25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਡਾ. ਰਘਬੀਰ ਸਿੰਘ ਸਿਰਜਣਾ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਿਤ

ਅਜੀਤ ਡੈਸਕ 18-06-2026
ਕੈਲਗਰੀ 17 ਜੂਨ (ਜਸਜੀਤ ਸਿੰਘ ਧਾਮੀ)-ਕੈਲਗਰੀ ਅਰਪਨ ਲਿਖਾਰੀ ਸਭਾ,ਕੈਲਗਰੀ ਦਾ 15ਵਾਂ ਸਾਲਾਨਾ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’ ਸਮਾਗਮ ਟੈਂਪਲ ਕਮਿਊਨਿਟੀ ਹਾਲ ਵਿਖੇ ਆਯੋਜਿਤ ਕੀਤਾ ਗਿਆ।ਇਸ ਦੀ ਪ੍ਰਧਾਨਗੀ ਜਸਵੰਤ ਸਿੰਘ ਸੇਖੋਂ, ਡਾ.ਰਘਬੀਰ ਸਿੰਘ ਸਿਰਜਣਾ, ਜਨਾਬ ਮੁਨੱਵਰ ਅਹਿਮਦ ਅਤੇ ਕੁਲਦੀਪ ਕੌਰ ਘਟੌੜਾ ਨੇ ਕੀਤੀ। ਨਾਮਵਰ ਸਟੇਜ ਸੰਚਾਲਕ ਜਸਵੰਤ ਰਾਏ ਸ਼ਰਮਾ ਨੇ ਆਏ ਮਹਿਮਾਨਾਂ, ਡਾ. ਰਘਬੀਰ ਸਿੰਘ ਸਿਰਜਣਾ, ਸੁਖਵੰਤ ਹੁੰਦਲ, ਹਰਪ੍ਰੀਤ ਸੇਖਾ, ਮੀਡੀਆ ਕਰਮੀਆਂ ਅਤੇ ਸਮੂਹ ਸਾਹਿਤ-ਪ੍ਰੇਮੀਆਂ ਦਾ ਦਿਲਚਸਪ ਕਾਵਿ-ਟੋਟਕਿਆਂ ਰਾਹੀਂ ਭੂਮਿਕਾ ਬੰਨ੍ਹ ਕੇ ਸਵਾਗਤ ਕੀਤਾ। ਅਗਲੀ ਕਾਰਵਾਈ ਸਕੱਤਰ ਦਰਸ਼ਨ ਬਰਾੜ ਅਤੇ ਬਲਜਿੰਦਰ ਕੌਰ ਮਾਂਗਟ ਨੇ ਚਲਾਉਦਿਆ ਹਰਮਿੰਦਰਪਾਲ ਸਿੰਘ ਨੂੰ ਸ਼ਬਦ-ਗਾਇਨ ਕਰਨ ਵਾਸਤੇ ਅਪੀਲ ਕੀਤੀ| ਉਪਰੰਤ ਸਭਾ ਦੇ ਪ੍ਰਧਾਨ ਜਸਵੰਤ ਸਿੰਘ ਸੇਖੋਂ ਨੇ ਸਭਾ ਦੇ ਪਿਛੋਕੜ,ਕਾਰਜ ਖੇਤਰ, ਉਦੇਸ਼ਾਂ ਅਤੇ ਪ੍ਰਾਪਤੀਆਂ ਬਾਰੇ ਸੰਖੇਪ ਰਿਪੋਰਟ ਪੇਸ਼ ਕੀਤੀ। ਜਗਦੇਵ ਸਿੱਧੂ ਨੇ ਸਨਮਾਨਿਤ ਕੀਤੇ ਜਾਣ ਵਾਲੇ ਮੁੱਖ ਮਹਿਮਾਨ, ਡਾ. ਰਘਬੀਰ ਸਿੰਘ ਸਿਰਜਣਾ ਬਾਰੇ ਬੋਲਦਿਆਂ ਉਨ੍ਹਾਂ ਦੇ ਜੀਵਨ, ਯੋਗਤਾਵਾਂ, ਕਾਰਜ ਖੇਤਰਾਂ, ਅਹੁਦਿਆਂ, ਜ਼ਿੰਮੇਵਾਰੀਆਂ ਅਤੇ ਪ੍ਰਾਪਤੀਆਂ ਉਪਰ ਪੰਛੀ-ਝਾਤ ਪੁਆਈ। ਉਨਾਂ ਕਿਹਾ ਕਿ ਡਾ.