ਪੰਜਾਬ ਕਰੇਗਾ ਕੌਮੀ ਫੁੱਟਬਾਲ ਚੈਂਪੀਅਨਸ਼ਿਪ ਦੀ ਮੇਜ਼ਬਾਨੀ-ਮੁੱਖ ਮੰਤਰੀ
ਚੰਡੀਗੜ੍ਹ, 16 ਨਵੰਬਰ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਤੇਜੀ ਨਾਲ ਪ੍ਰਮੁੱਖ ਖੇਡ ਕੇਂਦਰ ਵਜੋਂ ਉੱਭਰ ਰਿਹਾ ਹੈ ਤੇ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੇ ਸਫ਼ਲ ਪ੍ਰਬੰਧਨ ਤੋਂ ਬਾਅਦ ਹੁਣ ਸੂਬਾ ਕੌਮੀ ਪੱਧਰ ਦੀ ਫੁੱਟਬਾਲ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ| ਇਹ ਮੈਚ ਸਰਾਭਾ, ਮਾਹਿਲਪੁਰ, ਹੁਸ਼ਿਆਰਪੁਰ ਤੇ ਹੋਰ ਥਾਵਾਂ ’ਤੇ ਖੇਡੇ ਜਾਣ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਟੂਰਨਾਮੈਂਟ ਨਾਲ ਦੇਸ਼ ਭਰ ਦੇ ਚੋਟੀ ਦੇ ਖਿਡਾਰੀ ਪੰਜਾਬ ਆਉਣਗੇ ਤੇ ਨਾਲ ਹੀ ਖੇਡਾਂ ਦੇ ਬੁਨਿਆਦੀ ਢਾਂਚੇ ਦੇ ਸੁਧਾਰ ’ਚ ਵੀ ਤੇਜੀ ਆਵੇਗੀ| ਉਨ੍ਹਾਂ ਨੇ ਸਰਾਭਾ ਸਪੋਰਟਸ ਕਲੱਬ ਲਈ 51 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ ਤੇ ਕਿਹਾ ਕਿ 26 ਜਨਵਰੀ ਨੂੰ ਦਿੱਲੀ ਵਿਖੇ ਹੋਣ ਵਾਲੀ ਗਣਤੰਤਰ ਦਿਵਸ ਪਰੇਡ ’ਚ ਇਕ ਝਾਕੀ ਰਾਹੀਂ ਪੰਜਾਬ ਦੀਆਂ ਰਵਾਇਤੀ ਬੈਲ ਗੱਡੀਆਂ ਦੀਆਂ ਖੇਡਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ|ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਹਾਲ ਹੀ ’ਚ ਹਾਕੀ ਟੂਰਨਾਮੈਂਟ ਕਰਵਾਇਆ, ਜੋ ਸਫਲ ਰਿਹਾ| ਪੰਜਾਬ ਨੂੰ ਫੁੱਟਬਾਲ ਟੂਰਨਾਮੈਂਟ ਕਰਵਾਉਣ ਦੀਆਂ ਪੇਸ਼ਕਸ਼ਾਂ ਵੀ ਮਿਲ ਰਹੀਆਂ ਹਨ| ਆਉਣ ਵਾਲੇ ਦਿਨਾਂ ’ਚ ਅਸੀਂ ਪੰਜਾਬ ਵਿਚ ਕੌਮੀ ਪੱਧਰ ਦਾ ਫੁੱਟਬਾਲ ਟੂਰਨਾਮੈਂਟ ਕਰਵਾਵਾਂਗੇ। ਉਨ੍ਹਾਂ ਅੱਗੇ ਕਿਹਾ ਕਿ ਸ਼ਹੀਦੀ ਦਿਵਸ ਸਮਾਗਮਾਂ ਦੌਰਾਨ ਕਰਵਾਏ ਜਾਂਦੇ ਫੁੱਟਬਾਲ ਤੇ ਕਬੱਡੀ ਮੁਕਾਬਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਕ੍ਰਾਂਤੀਕਾਰੀ ਸੋਚ ਨੂੰ ਸੱਚੀ ਸ਼ਰਧਾਂਜਲੀ ਹਨ|