25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਯੂ.ਕੇ. ਵਿਚ ਗਰੂਮਿੰਗ ਗੈਂਗ ਰਿਪੋਰਟ ਵਿਚ ਪਾਕਿਸਤਾਨੀ ਮੂਲ ਦੇ ਗੈਂਗਾਂ ਦਾ ਖੁਲਾਸਾ- ਦੋਸ਼ੀਆਂ ਦੀ ਨਾਗਰਿਕਤਾ ਰੱਦ ਕਰਨ ਦੀ ਮੰਗ, ਰਿਪੋਰਟ ਵਿੱਚ ਸਿੱਖ ਭਾਈਚਾਰੇ ਵੱਲੋਂ ਗਰੂਮਿੰਗ ਗੈਂਗਾਂ ਦਾ ਮੁਕਾਬਲਾ ਕਰਨ ਦਾ ਵਿਸ਼ੇਸ਼ ਜ਼ਿਕਰ

ਅਜੀਤ ਡੈਸਕ 18-06-2026
ਲੰਡਨ, 17 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਵਿਚ ‘ਰੇਪ ਗੈਂਗਸ’ (ਗਰੂਮਿੰਗ ਗੈਂਗਸ) ਦੇ ਮੁੱਦੇ ‘ਤੇ ਸਾਹਮਣੇ ਆਈ ਨਵੀਂ ਜਾਂਚ ਰਿਪੋਰਟ ਵਿੱਚ ਇਹਨਾਂ ਨੈੱਟਵਰਕਾਂ ਦੇ ਕੰਮ ਕਰਨ ਦੇ ਤਰੀਕੇ, ਸੱਭਿਆਚਾਰਕ ਪੱਖਾਂ ਅਤੇ ਵੱਖ-ਵੱਖ ਭਾਈਚਾਰਿਆਂ ‘ਤੇ ਪਏ ਪ੍ਰਭਾਵਾਂ ਬਾਰੇ ਕਈ ਵੱਡੇ ਅਤੇ ਸਨਸਨੀਖੇਜ਼ ਖੁਲਾਸੇ ਕੀਤੇ ਗਏ ਹਨ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਵਿਆਪੀ ਪੱਧਰ ‘ਤੇ ਇਹਨਾਂ ਗੈਂਗਾਂ ਦਾ ਮੁੱਖ ਹਿੱਸਾ ਪਾਕਿਸਤਾਨੀ ਮੁਸਲਿਮ ਅਤੇ ਹੋਰ ਮੁਸਲਿਮ ਪਿਛੋਕੜ ਵਾਲੇ ਦੋਸ਼ੀ ਸਨ। ਇਹ ਜਾਂਚ ਰਿਪੋਰਟ ਲਗਭਗ 8 ਲੱਖ ਪੌਂਡ ਦੇ ਖ਼ਰਚੇ ਨਾਲ ਤਿਆਰ ਕੀਤੀ ਗਈ ਹੈ। ਇਹ ਰੀਸਟੋਰ ਪਾਰਟੀ ਦੇ ਨੇਤਾ ਅਤੇ ਐਮ ਪੀ ਰੂਪਰਟ ਲੋਅ ਦਾ ਇੱਕ ਪ੍ਰੋਜੈਕਟ ਹੈ। ਰਿਪੋਰਟ ਮੁਤਾਬਕ, ਇਹਨਾਂ ਗੈਂਗਾਂ ਵੱਲੋਂ ਨਾਬਾਲਗ ਕੁੜੀਆਂ ਨੂੰ ਨਿਸ਼ਾਨਾ ਬਣਾਉਣ ਲਈ ਪਹਿਲਾਂ ਉਹਨਾਂ ਨੂੰ ਤੋਹਫ਼ੇ, ਸ਼ਰਾਬ ਅਤੇ ਨਸ਼ੀਲੇ ਪਦਾਰਥ ਦਿੱਤੇ ਜਾਂਦੇ ਸਨ। ਇਸ ਤੋਂ ਬਾਅਦ ਇਹ ਸਿਲਸਿਲਾ ਡਰਾਉਣ-ਧਮਕਾਉਣ, ਸਮੂਹਿਕ ਬਲਾਤਕਾਰ (ਗੈਂਗ ਰੇਪ) ਅਤੇ ਮਨੁੱਖੀ ਤਸਕਰੀ (ਟ੍ਰੈਫਿਕਿੰਗ) ਤੱਕ ਪਹੁੰਚ ਜਾਂਦਾ ਸੀ, ਜਿੱਥੇ ਪੀੜਤਾਂ ਨੂੰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਲਿਜਾਇਆ ਜਾਂਦਾ ਸੀ ਅਤੇ ਦੋਸਤਾਂ-ਮਿੱਤਰਾਂ ਵਿੱਚ ਵੰਡਿਆ ਜਾਂਦਾ ਸੀ। ਕੁਝ ਮਾਮਲਿਆਂ ਵਿੱਚ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਕੇ ਨਿਕਾਹ ਪੜ੍ਹਾਉਣ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਹਨ। ਨਵੀਂ ਰਿਪੋਰਟ ਵਿੱਚ ਬ੍ਰਿਟਿਸ਼ ਸਿੱਖ ਭਾਈਚਾਰੇ ਦੇ ਤਜ਼ਰਬਿਆਂ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਗਿਆ ਹੈ। ਇਸ ਜਾਂਚ ਦੌਰਾਨ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਵੀ ਸਲਾਹ-ਮਸ਼ਵਰਾ ਕੀਤਾ ਗਿਆ ਸੀ। ਇਸ ਰਿਪੋਰਟ ਵਿੱਚ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਗਿਆ ਹੈ ਕਿ ਇਹਨਾਂ ਨੈੱਟਵਰਕਾਂ ਵੱਲੋਂ ਸਿੱਖ ਕੁੜੀਆਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਸਿੱਖ ਭਾਈਚਾਰੇ ਨੇ ਇਕਜੁੱਟ ਹੋ ਕੇ ਸਮੂਹਿਕ ਤੌਰ ‘ਤੇ ਸਿੱਖ ਨੌਜਵਾਨਾਂ ਨੂੰ ਲਾਮਬੰਦ ਕੀਤਾ ਅਤੇ ਇਹਨਾਂ ਗੈਂਗਾਂ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ। ਪਰ ਬਰਤਾਨਵੀ ਗੋਰੀਆਂ ਕੁੜੀਆਂ ਨੂੰ ਪ੍ਰਸ਼ਾਸਨ ਜਾਂ ਸਮਾਜ ਵੱਲੋਂ ਅਜਿਹਾ ਕੋਈ ਬਚਾਅ ਹਾਸਲ ਨਹੀਂ ਹੋ ਸਕਿਆ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਦੋਸ਼ੀ ਇੱਕ ਖਾਸ ‘ਇੱਜ਼ਤ ਅਤੇ ਸ਼ਰਮ’ ਦੇ ਕੋਡ ਤਹਿਤ ਕੰਮ ਕਰਦੇ ਸਨ। ਉਹ ਗੈਰ-ਮੁਸਲਿਮ ਕੁੜੀਆਂ, ਖਾਸ ਕਰਕੇ ਸਧਾਰਨ ਗੋਰੇ ਪਰਿਵਾਰਾਂ ਦੀਆਂ ਧੀਆਂ ਨੂੰ ਨਿਸ਼ਾਨਾ ਬਣਾਉਂਦੇ ਸਨ ਜਿਨ੍ਹਾਂ ਦਾ ਕੋਈ ਮਰਦ ਰੱਖਿਅਕ ਨਹੀਂ ਸੀ। ਐਮ ਪੀ ਰੂਪਰਟ ਲੋਅ ਇਸ ਰਿਪੋਰਟ ਦੀਆਂ ਮੁੱਖ ਸਿਫ਼ਾਰਸ਼ਾਂ ਵਿੱਚ ਦੋਸ਼ੀਆਂ ਦੀ ਯੂ ਕੇ ਦੀ ਨਾਗਰਿਕਤਾ ਰੱਦ ਕਰਨ ਦੇ ਸੁਝਾਅ ਦਿੱਤੇ ਹਨ। ਰੂਪਰਟ ਲੋਅ ਦੀ ਇਹ ਜਾਂਚ ਰਿਪੋਰਟ ਲੇਬਰ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਅੰਦਰੂਨੀ ਆਡਿਟ ਜਾਂਚਾਂ ਤੋਂ ਬਿਲਕੁਲ ਵੱਖਰੀ ਹੈ, ਜੋ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਦਾ ਖੁਲਾਸਾ ਕਰਦੀ ਹੈ। ਇਸ ਦੇ ਨਾਲ ਹੀ, ਰਾਸ਼ਟਰੀ ਪੱਧਰ ਦੇ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਲਈ ‘ਨੈਸ਼ਨਲ ਸਿੱਖ ਇਨਕੁਆਰੀ’ ਵੱਲੋਂ ਵੀ ਸਿੱਖਾਂ ਨੂੰ ਇਸ ਮੁੱਦੇ ‘ਤੇ ਆਪਣੇ ਬਿਆਨ ਅਤੇ ਸਬੂਤ ਸੌਂਪਣ ਦੀ ਅਪੀਲ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਬਰਤਾਨੀਆ-ਫਰਾਂਸ ਦੀਆਂ ਸਖ਼ਤੀਆਂ ਦੇ ਬਾਵਜੂਦ ਇਕੋ ਦਿਨ ਚ 710 ਪ੍ਰਵਾਸੀ ਗੈਰ ਕਾਨੂੰਨੀ ਤਰੀਕੇ ਨਾਲ ਚੈਨਲ ਰਾਹੀ ਬਰਤਾਨੀਆ ਪ... ਅਗਲੀ ਖ਼ਬਰ ਵਿਦਿਆਰਥੀਆਂ ਨੂੰ ਨਕਲ ਕਰਵਾ ਕੇ ਲੱਖਾਂ ਪੌਂਡ ਕਮਾਉਣ ਵਾਲੇ ਨੂੰ ਤਿੰਨ ਸਾਲ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।