ਰਘਬੀਰ ਸਿੰਘ ਕਈ ਪੁਸਤਕਾਂ ਦੇ ਲੇਖਕ,ਅਨੁਵਾਦਕ, ਸੰਪਾਦਕ, ਚਿੰਤਕ, ਆਲੋਚਕ ਤੋਂ ਇਲਾਵਾ ਪੰਜ ਦਰਜਨ ਖੋਜ-ਪੱਤਰਾਂ, ਅਨੇਕਾਂ ਕਿਤਾਬਾਂ ਦੇ ਮੁੱਖ ਬੰਦ ਅਤੇ ਕੋਈ 150 ਪੁਸਤਕਾਂ ਦੀਆਂ ਸਮੀਖਿਆਵਾਂ ਲਿਖਣ ਵਾਲੇ ਸਾਹਿਤ-ਸੂਰਮੇ ਹਨ। ਉਨ੍ਹਾਂ ਨੂੰ ਮਿਲੇ ਪੁਰਸਕਾਰਾਂ ਤੇ ਸਨਮਾਨਾਂ ਦੀ ਸੂਚੀ ਬਹੁਤ ਲੰਮੀ ਹੈ। ਇਸ ਸਮੇਂ ਡਾ. ਰਘਬੀਰ ਸਿੰਘ ਨੇ ਪੁਰਸਕਾਰ ਸਵੀਕਾਰ ਕਰਦਿਆਂ ਸਭਾ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇਕਬਾਲ ਅਰਪਨ, ਸਭਾ ਦੇ ਬਾਨੀਆਂ ਕੇਸਰ ਸਿੰਘ ਨੀਰ, ਇਕਬਾਲ ਖਾਨ ਅਤੇ ਸਤਨਾਮ ਢਾਅ ਨਾਲ ਲੰਬੇ ਸਮੇਂ ਤੋਂ ਰਹੀ ਗੂੜ੍ਹੀ ਸਾਂਝ ਨੂੰ ਵੀ ਸਾਂਝਾ ਕੀਤਾ। ਉਨ੍ਹਾਂ ਨੇ ਆਪਣੇ ਨਾਲ ਆਏ ਨਾਮਵਰ ਸਾਹਿਤਕਾਰਾਂ ਡਾ. ਸਾਧੂ ਸਿੰਘ ਬਿਨਿੰਗ,ਸੁਖਵੰਤ ਹੁੰਦਲ ਅਤੇ ਕਹਾਣੀਕਾਰ ਹਰਪ੍ਰੀਤ ਸੇਖਾ ਹੋਰਾਂ ਦੇ ਸਾਹਿਤਕ ਖੇਤਰ ਵਿਚ ਪਾਏ ਯੋਗਦਾਨ ਬਾਰੇ ਸਾਂਝ ਪਾਈ। ਸੁਖਵੰਤ ਹੁੰਦਲ ਬਾਰੇ ਦੱਸਿਆ ਕਿ ਸਿਰਜਣਾ ਦੇ ਪੁਰਾਣੇ ਅੰਕ ਆਨ-ਲਾਈਨ ਪਾ ਕੇ ਬਹੁਤ ਹੀ ਮਹੱਤਵ ਪੂਰਨ ਕੰਮ ਕੀਤਾ ਹੈ। ਸਤਨਾਮ ਢਾਅ ਨੇ ਡਾ.ਰਘਬੀਰ ਸਿੰਘ ਦੀਆਂ ਉਪਲਭਦੀਆਂ ਦਾ ਸੰਖੇਪ ਬਿਉਰਾ ਦਿੰਦਿਆਂ ਅਤੇ ਉਨ੍ਹਾਂ ਦੁਆਰਾ ਸਰਕਾਰੀ ਦਮਨਕਾਰੀ ਨੀਤੀਆਂ ਅਤੇ ਮੁਸ਼ਕਲ ਹਾਲਤਾਂ ਵਿੱਚ ਵੀ ਨਿਰਪੱਖ ਪੱਤਰਕਾਰੀ ਉਪਰ ਨਿਡਰਤਾ ਨਾਲ ਪਹਿਰਾ ਦੇਣ ਦੀ ਜੁਰੱਅਤ ਨੂੰ ਸਲਾਹਿਆ। ਉਨ੍ਹਾਂ ਨੇ ‘ਸਿਰਜਣਾ’ ਪਰਚੇ ਦੀ ਪੰਜਾਬੀ ਸਾਹਿਤ ਵਿਚ ਮਹੱਤਤਾ ਦਾ ਜਿਕਰ ਕਰਦਿਆਂ ਆਖਿਆ ਕਿ ਨਿਰਪੱਖ ਅਤੇ ਇਮਾਨਦਾਰੀ ਨਾਲ ਮੁਲਾਂਕਣ ਕਰਕੇ ਸਾਹਿਤ ਕਿਰਤਾਂ ਨੂੰ ਪਾਠਕਾਂ ਤਕ ਪਹੁੰਚਾਣ ਵਿਚ ਬਹੁਤ ਵੱਡਾ ਯੋਗਦਾਨ ਹੈ। ਉੱਘੇ ਲੇਖਕ ਸਾਧੂ ਬਿਨਿੰਗ ਨੇ ਬੀ.