਾਰ ਇਹ ਲੋਕ ਗੈਰ-ਕਾਨੂੰਨੀ ਇਮੀਗ੍ਰੇਸ਼ਨ ਤਹਿਤ ਚਾਈਨਾ ਤੋਂ ਲੋਕਾਂ ਨੂੰ ਇਟਲੀ ਦੀ ਡੰਕੀ ਲੁਆਉਂਦੇ ਸਨ ਜਿਸ ਅਨੁਸਾਰ ਪਹਿਲਾਂ ਬੰਦੇ ਚਾਈਨਾ ਤੋਂ ਸਰਬੀਆਂ ਫਿਰ ਹੰਗਰੀ ਤੇ ਫਿਰ ਸਲੋਵੇਨੀਆ ਆਉਂਦੇ ਸਨ ਉਸ ਤੋਂ ਬਾਅਦ ਇਹ ਸੰਗਠਨ ਚਾਈਨੀ ਬੰਦਿਆਂ ਨੂੰ ਪੈਦਲ ਇਟਲੀ ਲਿਆਉਂਦੇ ਸਨ ਇਸ ਕੰਮ ਲਈ ਇਹ ਸੰਗਠਨ ਪਰ ਵਿਅਕਤੀ 9500 ਲੈਂਦਾ ਸੀ।41 ਲੋਕਾਂ ਨੂੰ ਪੁਲਿਸ ਨੇ ਗੈਰ-ਕਾਨੂੰਨੀ ਢੰਗ ਨਾਲ ਇਟਲੀ ਦਾਖਲ ਹੁੰਦਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ ਉਂਜ ਇਹ ਬੈਂਕ ਹਵਾਲਾ ਦਾ ਕੰਮ ਕਰਦੀ ਜਿਸ ਨੂੰ ਚਾਈਨਾ ਵਿਚ ਚੋਪ ਸ਼ਾਪ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿਸ ਦਾ ਕੰਮ ਗੈਰ-ਕਾਨੂੰਨੀ ਕੰਮਾਂ ਨੂੰ ਅੰਜਾਮ ਦੇਣਾ ਹੈ।ਪੁਲਿਸ ਨੇ ਇਸ ਕਾਰਵਾਈ ਤਹਿਤ 60 ਮਿਲੀਅਨ ਯੂਰੋ ਦੀ ਜਾਇਦਾਦ ਜ਼ਬਤ ਕੀਤੀ ਹੈ ਉੱਥੇ 17 ਲੋਕਾਂ ਨੂੰ ਜੇਲ੍ਹ ਅਤੇ 16 ਲੋਕਾਂ ਨੂੰ ਘਰ ਵਿਚ ਨਜ਼ਰ ਬੰਦ ਕੀਤਾ ਹੈ। ਇਟਲੀ ਪੁਲਿਸ ਇਸ ਰੂਪੋਸ ਬੈਂਕ ਦੀਆਂ ਕਈ ਹੋਰ ਪਰਤਾਂ ਨੂੰ ਹੋਲੀ -ਹੋਲੀ ਖੋਲ੍ਹਣ ਵਿਚ ਸਫਲ ਹੋ ਰਹੀ ਹੈ ਜਿਸ ਰਾਹੀ ਇਸ ਦਾ ਸੰਗਠਨ ਅਪਰਾਧ ਤੇ ਨਸ਼ਿਆਂ ਦੇ ਕਾਰੋਬਾਰ ਨੂੰ ਇਟਲੀ ਭਰ ਵਿਚ ਫੈਲਾਅ ਰਿਹਾ ਸੀ।
ਪਿਛਲੀ ਖ਼ਬਰ ਵੈਨਕੂਵਰ ਦੀ ਨੌਜਵਾਨ ਹਾਕੀ ਅਕੈਡਮੀ ਬੰਦ ਕਰਨ ਦਾ ਫ਼ੈਸਲਾ, ਵਿਦਿਆਰਥੀਆਂ ਤੇ ਮਾਪਿਆਂ ’ਚ ਨਿਰਾਸ਼ਾ ਅਗਲੀ ਖ਼ਬਰ ਵਿਕਟੋਰੀਆ ‘ਚ ਪ੍ਰਾਈਡ ਪਰੇਡ ਮੌਕੇ ਸਿਰਜਿਆ ਜਾਵੇਗਾ ਜਸ਼ਨਾਂ ਵਾਲਾ ਮਾਹੌਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।