11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

11-8-2026

11-8-2026

ਅਜੀਤ ਡੈਸਕ 11-08-2026

ਈ-20 ਪੈਟਰੋਲ ਸੰਬੰਧੀ ਜਾਗਰੂਕਤਾ ਜ਼ਰੂਰੀ

ਦੇਸ਼ ਵਿਚ ਈ-20 ਪੈਟਰੋਲ ਨੂੰ ਉਤਸ਼ਾਹਿਤ ਕਰਨ ਦੀ ਸਰਕਾਰੀ ਪਹਿਲ ਦੇ ਬਾਵਜੂਦ ਪੁਰਾਣੇ ਵਾਹਨਾਂ ਦੇ ਮਾਲਕਾਂ ਵਿਚ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਿੰਤਾਵਾਂ ਅਤੇ ਸ਼ੰਕਾਵਾਂ ਮੌਜੂਦ ਹਨ। ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਈ-20 ਪੈਟਰੋਲ ਦੀ ਵਰਤੋਂ ਨਾਲ ਪੁਰਾਣੇ ਵਾਹਨਾਂ ਦੇ ਇੰਜਣ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੋ ਸਕਦੀ ਹੈ, ਜਿਸ ਕਾਰਨ ਇੰਜਣ ਨੂੰ ਨੁਕਸਾਨ ਪਹੁੰਚਣ ਅਤੇ ਰੱਖ-ਰਖਾਵ ਦਾ ਖਰਚ ਵਧਣ ਦੀ ਸੰਭਾਵਨਾ ਬਣ ਸਕਦੀ ਹੈ। ਅਜਿਹੀ ਸਥਿਤੀ ਵਿਚ ਲੋਕਾਂ ਦੀ ਮੰਗ ਹੈ ਕਿ ਸਰਕਾਰ ਇਸ ਮੁੱਦੇ 'ਤੇ ਸਪੱਸ਼ਟ, ਵਿਗਿਆਨਕ ਅਤੇ ਤੱਥਾਂ 'ਤੇ ਆਧਾਰਿਤ ਜਾਣਕਾਰੀ ਜਨਤਕ ਕਰੇ, ਤਾਂ ਜੋ ਵਾਹਨ ਮਾਲਕਾਂ ਦੇ ਮਨਾਂ ਵਿਚ ਮੌਜੂਦ ਭਰਮ ਦੂਰ ਹੋ ਸਕਣ। ਇਸ ਦੇ ਨਾਲ ਹੀ ਜਿਨ੍ਹਾਂ ਵਾਹਨਾਂ ਲਈ ਈ-20 ਪੈਟਰੋਲ ਦੀ ਵਰਤੋਂ ਉਚਿਤ ਨਹੀਂ ਹੈ, ਉਨ੍ਹਾਂ ਦੇ ਮਾਲਕਾਂ ਲਈ ਵੀ ਕੋਈ ਵਿਹਾਰਕ ਅਤੇ ਯੋਗ ਹੱਲ ਜਾਂ ਵਿਕਲਪ ਮੁਹੱਈਆ ਕਰਵਾਇਆ ਜਾਵੇ। ਇਸ ਤਰ੍ਹਾਂ ਨਾ ਸਿਰਫ਼ ਲੋਕਾਂ ਵਿਚ ਵਿਸ਼ਵਾਸ ਵਧੇਗਾ, ਸਗੋਂ ਬੇਲੋੜੇ ਭਰਮ, ਚਿੰਤਾਵਾਂ ਅਤੇ ਵਿਰੋਧ ਦੀ ਸਥਿਤੀ ਵੀ ਕਾਫ਼ੀ ਹੱਦ ਤੱਕ ਘੱਟ ਹੋ ਸਕੇਗੀ।

