ਨੈਤਿਕ ਫਰਜ਼
ਹਰ ਰੋਜ਼ ਔਰਤਾਂ, ਬੱਚੀਆਂ ਅਤੇ ਲੜਕੀਆਂ ਨਾਲ ਵਾਪਰ ਰਹੀਆਂ ਘਿਨਾਉਣੀ ਵਾਰਦਾਤਾਂ ਕਾਰਨ ਸਾਡੇ ਸਮਾਜ ਕਿਸ ਦਿਸ਼ਾ ਵੱਲ ਜਾ ਰਿਹਾ ਹੈ ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ | ਅਜਿਹੀਆਂ ਘਿਨਾਉਣੀਆਂ ਘਟਨਾਵਾਂ ਦੀ ਜਿੰਨੀ ਵੀ ਨਿੰਦਾ ਕਰੋ, ਘੱਟ ਹੈ | ਇਥੇ ਵਰਣਨਯੋਗ ਹੈ ਕਿ ਇਹ ਬਲਾਤਕਾਰੀ ਵੀ ਇਕ ਪਰਿਵਾਰ ਦੇ ਹੀ ਮੈਂਬਰ ਹੁੰਦੇ ਹਨ | ਉਨ੍ਹਾਂ ਦੀ ਵੀ ਮਾਵਾਂ ਅੇਤ ਭੈਣਾਂ ਹੁੰਦੀਆਂ ਹਨ | ਮਾਪੇ ਆਪਣੇ ਬੱਚਿਆਂ ਦੀਆਂ ਆਦਤਾਂ ਤੋਂ ਪੂਰੀ ਤਰ੍ਹਾਂ ਜਾਣੂ ਹੁੰਦੇ ਹਨ | ਇਸ ਲਈ ਮਾਂ-ਬਾਪ ਵਲੋਂ ਆਪਣੇ ਬੱਚਿਆਂ ਦੇ ਮਾੜੇ ਕਰਮਾਂ ਨੂੰ ਛੁਪਾਉਣਾ ਠੀਕ ਗੱਲ ਨਹੀਂ | ਜੇਕਰ ਕੋਈ ਸ਼ੁੱਭਚਿੰਤਕ ਇਸ ਬਾਰੇ ਦੱਸਣ ਦੀ ਕੋਸ਼ਿਸ਼ ਕਰਦਾ ਹੈ ਤਾਂ ਵੀ ਉਸ ਦੀਆਂ ਗੱਲਾਂ ਨੂੰ ਅਣਗੌਲਿਆ ਕਰ ਦਿੱਤਾ ਜਾਂਦਾ ਹੈ | ਸਾਨੂੰ ਇਕ ਗੱਲ ਧਿਆਨ ਵਿਚ ਰੱਖਣੀ ਪਵੇਗੀ ਕਿ ਅਸੀਂ ਆਪਣੇ ਬੱਚਿਆਂ ਨੂੰ ਸ਼ਹਿ ਨਾ ਦੇਈਏ | ਉਨ੍ਹਾਂ ਦੀਆਂ ਕਰਤੂਤਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਤਾਂ ਹੀ ਸਾਡੀਆਂ ਧੀਆਂ ਸੁਰੱਖਿਅਤ ਰਹਿ ਸਕਦੀਆਂ ਹਨ | ਜੇਕਰ ਉਨ੍ਹਾਂ ਨੂੰ ਸਮੇਂ ਸਿਰ ਸਜ਼ਾ ਦਿੱਤੀ ਜਾਵੇ ਤਾਂ ਕੁਝ ਹੱਦ ਤੱਕ ਇਨ੍ਹਾਂ ਘਿਨੌਣੀ ਹਰਕਤਾਂ 'ਤੇ ਲਗਾਮ ਲਗਾਈ ਜਾ ਸਕੇਗੀ | ਸਭ ਕੁਝ ਪੁਲਿਸ ਜਾਂ ਪ੍ਰਸ਼ਾਸਨ ਜਾਂ ਸਰਕਾਰ 'ਤੇ ਨਾ ਛੱਡੋ | ਬਿਨਾਂ ਸ਼ੱਕ ਅੱਜ ਦੀ ਨੌਜਵਾਨ ਪੀੜ੍ਹੀ ਕਿਸੇ ਦੇ ਕਹਿਣ ਵਿਚ ਨਹੀਂ ਹੈ ਪਰ ਉਨ੍ਹਾਂ ਨੂੰ ਹਰ ਹਾਲਤ ਵਿਚ ਸੁਧਾਰਣਾ ਸਾਡਾ ਨੈਤਿਕ ਫਰਜ਼ ਹੈ, ਨਹੀਂ ਤਾਂ ਸਾਡੇ ਸਮੁੱਚੇ ਸਮਾਜ ਵਿਚ ਅਰਾਜਕਤਾ ਫੈਲਣ ਵਿਚ ਦੇਰ ਨਹੀਂ ਲੱਗੇਗੀ |
-ਵਰਿੰਦਰ ਸ਼ਰਮਾ
ਧਰਮਕੋਟ (ਮੋਗਾ)
ਕੁਦਰਤ ਨਾਲ ਛੇੜਛਾੜ
ਜਿਵੇਂ-ਜਿਵੇਂ ਅਸੀਂ ਲਗਾਤਾਰ ਰਫ਼ਤਾਰ ਨਾਲ ਅੱਗੇ ਵਧ ਰਹੇ ਹਾਂ, ਉਵੇਂ-ਉਵੇਂ ਵਿਗਿਆਨਕ ਯੁੱਗ ਵਿਚ ਅਸੀਂ ਹਵਾ-ਪਾਣੀ ਤੇ ਧਰਤੀ ਦੀ ਸੰਭਾਲ ਕਰਨੀ ਭੁੱਲ ਗਏ ਹਾਂ | ਅੱਜ ਅਸੀਂ ਕੁਦਰਤ ਦੀ ਨੇਕੀ ਭੁਲਾ ਕੇ ਉਸ ਨਾਲ ਛੇੜਖਾਨੀ ਸ਼ੁਰੂ ਕਰ ਦਿੱਤੀ ਹੈ ਜਿਸ ਨਾਲ ਕੁਦਰਤ ਹੁਣ ਮਨੁੱਖ ਨੂੰ ਉਸ ਦੇ ਕੀਤੇ ਕੰਮਾਂ ਦੀ ਸਜ਼ਾ ਦੇਣ 'ਤੇ ਤੁਲੀ ਹੈ | ਸਾਡੇ ਸਮਾਜ ਵਿਚ ਵੱਧ ਰਹੀਆਂ ਸਰੀਰਕ ਬਿਮਾਰੀਆਂ ਦਾ ਮੁੱਖ ਕਾਰਨ ਕੁਦਰਤ ਨਾਲ ਛੇੜਛਾੜ ਹੀ ਹੈ | ਹਰੇ-ਭਰੇ ਰੁੱਖ ਵੱਢੇ ਤੇ ਸਾੜੇ ਜਾ ਰਹੇ ਹਨ | ਕੁਦਰਤ ਦੇ ਨਾਲ ਛੇੜਛਾੜ ਕਾਰਨ ਭੁਚਾਲ, ਹੜ੍ਹ, ਸੁਨਾਮੀ, ਬੇਮੌਸਮੀ ਮੀਂਹ, ਪਾਣੀਆਂ ਦਾ ਖਾਰਾ ਹੋਣਾ, ਰੁੱਤਾਂ ਮੌਸਮਾਂ ਦੇ ਮਿਜਾਜ਼ ਬਦਲਣੇ ਇਹ ਸਾਰੀਆਂ ਨਿਸ਼ਾਨੀਆਂ ਮਨੁੱਖਤਾ ਦੀ ਤਬਾਹੀ ਵੱਲ ਸੰਕੇਤ ਕਰਦੀਆਂ ਹਨ | ਅੱਜ ਸਾਨੂੰ ਕੁਝ ਅਜਿਹੇ ਠੋਸ ਕਦਮ ਚੁੱਕਣੇ ਪੈਣਗੇ, ਜਿਸ ਨਾਲ ਵਾਤਾਵਰਨ ਸੰਕਟ ਨੂੰ ਹੱਲ ਕਰਨ ਵਿਚ ਮਦਦ ਮਿਲੇ | ਖੇਤਾਂ ਵਿਚ ਰਸਾਇਣਿਕ ਖਾਦਾਂ ਦੀ ਜਗ੍ਹਾ ਕੁਦਰਤੀ ਸਾਧਨਾਂ ਦੀ ਵਰਤੋਂ ਨੂੰ ਪਹਿਲ ਦਿੱਤੀ ਜਾਵੇ | ਪਿੰਡਾਂ ਤੇ ਸ਼ਹਿਰਾਂ ਵਿਚ ਪੰਚਾਇਤਾਂ ਨੂੰ ਰੁੱਖ ਲਗਾਉਣਾ ਲਾਜ਼ਮੀ ਕਰ ਦੇਣਾ ਚਾਹੀਦਾ ਹੈ | ਵਿਦਿਆਰਥੀਆਂ ਨੂੰ ਘੱਟੋ-ਘੱਟ ਇਕ ਰੁੱਖ ਲਗਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ | ਆਪਣੇ ਚੌਗਿਰਦੇ ਦੀ ਸਫ਼ਾਈ ਖ਼ੁਦ ਕਰਨੀ ਚਾਹੀਦੀ ਹੈ | ਜ਼ਮੀਨ 'ਤੇ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ | ਵਾਤਾਵਰਨ ਦੇ ਨਾਲ ਹੀ ਸਾਡਾ ਸਿਹਤਮੰਦ ਜੀਵਨ ਹੈ | ਹਰ ਕਿਸੇ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਵਾਤਾਵਰਨ ਨੂੰ ਨਸ਼ਟ ਹੋਣ ਤੋਂ ਬਚਾਉਣਾ ਚਾਹੀਦਾ ਹੈ |
-ਲੈਕਚਰਾਰ ਗੌਰਵ ਮੁੰਜਾਲ, ਮੁਹਾਲੀ
ਪਲਾਸਟਿਕ ਮੁਕਤ ਜੀਵਨ
ਅੱਜ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਇਨਸਾਨ ਕਿਸੇ ਨਾ ਕਿਸੇ ਰੂਪ ਵਿਚ ਬਿਮਾਰੀ (ਛੋਟੀ ਜਾਂ ਵੱਡੀ) ਤੋਂ ਪੀੜਤ ਹੈ | ਜੇਕਰ ਅਸੀਂ ਗੌਰ ਨਾਲ ਤੱਕੀਏ ਤਾਂ ਅਸੀਂ ਇਕ ਅਜਿਹੇ ਵਿਸ਼ੈਲੇ ਪਦਾਰਥ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਿਆ ਹੈ, ਜੋ ਸਾਡੀ ਸਿਹਤ ਲਈ ਹਰ ਪੱਖੋਂ ਨੁਕਸਾਨਦਾਇਕ ਹੈ, ਉਹ ਹੈ ਪਲਾਸਟਿਕ |
