27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

27-10-2026

27-10-2026

ਅਜੀਤ ਡੈਸਕ 27-10-2026

ਦਬਾਅ ਤੇ ਤਣਾਅ

ਦਬਾਅ ਜਾਂ ਤਣਾਅ ਆਧੁਨਿਕ ਸਮਾਜ ਦੀ ਇਕ ਵੱਡੀ ਸਮੱਸਿਆ ਹੈ | ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦਾ ਵੱਡਾ ਕਾਰਨ ਦਬਾਅ ਹੀ ਹੁੰਦਾ ਹੈ | ਦਬਾਅ ਦੀ ਪ੍ਰਕਿਰਿਆ ਦੌਰਾਨ ਮਨੁੱਖ ਦੀ ਸਰੀਰਕ, ਸੰਵੇਗਾਤਮਕ, ਗਿਆਨਾਤਮਕ ਅਤੇ ਵਿਹਾਰਿਕ ਪੱਖ ਪ੍ਰਭਾਵਿਤ ਹੁੰਦੇ ਹਨ | ਦਬਾਉ ਦੇ ਦੌਰਾਨ ਨਾੜੀ ਤੰਤਰ ਅਤੇ ਗਲੈਂਡ ਸਿਸਟਮ ਪ੍ਰਭਾਵਿਤ ਹੋ ਜਾਂਦਾ ਹੈ | ਸਰੀਰ ਵਿਚ ਪੈਦਾ ਹੋਣ ਵਾਲੇ ਹਾਰਮੋਨਾਂ ਦੀ ਮਾਤਰਾ ਦਬਾਉ ਦੇ ਸਿੱਟੇ ਵਜੋਂ ਪ੍ਰਭਾਵਿਤ ਹੋ ਜਾਂਦੀ ਹੈ | ਦਬਾਉ ਦੀ ਸਥਿਤੀ ਦੌਰਾਨ ਸੰਵੇਗਾਤਮਕ ਪ੍ਰਕਿਰਿਿਆਵਾਂ ਵੀ ਕਾਫੀ ਪ੍ਰਭਾਵਿਤ ਹੋ ਜਾਂਦੀਆਂ ਹਨ | ਡਰ, ਚਿੰਤਾ, ਕ੍ਰੋਧ, ਉਦਾਸੀ ਅਤੇ ਉਲਝਣ ਵਰਗੇ ਨਕਾਰਾਤਮਿਕ ਸੰਵੇਗ ਪ੍ਰਗਟ ਹੋ ਜਾਂਦੇ ਹਨ | ਵਿਅਕਤੀ ਦੇ ਮਨ ਵਿਚ ਦੂਸ਼ਿਤ ਵਿਚਾਰ ਵਧੇਰੇ ਆਉਂਦੇ ਹਨ ਅਤੇ ਉਸ ਦੀ ਧਿਆਨ ਕੇਂਦਰਿਤ ਤਾਕਤ ਵਿਚ ਕਮੀ ਆ ਜਾਂਦੀ ਹੈ | ਤੀਜੇ ਗਿਆਨਾਤਮਕ ਪੱਖ ਵੀ ਕੰਮ ਕਰਦੇ ਹਨ, ਇਨ੍ਹਾਂ ਵਿਚ ਵਾਪਰਨ ਵਾਲੀ ਘਟਨਾ ਦੀ ਹਾਨੀ, ਖ਼ਤਰਾ ਸ਼ਾਮਿਲ ਹੋਣ ਦੇ ਨਾਲ-ਨਾਲ ਘਟਨਾ ਨੂੰ  ਕੰਟਰੋਲ ਕਰਨ ਦੇ ਢੰਗ ਵੀ ਨਿਕਲਦੇ ਹਨ | ਚੋਖੇ ਨੰਬਰ 'ਤੇ ਦਬਾਉ ਦੇ ਕਾਰਨ ਵਿਹਾਰਾਤਮਕ ਅਨੁਕਿਰਿਆਵਾਂ ਵੀ ਅਨੇਕਾਂ ਹੀ ਪ੍ਰਗਟ ਹੁੰਦੀਆਂ ਹਨ, ਪਰੰਤੂ ਇਨ੍ਹਾਂ ਵਿਚ ਪ੍ਰਮੁਖ ਵਿਹਾਰਿਕ ਪੱਖ ਦੋ ਹੀ ਹੁੰਦੇ ਹਨ | ਪਹਿਲੀ ਸਥਿਤੀ 'ਚੋਂ ਵਿਅਕਤੀ ਦਬਾਅ ਦੇ ਕਾਰਕਾਂ ਨਾਲ ਮੁਕਾਬਲਾ ਕਰਨ ਦਾ ਵਿਹਾਰ ਪ੍ਰਗਟ ਕਰਦਾ ਹੈ ਅਤੇ ਦੂਜੀ ਸਥਿਤੀ ਵਿਚ ਖ਼ਤਰਨਾਕ ਘਟਨਾ ਨੂੰ  ਨਜ਼ਰ ਅੰਦਾਜ਼ ਕਰਕੇ ਉਸ ਤੋਂ ਦੂਰ ਹੋਣ ਦੀ ਕੋਸ਼ਿਸ਼ ਕਰਦਾ ਹੈ |

