25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਵਿਦਿਆਰਥੀਆਂ ਨੂੰ ਨਕਲ ਕਰਵਾ ਕੇ ਲੱਖਾਂ ਪੌਂਡ ਕਮਾਉਣ ਵਾਲੇ ਨੂੰ ਤਿੰਨ ਸਾਲ ਕੈਦ

ਅਜੀਤ ਡੈਸਕ 18-06-2026
ਲੈਸਟਰ (ਇੰਗਲੈਂਡ), 17 ਜੂਨ (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਦੇ ਲਿਵਰਪੂਲ ਵਾਸੀ 43 ਸਾਲਾ ਸ਼ਾਹਿਦ ਅਦਨਾਨ ਨੂੰ ਵਿਦਿਆਰਥੀਆਂ ਦੀ ਥਾਂ ਇਮਤਿਹਾਨ ਅਤੇ ਕੋਰਸਵਰਕ ਕਰਕੇ ਉਨ੍ਹਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਪਾਸ ਕਰਵਾਉਣ ਦੇ ਮਾਮਲੇ ਵਿੱਚ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਵਿੱਚ ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਅਦਨਾਨ ਨੇ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਦੇ 100 ਤੋਂ ਵੱਧ ਵਿਦਿਆਰਥੀਆਂ ਲਈ ਅਸਾਈਨਮੈਂਟਾਂ, ਕੋਰਸਵਰਕ ਅਤੇ ਆਨਲਾਈਨ ਪ੍ਰੀਖਿਆਵਾਂ ਦੇ ਕੇ ਵੱਡੀ ਰਕਮ ਹਾਸਲ ਕੀਤੀ। ਜਾਂਚ ਦੌਰਾਨ ਪੁਲਿਸ ਨੂੰ ਉਸ ਦੇ ਬੈਂਕ ਅਤੇ ਕਾਰੋਬਾਰੀ ਖਾਤਿਆਂ ਵਿੱਚ 24 ਲੱਖ ਪੌਂਡ ਤੋਂ ਵੱਧ ਦੀ ਰਕਮ ਮਿਲੀ। ਹਾਲਾਂਕਿ ਸਜ਼ਾ ਨਿਰਧਾਰਤ ਕਰਨ ਲਈ ਅਦਾਲਤ ਨੇ ਉਸ ਦੇ ਅਪਰਾਧ ਤੋਂ ਹੋਈ ਕਮਾਈ 3 ਲੱਖ ਪੌਂਡ ਮੰਨੀ। ਅਦਨਾਨ ਨੇ ਧੋਖਾਧੜੀ, ਕੰਪਿਊਟਰ ਪ੍ਰਣਾਲੀ ਦੀ ਗੈਰ-ਅਧਿਕਾਰਤ ਵਰਤੋਂ ਅਤੇ ਅਪਰਾਧਿਕ ਕਮਾਈ ਨੂੰ ਲੁਕਾਉਣ ਨਾਲ ਸਬੰਧਤ ਦੋਸ਼ ਕਬੂਲ ਕਰ ਲਏ ਸਨ। ਇਹ ਮਾਮਲਾ ਉਸ ਵੇਲੇ ਬੇਨਕਾਬ ਹੋਇਆ ਜਦੋਂ ਲਿਵਰਪੂਲ ਜੌਨ ਮੂਰਜ਼ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਵੱਲੋਂ ਜਮ੍ਹਾਂ ਕਰਵਾਏ ਗਏ ਕੋਰਸਵਰਕ ਦੀ ਜਾਂਚ ਦੌਰਾਨ ਅਦਨਾਨ ਦੀ ਕੰਪਨੀ ਨਾਲ ਜੁੜੇ ਡਿਜ਼ੀਟਲ ਸਬੂਤ ਮਿਲੇ। ਇਸ ਤੋਂ ਬਾਅਦ ਪੁਲਿਸ ਨੇ ਉਸ ਦੇ ਘਰ ‘ਤੇ ਛਾਪਾ ਮਾਰ ਕੇ ਵੱਡੀ ਮਾਤਰਾ ਵਿੱਚ ਨਕਦੀ ਅਤੇ ਹੋਰ ਸਬੂਤ ਬਰਾਮਦ ਕੀਤੇ। ਸਜ਼ਾ ਸੁਣਾਉਂਦਿਆਂ ਜੱਜ ਨੇ ਕਿਹਾ ਕਿ ਦੋਸ਼ੀ ਇੱਕ ਉੱਚ-ਸਿੱਖਿਆ ਪ੍ਰਾਪਤ ਵਿਅਕਤੀ ਹੋਣ ਦੇ ਬਾਵਜੂਦ ਗਲਤ ਰਾਹ ‘ਤੇ ਚੱਲ ਪਿਆ ਅਤੇ ਉਸ ਦੀਆਂ ਹਰਕਤਾਂ ਨੇ ਉੱਚ ਸਿੱਖਿਆ ਪ੍ਰਣਾਲੀ ਵਿੱਚ ਲੋਕਾਂ ਦੇ ਭਰੋਸੇ ਨੂੰ ਠੇਸ ਪਹੁੰਚਾਈ ਹੈ। ਪੁਲਿਸ ਨੇ ਕਿਹਾ ਕਿ ਅਜਿਹੇ ਅਪਰਾਧਾਂ ਨੂੰ ਰੋਕਣਾ ਜ਼ਰੂਰੀ ਹੈ ਕਿਉਂਕਿ ਇਸ ਨਾਲ ਅਯੋਗ ਲੋਕਾਂ ਨੂੰ ਡਿਗਰੀਆਂ ਅਤੇ ਪੇਸ਼ੇਵਰ ਯੋਗਤਾਵਾਂ ਮਿਲ ਸਕਦੀਆਂ ਹਨ।
ਪਿਛਲੀ ਖ਼ਬਰ ਯੂ.ਕੇ. ਵਿਚ ਗਰੂਮਿੰਗ ਗੈਂਗ ਰਿਪੋਰਟ ਵਿਚ ਪਾਕਿਸਤਾਨੀ ਮੂਲ ਦੇ ਗੈਂਗਾਂ ਦਾ ਖੁਲਾਸਾ- ਦੋਸ਼ੀਆਂ ਦੀ ਨਾਗਰਿਕਤਾ ਰੱਦ ਕਰਨ ਦ... ਅਗਲੀ ਖ਼ਬਰ 60 ਸਾਲਾਂ ਦੇ ਇੰਤਜ਼ਾਰ ਮਗਰੋਂ ਖੁੱਲ੍ਹਿਆ ‘ਗਵਾਸਾਲਾ-ਨਾਕਵਾਕਸਦਾ ਐਕਸਵ’ ਭਾਈਚਾਰੇ ਦਾ ਬਿਗ ਹਾਊਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।