ਸਵੇਰੇ ਉੱਠਣ ਤੋਂ ਸ਼ੁਰੂ ਹੋ ਕੇ ਰਾਤ ਸੌਣ ਤੱਕ ਰੋਜ਼ਾਨਾ ਜੀਵਨ ਦੀਆਂ ਲਗਭਗ ਸਾਰੀਆਂ ਗਤੀਵਿਧੀਆਂ ਨਹਾਉਣਾ, ਖਾਣਾ-ਪੀਣਾ, ਸੌਣਾ-ਜਾਗਣਾ, ਭੋਜਨ ਪਕਾਉਣਾ, ਪਰੋਸਣਾ, ਖਰੀਦਦਾਰੀ, ਵੇਚਣਾ ਲਗਭਗ ਕੁਝ ਵੀ ਪਲਾਸਟਿਕ ਦੀ ਵਰਤੋਂ ਤੋਂ ਸੱਖਣਾ ਨਹੀਂ ਹੈ | ਪਲਾਸਟਿਕ ਇਕ ਅਜਿਹਾ ਵਿਸ਼ੈਲਾ ਪਦਾਰਥ ਹੈ, ਜੋ ਸਾਡੀ ਸਿਹਤ ਲਈ ਅਤਿਅੰਤ ਹਾਨੀਕਾਰਕ ਹੈ | ਇਸ ਦੀ ਵਰਤੋਂ ਨਾਲ ਕੈਂਸਰ ਜਿਹੀਆਂ ਭਿਆਨਕ ਬਿਮਾਰੀਆਂ ਨੇ ਪੈਰ ਪਸਾਰੇ ਹਨ | ਇਹ ਇੰਨਾ ਭਿਆਨਕ ਹੈ ਕਿ ਹਜ਼ਾਰਾਂ ਸਾਲ ਤੱਕ ਮਿੱਟੀ ਦੀ ਪਰਤ ਹੇਠਾਂ ਦਬਾਉਣ 'ਤੇ ਵੀ ਗਲਦਾ ਨਹੀਂ | ਗਲਣਸ਼ੀਲ ਹੋਣ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ | ਵਿਗਿਆਨੀਆਂ ਅਤੇ ਡਾਕਟਰਾਂ ਦਾ ਮੰਨਣਾ ਹੈ ਕਿ ਭੋਜਨ ਪਦਾਰਥਾਂ ਨੂੰ ਗਰਮ ਹੋਣ 'ਤੇ ਪਲਾਸਟਿਕ ਦੇ ਕੰਟੇਨਰਾਂ ਜਾਂ ਡੱਬਿਆਂ ਜਾਂ ਭੋਜਨ ਖਾਣ ਵਾਲੇ ਪਲਾਸਟਿਕ ਦੇ ਬਰਤਨਾਂ ਵਿਚ ਪਾਉਣ ਨਾਲ ਕੈਂਸਰ ਵਰਗੀ ਬਿਮਾਰੀ ਦਾ ਕਾਰਨ ਬਣਦਾ ਹੈ | ਸੋ, ਅੱਜ ਸਾਨੂੰ ਇਸ ਪਲਾਸਟਿਕ ਵਰਗੇ ਭਿਆਨਕ ਪਦਾਰਥ ਤੋਂ ਮੁਕਤ ਹੋਣ ਦੀ ਲੋੜ ਹੈ | ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪਲਾਸਟਿਕ ਦੇ ਬੈਗ, ਲਿਫਾਫੇ, ਬਰਤਨ ਆਦਿ ਦੀ ਵਰਤੋਂ 'ਤੇ ਆਪਣੇ ਪੱਧਰ 'ਤੇ ਹੀ ਰੋਕ ਲਾ ਦਈਏ | ਇਕ ਮਨੁੱਖ ਵਲੋਂ ਚੁੱਕਿਆ ਇਕ ਕਦਮ ਜਾਗਿ੍ਤੀ ਲਿਆ ਸਕਦਾ ਹੈ ਅਤੇ ਮਾਨਵਤਾ ਦੇ ਭਲੇ ਲਈ ਸਹਾਇਕ ਸਿੱਧ ਹੋ ਸਕਦਾ ਹੈ | ਸੋ, ਆਓ! ਪਲਾਸਟਿਕ ਮੁਕਤ ਹੋਈਏ ਅਤੇ ਤੰਦਰੁਸਤ ਜੀਵਨ ਜੀਵੀਏ |
-ਹਰਮੇਸ਼ ਸਿੰਘ
ਈ.ਟੀ.ਟੀ. ਅਧਿਆਪਕ, ਭਾਦਸੋਂ-2 ਪਟਿਆਲਾ |