ਸੀ.ਵਿਚ ਪੰਜਾਬੀ ਨੂੰ ਦੂਜੀ ਭਾਸ਼ਾ ਵਜੋਂ ਪੜ੍ਹਾਏ ਜਾਣ ਦੀ ਮਾਨਤਾ ਬਾਰੇ ਦੱਸਿਆ। ਪੰਜਾਬੀ ਦੇ ਪਰਸਾਰ ਲਈ ਹੋਰ ਯਤਨ ਕਰਨ ਦੀ ਲੋੜ ਜਤਾਈ।ਉਨ੍ਹਾਂ ਨੇ ਪੰਜਾਬੀ ਮਾਪਿਆਂ ਦੀ ਪਰਮਵੀਰ ਬਾਠ ਨੇ ਕਿਹਾ ਕਿ ਸਾਨੂੰ ਆਪਣੇ ਰੁਝੇਵਿਆਂ ਅਤੇ ਸਰੋਕਾਰਾਂ ਵਿੱਚੋਂ ਰਤਾ ਬਾਹਰ ਆ ਕੇ ਆਪਣੀ ਬੋਲੀ ਅਤੇ ਆਪਣੇ ਸਭਿਆਚਾਰ ਨੂੰ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਐਡਮਿੰਟਨ ਤੋਂ ਜਸਬੀਰ ਦਿਉਲ ਨੇ ਵੀ ਸਮਾਗਮ ਵਿਚ ਹਾਜ਼ਰੀ ਲਗਵਾਈ।ਇਸ ਸਮੇਂ ਜਨਾਬ ਮੁਨੱਵਰ ਅਹਿਮਦ, ਜਰਨੈਲ ਤੱਗੜ, ਸੋਹਣ ਸਿੰਘ ਭੁੱਚੋ, ਚਰਨਦੀਪ ਕੌਰ ਅਤੇ ਸਤਿੰਦਰ ਕੌਰ, ਸੁਰਿੰਦਰ ਗੀਤ, ਸੁਖਮੰਦਰ ਗਿੱਲ, ਡਾ. ਜੋਗਾ ਸਿੰਘ ਸਹੋਤਾ, ਡਾ. ਮਨਮੋਹਨ ਬਾਠ ਅਤੇ ਭੂਪਿੰਦਰ ਸਿੰਘ ਭਾਗੋਮਾਜਰਾ ਨੇ ਵੀ ਆਪਣੀ ਹਾਜ਼ਰੀ ਲਗਵਾਈ| ਬੱਚਿਆਂ ਦੀਆਂ ਪੇਸ਼ਕਾਰੀਆਂ ਵਿਚ ਸੋਨਮ, ਜਸਮੀਨ, ਮਾਹੀ, ਪ੍ਰਭਨੂਰ ਸਿੰਘ, ਇਸ਼ਟਪ੍ਰੀਤ ਸਿੰਘ, ਸੰਜਮਪ੍ਰੀਤ ਸਿੰਘ ਅਤੇ ਅਮਰੀਨ ਕੌਰ ਨੇ ਕਵਿਤਾ ਪਾਠ ਅਤੇ ਕੋਰੀਉਗ੍ਰਾਫ਼ੀ ਦੇ ਹੁਨਰ ਨਾਲ ਦਰਸ਼ਕਾਂ ‘ਤੇ ਚੰਗਾ ਅਸਰ ਛੱਡਿਆ। ਅਖੀਰ ਵਿਚ ਇਸ ਯਾਦਗਾਰੀ ਸਮਾਗਮ ਦੀ ਸਫਲਤਾ ਲਈ ਆਏ ਸਾਹਿਤ ਪ੍ਰੇਮੀਆਂ, ਆਪਣੇ ਟੀਮ ਮੈਂਬਰਾਂ, ਪੰਜਾਬੀ ਮੀਡੀਆ ਅਤੇ ਸਹਿਯੋਗੀਆ ਦਾ ਜਸਵੰਤ ਸਿੰਘ ਸੇਖੋਂ ਨੇ ਧੰਨਵਾਦ ਕੀਤਾ।
ਪਿਛਲੀ ਖ਼ਬਰ ਸਾਰਾਟੋਗਾ ਹਾਰਨੈੱਸ ਟਰੈਕ ਦੇ ਅਸਤਬਲ ਵਿੱਚ ਭਿਆਨਕ ਅੱਗ, 17 ਘੋੜਿਆਂ ਦੀ ਮੌਤ ਅਗਲੀ ਖ਼ਬਰ 8 ਸਾਲ ਪੁਰਾਣੇ ਕਤਲ ਮਾਮਲੇ ਵਿੱਚ ਦੋਸ਼ੀ ‘ਤੇ ਪਹਿਲੇ ਦਰਜੇ ਦੇ ਕਤਲ ਦਾ ਦੋਸ਼ ਆਇਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।