-ਕੁਲਵਿੰਦਰ ਸਿੰਘ
ਪਿੰਡ ਬਿਹਾਲਾਂ, ਹੁਸ਼ਿਆਰਪੁਰ |

ਮਿਲਾਵਟ ਹੀ ਮਿਲਾਵਟ


ਰੋਜ਼ਾਨਾ ਅਖ਼ਬਾਰਾਂ ਤੇ ਸੋਸ਼ਲ ਮੀਡੀਆ ਦੀਆਂ ਖ਼ਬਰਾਂ ਪੜ੍ਹ-ਸੁਣ ਕੇ ਤੇ ਵੇਖ ਕੇ ਮਨ ਪ੍ਰੇਸ਼ਾਨ ਹੁੰਦਾ ਹੈ ਕਿ ਹਰ ਪਾਸੇ ਬੇਈਮਾਨੀ ਤੇ ਮਿਲਾਵਟ ਜ਼ੋਰਾਂ 'ਤੇ ਚੱਲ ਰਹੀ ਹੈ | ਦੁੱਧ ਦੇਸੀ, ਘਿਓ, ਪਨੀਰ ਤੇ ਹਰ ਰੋਜ਼ ਖਾਣ ਵਾਲੀਆਂ ਚੀਜ਼ਾਂ ਵਿਚ ਮਿਲਾਵਟ ਕੀਤੀ ਜਾ ਰਹੀ ਹੈ | ਸਬਜ਼ੀਆਂ ਨੂੰ  ਸਮੇਂ ਤੋਂ ਪਹਿਲਾਂ ਪਕਾਉਣ ਦੇ ਲਈ ਟੀਕੇ ਲਾਏ ਜਾ ਰਹੇ ਹਨ, ਵੇਸਣ ਵਿਚ ਮੱਕੀ ਦਾ ਆਟਾ ਛੋਲਿਆਂ ਦੀ ਦਾਲ ਵਿਚ ਮਟਰਾਂ ਦੇ ਦਾਣੇ ਤੇ ਹੋਰ ਬਹੁਤ ਸਾਰੀਆ ਚੀਜ਼ਾਂ ਵਿਚ ਮਿਲਾਵਟ ਹੋ ਰਹੀ ਹੈ | ਅੱਜ-ਕੱਲ੍ਹ ਤਾਂ ਫਲਾਂ ਦੀ ਥਾਂ ਜੰਕ ਫੂਡ ਨੇ ਲੈ ਲਈ ਹੈ, ਜਿਸ ਦੇ ਨਾਲ ਲੋਕਾਂ ਜਾਂ ਬੱਚਿਆਂ ਦੀ ਸਿਹਤ 'ਤੇ ਬਹੁਤ ਬੁਰਾ ਅਸਰ ਪੈਂਦਾ ਹੈ ਤੇ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ | ਸੜਕਾਂ ਦੇ ਕਿਨਾਰਿਆਂ 'ਤੇ ਰੇਹੜੀ ਵਾਲਿਆਂ ਵਲੋਂ ਤਾਂ ਜੰਕ ਫੂਡ ਨਾਲ ਜ਼ਹਿਰ ਵਰਤਾਇਆ ਜਾ ਰਿਹਾ ਹੈ | ਇਸ ਕਰਕੇ ਸਰਕਾਰਾਂ ਨੂੰ  ਦੁੱਧ, ਦਹੀਂ, ਪਨੀਰ ਤੇ ਸਬਜ਼ੀਆਂ ਆਦਿ ਵਿਚ ਮਿਲਾਵਟ ਨੂੰ  ਰੋਕਣਾ ਚਾਹੀਦਾ ਹੈ |

