ਹਮਾਸ ਲਈ ਫੰਡ ਇਕੱਠੇ ਕਰਨ ਦੇ ਦੋਸ਼ , ਅਮਰੀਕਾ ਤੇ ਫਰਾਂਸ ਵਿਚ 6 ਗ੍ਰਿਫ਼ਤਾਰ
ਨਿਊਯਾਰਕ, 3 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਹਮਾਸ ਲਈ ਪੈਸਾ ਇਕੱਠਾ ਕਰਨ ਅਤੇ ਪਹੁੰਚਾਉਣ ਦੇ ਦੋਸ਼ਾਂ ਹੇਠ ਇਕ ਅੰਤਰਰਾਸ਼ਟਰੀ ਨੈੱਟਵਰਕ ਖ਼ਿਲਾਫ਼ ਅਮਰੀਕਾ ਅਤੇ ਫਰਾਂਸ ਵਿਚ ਸਾਂਝੀ ਕਾਰਵਾਈ ਕੀਤੀ ਗਈ ਹੈ। ਅਮਰੀਕਾ ਵਿਚ ਓਮਰ ਅਧਾਮੀ, ਅਬਦੈਲ ਅਧਾਮੀ ਅਤੇ ਰਾਏਦ ਯੂਸਫ਼ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਫਰਾਂਸ ਵਿਚ ਤਿੰਨ ਹੋਰ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਨਿਊਯਾਰਕ, 3 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਹਮਾਸ ਲਈ ਪੈਸਾ ਇਕੱਠਾ ਕਰਨ ਅਤੇ ਪਹੁੰਚਾਉਣ ਦੇ ਦੋਸ਼ਾਂ ਹੇਠ ਇਕ ਅੰਤਰਰਾਸ਼ਟਰੀ ਨੈੱਟਵਰਕ ਖ਼ਿਲਾਫ਼ ਅਮਰੀਕਾ ਅਤੇ ਫਰਾਂਸ ਵਿਚ ਸਾਂਝੀ ਕਾਰਵਾਈ ਕੀਤੀ ਗਈ ਹੈ। ਅਮਰੀਕਾ ਵਿਚ ਓਮਰ ਅਧਾਮੀ, ਅਬਦੈਲ ਅਧਾਮੀ ਅਤੇ ਰਾਏਦ ਯੂਸਫ਼ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਫਰਾਂਸ ਵਿਚ ਤਿੰਨ ਹੋਰ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਗਾਜ਼ਾ ਦੇ 45 ਸਾਲਾ ਸਲੀਮ ਅਲਜ਼ਾਕ ਖ਼ਿਲਾਫ਼ ਵੀ ਅਮਰੀਕਾ ਵਿਚ ਦੋਸ਼ ਤੈਅ ਕੀਤੇ ਗਏ ਹਨ।ਅਮਰੀਕੀ ਨਿਆਂ ਵਿਭਾਗ ਮੁਤਾਬਕ ਅਲਜ਼ਾਕ ਨੇ 2020 ਤੋਂ ਸੋਸ਼ਲ ਮੀਡੀਆ ਰਾਹੀਂ ਗਾਜ਼ਾ ਦੇ ਲੋਕਾਂ ਲਈ ਮਨੁੱਖੀ ਸਹਾਇਤਾ ਦੇ ਨਾਂਅ ’ਤੇ ਚੰਦਾ ਇਕੱਠਾ ਕੀਤਾ। ਸਰਕਾਰੀ ਵਕੀਲਾਂ ਦਾ ਦੋਸ਼ ਹੈ ਕਿ ਇਸ ਤਰੀਕੇ ਨਾਲ 17 ਲੱਖ ਡਾਲਰ ਤੋਂ ਵੱਧ ਇਕੱਠੇ ਕੀਤੇ ਗਏ ਅਤੇ ਇਸ ਰਕਮ ਦਾ ਹਿੱਸਾ ਹਮਾਸ ਲਈ ਵਰਤਿਆ ਗਿਆ। ਅਮਰੀਕਾ ਨੇ ਹਮਾਸ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਵਜੋਂ ਦਰਜ ਕੀਤਾ ਹੋਇਆ ਹੈ।ਅਧਿਕਾਰੀਆਂ ਦਾ ਦਾਅਵਾ ਹੈ ਕਿ ਲੂਜ਼ੀਆਨਾ ਦੇ 35 ਸਾਲਾ ਅਬਦੈਲ ਅਧਾਮੀ ਨੇ ਲਗਭਗ 94,000 ਡਾਲਰ ਅਤੇ 33 ਸਾਲਾ ਓਮਰ ਅਧਾਮੀ ਨੇ ਕਰੀਬ 11,000 ਡਾਲਰ ਇਸ ਨੈੱਟਵਰਕ ਨੂੰ ਦਿੱਤੇ। ਫਲੋਰੀਡਾ ਦੇ 56 ਸਾਲਾ ਰਾਏਦ ਯੂਸਫ਼ ’ਤੇ ਵੀ ਲਗਭਗ 50,000 ਹਜ਼ਾਰ ਡਾਲਰ ਦੇਣ ਦਾ ਦੋਸ਼ ਹੈ। ਜਾਂਚ ਮੁਤਾਬਕ ਪੈਸੇ ਭੇਜਣ ਲਈ ਵਾਇਰ ਟ੍ਰਾਂਸਫਰ ਅਤੇ ਵਿਚੋਲਿਆਂ ਸਮੇਤ ਵੱਖ-ਵੱਖ ਤਰੀਕੇ ਵਰਤੇ ਗਏ।ਨਿਆਂ ਵਿਭਾਗ ਦਾ ਕਹਿਣਾ ਹੈ ਕਿ ਅਲਜ਼ਾਕ ਹਮਾਸ ਦੇ ਹਥਿਆਰਬੰਦ ਵਿੰਗ ਅਲ-ਕੱਸਾਮ ਬ੍ਰਿਗੇਡਜ਼ ਨਾਲ ਜੁੜਿਆ ਹੋਇਆ ਹੈ। ਉਸ ਖ਼ਿਲਾਫ਼ ਹਮਾਸ ਨੂੰ ਮਦਦ ਦੇਣ ਦੀ ਸਾਜ਼ਿਸ਼, ਮਨੀ ਲਾਂਡਰਿੰਗ ਅਤੇ ਹੋਰ ਫੈਡਰਲ ਕਾਨੂੰਨਾਂ ਦੀ ਉਲੰਘਣਾ ਨਾਲ ਸਬੰਧਤ ਦੋਸ਼ ਲਗਾਏ ਗਏ ਹਨ। ਇਨ੍ਹਾਂ ਵਿੱਚੋਂ ਕਈ ਦੋਸ਼ਾਂ ਲਈ ਵੱਧ ਤੋਂ ਵੱਧ 20 ਸਾਲ ਦੀ ਕੈਦ ਹੋ ਸਕਦੀ ਹੈ।ਇਸੇ ਜਾਂਚ ਤਹਿਤ ਫਰਾਂਸ ਵਿੱਚ ਫੌਜ਼ੀ ਬਰੀਕਾ, ਅਮੇਲ ਓਆਲਿਦ ਅਤੇ ਨੋਰਦੀਨ ਬਰੀਕਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਇਹ ਕਾਰਵਾਈ ਕਈ ਦੇਸ਼ਾਂ ਤੱਕ ਫੈਲੇ ਕਥਿਤ ਫੰਡਿੰਗ ਨੈੱਟਵਰਕ ਦੀ ਜਾਂਚ ਦਾ ਨਤੀਜਾ ਹੈ।ਅਮਰੀਕਾ ਵਿਚ ਲਗਾਏ ਗਏ ਦੋਸ਼ ਫਿਲਹਾਲ ਇਲਜ਼ਾਮ ਹਨ ਅਤੇ ਅਦਾਲਤ ਵਿਚ ਦੋਸ਼ ਸਾਬਤ ਹੋਣ ਤੱਕ ਮੁਲਜ਼ਮਾਂ ਨੂੰ ਬੇਕਸੂਰ ਮੰਨਿਆ ਜਾਵੇਗਾ।