- ਰਣਵੀਰ ਸਿੰਘ,
ਮੰਡੀ ਗੋਬਿੰਦਗੜ੍ਹ

ਦਲ ਬਦਲੂਆਂ ਨੂੰ ਨਕਾਰੋ

ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਕੋਈ ਛੇ ਕੁ ਮਹੀਨੇ ਬਾਕੀ ਰਹਿ ਗਿਆ ਹੈ, ਜਿਸ ਨੂੰ ਵੇਖਦੇ ਹੋਏ ਹਰ ਪਾਰਟੀ ਆਪਣੀ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਇਕ-ਦੂਜੇ ਦੀ ਪਾਰਟੀ 'ਚੋਂ ਨੁਮਾਇੰਦਿਆਂ ਨੂੰ ਆਪਣੇ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸਵੇਰੇ ਆਦਮੀ ਦੇ ਘਰ 'ਤੇ ਝੰਡਾ ਕੋਈ ਲੱਗਿਆ ਹੁੰਦਾ ਹੈ। ਸ਼ਾਮ ਨੂੰ ਉਸ ਦੇ ਗਲ ਵਿਚ ਕਿਸੇ ਹੋਰ ਪਾਰਟੀ ਦਾ ਪਰਨਾ ਪਾਇਆ ਹੁੰਦਾ ਹੈ। ਝੰਡਾ ਹੋਰ ਪਾਰਟੀ ਦਾ ਲੱਗਾ ਨਜ਼ਰ ਆਉਣ ਲੱਗ ਜਾਂਦਾ ਹੈ। ਦਲ ਬਦਲੂ ਨੂੰ ਬੇਸ਼ਕ ਆਪਣੀ ਪਾਰਟੀ ਵਿਚ ਕਿੰਨਾ ਸਮਾਂ ਵੀ ਰਹਿਣ ਦਾ ਮੌਕਾ ਕਿਉਂ ਨਾ ਮਿਲਿਆ ਹੋਵੇ। ਉਸ ਨੂੰ ਕਿੰਨੀਆਂ ਉੱਚੀਆਂ ਉੱਚੀਆਂ ਪਦਵੀਆਂ 'ਤੇ ਵੀ ਰਹਿਣ ਦਾ ਮੌਕਾ ਕਿਉਂ ਨਾ ਮਿਲਿਆ ਹੋਵੇ। ਪਰ ਉਹ ਸਮੇਂ ਦੇ ਨਾਲ ਸਮੇਂ ਨੂੰ ਵੇਖਦੇ ਹੋਏ ਪਲਾਂ ਦੇ ਵਿਚ ਹੀ ਆਪਣਾ ਪਾਸਾ ਬਦਲ ਰਹੇ ਹਨ। ਇਹ ਗੱਲ ਕੋਈ ਪੰਚ ਸਰਪੰਚ ਦੀ ਨਹੀਂ ਸਗੋਂ ਐਮ.ਐਲ.ਏ. ਅਤੇ ਐਮ.ਪੀ. ਤੱਕ ਵੀ ਪਹੁੰਚ ਚੁੱਕੀ ਹੈ। ਜਿਨ੍ਹਾਂ ਨੇ ਪਾਰਟੀ ਦੇ ਵਿਚ ਸਾਢੇ ਚਾਰ ਸਾਲ ਪੰਜ ਸਾਲ ਪੂਰੀਆਂ ਮੌਜਾਂ ਮਾਣੀਆਂ ਹੋਣ। ਆਪਣੀ ਸਰਕਾਰ ਚਲਾਈ ਹੋਵੇ ਤੇ ਅਗਲੇ ਦਿਨ ਹੀ ਉਹ ਪਾਰਟੀ ਬਦਲ ਕੇ ਉਸੇ ਸਰਕਾਰ ਦੀ ਬਦਨਾਮੀ ਕਰਨ 'ਤੇ ਤੁਲ ਜਾਂਦੇ ਹਨ, ਕਿਉਂਕਿ ਉਹ ਆਪ ਸਰਕਾਰ ਵਿਚ ਰਹੇ ਹੁੰਦੇ ਹਨ। ਉਨ੍ਹਾਂ ਨੂੰ ਸਾਰਾ ਭੇਦ ਹੁੰਦਾ ਹੈ ਕਿੱਥੇ ਕੀ ਹੋਇਆ ਤੇ ਕਿੱਥੇ ਕਿਸੇ ਨੇ ਕੀ ਕੀਤਾ ਹੈ। ਬਸ ਦਲ ਬਦਲਦਿਆਂ ਨਾਲ ਹੀ ਅਗਲੇ ਦਿਨ ਉਸ ਦੇ ਚਿੱਠੇ ਉਹ ਫਰੋਲਣੇ ਸ਼ੁਰੂ ਕਰ ਦਿੰਦੇ ਹਨ, ਜੋ ਕਿ ਇਕ ਬਹੁਤ ਹੀ ਗਲਤ ਗੱਲ ਹੈ। ਅੱਗੇ ਸਿਆਣਿਆਂ ਦਾ ਅਖਾਣ ਸੀ, ਜਿਸ ਥਾਲੀ ਵਿਚ ਖਾਈਏ ਉਸ ਵਿਚ ਛੇਕ ਨਹੀਂ ਕਰੀਦਾ। ਕਿਸੇ ਦਾ ਲੂਣ ਖਾ ਕੇ ਹਰਾਮ ਨਹੀਂ ਕਰਨਾ ਚਾਹੀਦਾ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ

ਪਾਣੀ ਦੀ ਬਰਬਾਦੀ

ਆਮ ਹੀ ਵੇਖਣ ਵਿਚ ਆਉਂਦਾ ਹੈ ਕਿ ਹਰੇਕ ਪਿੰਡ, ਸ਼ਹਿਰ ਵਿਚ ਲੋਕ ਗੱਡੀਆਂ ਧੋਣ ਲਈ ਘਰ ਵਿਚ ਲੱਗੇ ਸਬਮਰਸੀਬਲ ਪੰਪ/ਸਰਕਾਰੀ ਟੂਟੀਆਂ ਦੀ ਵਰਤੋਂ ਕਰਦਾ ਹੈ। ਘਰਾਂ ਵਿਚ ਤਾਂ ਗੱਡੀਆਂ ਧੋਣ ਲਈ ਪ੍ਰਵਾਸੀ ਮਜ਼ਦੂਰ ਵੀ ਰੱਖੇ ਹੋਏ ਹਨ, ਜੋ ਸਵੇਰ ਵੇਲੇ ਪਾਣੀ ਦੀ ਖੁੱਲ੍ਹ ਕੇ ਦੁਰਵਰਤੋਂ ਕਰਦੇ ਹਨ ਤੇ ਇਸ ਨਾਲ ਸੜਕਾਂ ਵੀ ਟੁੱਟ ਰਹੀਆਂ ਹਨ ਅਤੇ ਸੰਬੰਧਿਤ ਵਿਭਾਗ ਵੀ ਇਸ ਵਰਤਾਰੇ ਨੂੰ ਰੋਕਣ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ। ਇਸੇ ਤਰ੍ਹਾਂ ਖੇਤੀ ਲਈ ਲੱਗੀਆਂ ਮੋਟਰਾਂ ਤੇ ਆਟੋ-ਮੈਟਿਕ ਸਟਾਟਰ ਨਾਲ ਪਾਣੀ ਦੀ ਖੁੱਲ੍ਹ ਕੇ ਬੇਲੋੜੀ ਵਰਤੋਂ ਕੀਤੀ ਜਾ ਰਹੀ ਹੈ। ਕਈ ਥਾਵਾਂ 'ਤੇ ਲੋਕਾਂ ਨੇ ਆਪਣੇ ਘਰਾਂ/ਦੁਕਾਨਾਂ ਦੇ ਬਾਹਰ ਟੂਟੀਆਂ ਲਗਵਾਈਆਂ ਹੁੰਦੀਆਂ ਹਨ ਅਤੇ ਬਿੱਲ ਤੋਂ ਬਚਣ ਲਈ ਜ਼ਿਆਦਾਤਰ ਲੋਕ ਪਾਣੀ ਉਥੋਂ ਹੀ ਵਰਤਦੇ ਹਨ, ਜੋ ਗੈਰ ਕਾਨੂੰਨੀ ਹੈ। ਸ਼ਹਿਰਾਂ ਵਿਚ ਖਾਲੀ ਪਲਾਟਾਂ ਵਿਚ ਲੋਕਾਂ ਨੇ ਪ੍ਰਵਾਸੀ ਮਜ਼ਦੂਰ ਰੱਖੇ ਹੋਏ ਹਨ ਅਤੇ ਉਨ੍ਹਾਂ ਪਲਾਟ ਮਾਲਕਾਂ ਨੇ ਸੀਵਰੇਜ ਤੇ ਪਾਣੀ ਦੇ ਕੁਨੈਕਸ਼ਨ ਵੀ ਲਏ ਹੁੰਦੇ ਹਨ ਅਤੇ ਕਾਰਪੋਰੇਸ਼ਨ ਵਲੋਂ ਉਨ੍ਹਾਂ ਨੂੰ ਬਿੱਲ ਵੀ ਆਉਂਦਾ ਹੈ, ਪਰ ਕਈ ਲੋਕ ਕਈ ਸਾਲਾਂ ਦੇ ਬਿੱਲ ਜਮ੍ਹਾਂ ਨਹੀਂ ਕਰਵਾਉਂਦੇ, ਪਰ ਪਾਣੀ ਦਿਨ-ਰਾਤ ਖੁੱਲ੍ਹ ਕੇ ਵਰਤਦੇ ਹਨ। ਅਕਸਰ ਹੀ ਸਵੇਰ ਵੇਲੇ ਜਦੋਂ ਪਾਣੀ ਦੀ ਸਪਲਾਈ ਆਉਂਦੀ ਹੈ ਤਾਂ ਪਾਣੀ ਦੀਆਂ ਟੂਟੀਆਂ ਚੱਲਦੀਆਂ ਰਹਿਣ ਕਰਕੇ ਪਾਣੀ ਦੀ ਬੇਹਿਸਾਬ ਬਰਬਾਦੀ ਹੁੰਦੀ ਹੈ। ਵਿਭਾਗ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ, ਜੋ ਲੋਕ ਬਿੱਲ ਨਹੀਂ ਭਰਦੇ ਉਨ੍ਹਾਂ ਦੇ ਕੁਨੈਕਸ਼ਨ ਕੱਟਣੇ ਚਾਹੀਦੇ ਹਨ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਪਿਛਲੀ ਖ਼ਬਰ ਨਵਾਂਸ਼ਹਿਰ ਪੁਲਿਸ ਵਲੋਂ ਅੱਤਵਾਦੀ ਗਰੋਹ ਦਾ ਪਰਦਾਫਾਸ਼, ਹੈਂਡ ਗ੍ਰਨੇਡ ਸਮੇਤ ਇਕ ਗ੍ਰਿਫ਼ਤਾਰ ਅਗਲੀ ਖ਼ਬਰ ਅਜੇ ਵੀ ਗੁੰਝਲਦਾਰ ਹੈ ਪੱਛਮੀ ਏਸ਼ੀਆ ਦੀ ਸਥਿਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।