-ਜਸਦੀਪ ਕੌਰ
ਦਸੌਂਧਾ ਸਿੰਘ ਵਾਲਾ (ਮਲੇਰਕੋਟਲਾ)

ਰੁੱਖਾਂ ਦੀ ਮਹੱਤਤਾ 


ਰੁੱਖਾਂ ਦੀ ਸਾਡੇ ਜੀਵਨ ਵਿਚ ਇਕ ਅਹਿਮ ਭੂਮਿਕਾ ਹੁੰਦੀ ਹੈ, ਉਹ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ, ਜਿਸ ਨਾਲ ਮਨੁੱਖ ਸਮੇਤ ਧਰਤੀ 'ਤੇ ਰਹਿੰਦੇ ਜੀਵਾਂ ਦਾ ਜੀਵਨ ਚੱਲਦਾ ਹੈ, ਇਸ ਦੇ ਨਾਲ ਇਹ ਹਵਾ ਨੂੰ  ਸਾਫ਼ ਕਰਨ ਅਤੇ ਜਲਵਾਯੂ ਪਰਿਵਰਤਨ ਦਾ ਮੁੱਖ ਕਾਰਨ ਬਣਦੇ ਹਨ | ਇਹ ਵਰਖਾ ਵੀ ਰੁੱਖਾਂ 'ਤੇ ਹੀ ਨਿਰਭਰ ਹੁੰਦੀ ਹੈ ਜਿਸ ਨਾਲ ਫ਼ਸਲੀ ਚੱਕਰ ਸਹੀ ਤਰੀਕੇ ਨਾਲ ਚੱਲਦਾ ਹੈ | ਇਸ ਦੇ ਨਾਲ ਘਰਾਂ ਦੇ ਫਰਨੀਚਰ ਬਣਾਉਣ ਲਈ ਲੱਕੜੀਆਂ ਵੀ ਪ੍ਰਦਾਨ ਕਰਦੇ ਹਨ | ਰੁੱਖ ਸਾਡੇ ਆਲੇ-ਦੁਆਲੇ ਹਰਿਆ-ਭਰਿਆ ਵਾਤਾਵਰਨ ਬਣਾਉਂਦੇ ਹਨ, ਇਸ ਤੋਂ ਇਲਾਵਾ ਭੌ ਖੋਰ ਤੋਂ ਬਚਾਉਂਦਾ ਹੈ | ਇਸ ਲਈ ਸਾਨੂੰ ਇਨ੍ਹਾਂ ਨੂੰ  ਵੱਢਣਾ ਨਹੀਂ ਚਾਹੀਦਾ ਸਗੋਂ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਆਪਣੇ ਵਾਤਾਵਰਨ ਨੂੰ  ਬਚਾਉਣਾ ਚਾਹੀਦਾ ਹੈ 

-ਦਲਵੀਰ ਕੌਰ
ਅਨੰਦਪੁਰ ਸਾਹਿਬ |

ਮੁਲਾਜ਼ਮਾਂ ਦਾ ਹੱਕ


ਪੁਰਾਣੀ ਪੈਨਸ਼ਨ ਬਹਾਲ ਕਰਨਾ ਅਤੇ ਮੁਲਾਜ਼ਮਾਂ ਨੂੰ  10 ਫ਼ੀਸਦੀ ਡੀ.ਏ. ਦੇਣਾ ਸਰਕਾਰ ਦੀ ਅਹਿਮ ਜ਼ਿੰਮੇਵਾਰੀ ਹੈ | ਮੁਲਾਜ਼ਮ ਕਿਸੇ ਵੀ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ | ਉਹ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਲੋਕਾਂ ਦੀ ਸੇਵਾ ਅਤੇ ਦੇਸ਼ ਦੇ ਵਿਕਾਸ ਲਈ ਸਮਰਪਿਤ ਕਰਦੇ ਹਨ | ਇਸ ਲਈ ਉਨ੍ਹਾਂ ਦੇ ਹੱਕਾਂ ਦੀ ਰਾਖੀ ਕਰਨਾ ਸਰਕਾਰ ਦਾ ਫਰਜ਼ ਹੈ |
ਪੁਰਾਣੀ ਪੈਨਸ਼ਨ ਮੁਲਾਜ਼ਮਾਂ ਦਾ ਹੱਕ ਹੈ | ਸਰਕਾਰੀ ਮੁਲਾਜ਼ਮ ਆਪਣੀ ਪੂਰੀ ਨੌਕਰੀ ਦੌਰਾਨ ਇਮਾਨਦਾਰੀ ਨਾਲ ਸੇਵਾ ਕਰਦੇ ਹਨ | ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਨੂੰ  ਆਰਥਿਕ ਸੁਰੱਖਿਆ ਦੀ ਲੋੜ ਹੁੰਦੀ ਹੈ | ਪੁਰਾਣੀ ਪੈਨਸ਼ਨ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਹੈ | ਇਸ ਨਾਲ ਮੁਲਾਜ਼ਮ ਆਪਣੀ ਜ਼ਿੰਦਗੀ ਦੇ ਆਖ਼ਰੀ ਪੜਾਅ ਵਿਚ ਸਨਮਾਨ ਨਾਲ ਜੀਵਨ ਬਤੀਤ ਕਰ ਸਕਦੇ ਹਨ ਅਤੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰ ਸਕਦੇ ਹਨ | ਇਸ ਲਈ ਸਰਕਾਰ ਨੂੰ  ਮੁਲਾਜ਼ਮਾਂ ਦੀਆਂ ਭਾਵਨਾਵਾਂ ਨੂੰ  ਸਮਝਦਿਆਂ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ | ਇਸੇ ਤਰ੍ਹਾਂ ਮਹਿੰਗਾਈ ਭੱਤਾ (ਡੀ.ਏ.) ਵੀ ਮੁਲਾਜ਼ਮਾਂ ਦਾ ਮਹੱਤਵਪੂਰਨ ਹੱਕ ਹੈ | ਲਗਾਤਾਰ ਵਧ ਰਹੀ ਮਹਿੰਗਾਈ ਕਾਰਨ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹਨ |
 ਸਰਕਾਰ ਨੂੰ  ਚਾਹੀਦਾ ਹੈ ਕਿ ਉਹ ਮੁਲਾਜ਼ਮਾਂ ਨਾਲ ਗੱਲਬਾਤ ਕਰੇ, ਉਨ੍ਹਾਂ ਦੀਆਂ ਮੰਗਾਂ ਨੂੰ  ਗੰਭੀਰਤਾ ਨਾਲ ਸੁਣੇ ਅਤੇ ਪੁਰਾਣੀ ਪੈਨਸ਼ਨ ਤੇ ਬਣਦੇ ਡੀ.ਏ. ਸੰਬੰਧੀ ਨਿਆਂਸੰਗਤ ਫ਼ੈਸਲਾ ਲਵੇ | ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਕਰਨਾ ਹੀ ਲੋਕ-ਪੱਖੀ ਸਰਕਾਰ ਦੀ ਅਸਲ ਪਛਾਣ ਹੈ |

-ਬਿਕਰਮਜੀਤ ਸਿੰਘ ਸਠਿਆਲਾ

ਪਿਛਲੀ ਖ਼ਬਰ ਪੁਲਿਸ ਨੇ ਚੋਰ ਤੋਂ ਚਾਰ ਗੈਸ ਸਿਲੰਡਰ ਕੀਤੇ ਬਰਾਮਦ ਅਗਲੀ ਖ਼ਬਰ ਵਿਚਾਰ-ਪ੍ਰਵਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।