21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

21-10-2026

21-10-2026

ਅਜੀਤ ਡੈਸਕ 21-10-2026

ਅਸਲੀ ਰਾਵਣ ਕਦੋਂ ਮਰੇਗਾ?


 ਹਰ ਸਾਲ ਦੁਸ਼ਹਿਰੇ ਦਾ ਤਿਉਹਾਰ ਭਾਰਤ 'ਚ ਬੜੀ  ਧੂਮਧਾਮ ਨਾਲ ਮਨਾਇਆ ਜਾਂਦਾ ਹੈ | ਇਸ ਤੋਂ ਪਹਿਲਾਂ 9 ਨਰਾਤਿਆਂ ਦੌਰਾਨ ਮਾਤਾ ਦੁਰਗਾ ਦੇ ਵੱਖ-ਵੱਖ ਰੂਪਾਂ  ਦੀ ਪੂਜਾ ਕੀਤੀ ਜਾਂਦੀ ਹੈ ਤੇ 10ਵੇਂ ਦਿਨ ਵਿਜੇ ਦਸਮੀ ਮੌਕੇ ਦੁਸਹਿਰਾ ਮਨਾਇਆ ਜਾਂਦਾ ਹੈ | ਰਾਵਣ ਨੂੰ  ਜਲਾਉਣਾ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ | ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਜਲਾਏ ਜਾਂਦੇ ਹਨ | ਅਸੀਂ ਹਜ਼ਾਰਾਂ ਲੱਖਾਂ ਰੁਪਏ ਖਰਚ ਕਰਕੇ ਰਾਵਣ ਤੇ ਹੋਰਾਂ ਦੇ ਪੁਤਲੇ ਜਲਾ ਕੇ ਵਾਤਾਵਰਣ ਨੂੰ  ਪ੍ਰਦੂਸ਼ਿਤ ਕਰਦੇ ਹਾਂ | ਪਰ ਬੁਰਾਈ ਦੇ ਅਸਲੀ ਰਾਵਣ ਨੂੰ  ਅਜੇ ਤੱਕ ਨਹੀਂ ਮਾਰ ਸਕੇ  | ਅਸੀਂ ਦਿਖਾਵੇ ਦੀਆਂ ਵਕਤੀ ਖੁਸ਼ੀਆਂ ਖਾਤਰ ਇਕ-ਦੂਜੇ ਦੇ ਦੁਸ਼ਮਣ ਬਣੀ ਬੈਠੇ ਹਾਂ | ਅੱਜ ਮਨੁੱਖ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਭਿ੍ਸ਼ਟਾਚਾਰ, ਝੂਠ ਫ਼ਰੇਬ, ਨਿੰਦਾ-ਚੁਗਲੀ ਵਿਚ ਜਕੜਿਆ ਪਿਆ ਹੈ | ਸਮਾਜ 'ਚ ਹੋਰਾਂ ਪ੍ਰਤੀ ਤਾਂ ਛੱਡੋ, ਘਰ ਪਰਿਵਾਰ ਦੇ ਜੀਅ ਇਕ-ਦੂਜੇ ਪ੍ਰਤੀ ਨਫ਼ਰਤ ਤੇ ਸਾੜੇ ਤੋਂ ਗ੍ਰਸਤ ਹਨ | 
ਅਸੀਂ ਨਰਾਤਿਆਂ ਵਿਚ ਕੰਜਕਾਂ ਪੂਜਦੇ ਹਾਂ, ਪਰ ਪੁੱਤਰ ਦੀ ਕਾਮਨਾ ਕਰਨ ਵਾਲੇ ਬਹੁਤੇ ਘਰ ਪਰਿਵਾਰਾਂ 'ਚ ਧੀ ਪੈਦਾ ਹੋਣ 'ਤੇ ਕਲੇਸ਼ ਖੜ੍ਹਾ ਹੋ ਜਾਂਦਾ ਹੈ | ਅਸੀਂ ਕਿੰਨੇ ਪਾਖੰਡੀ ਹੋ ਗਏ ਹਾਂ, ਕੋਈ ਵੀ ਸ਼ੁੱਭ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਦੇਵੀ –ਮਾਂ ਦੀ ਪੂਜਾ ਕਰਨ ਵਾਲੇ ਲੋਕ ਬੇਟੀਆਂ ਨੂੰ  ਬੇਪੱਤ ਕਰਨ ਲੱਗੇ ਥੋੜ੍ਹੀ ਵੀ ਸ਼ਰਮ ਤੇ ਸੰਕੋਚ ਨਹੀਂ ਕਰਦੇ | ਔਰਤਾਂ ਨਾਲ ਜਬਰਜਨਾਹ, ਤੇਜ਼ਾਬੀ ਹਮਲੇ, ਛੇੜਛਾੜ ਦੀਆਂ ਘਟਨਾਵਾਂ ਰੋਜ਼ਾਨਾ ਵਾਪਰ ਰਹੀਆਂ ਹਨ | ਕੰਮਕਾਜੀ ਔਰਤਾਂ ਸਮੇਤ ਹਰ ਉਮਰ ਵਰਗ ਦੀਆਂ ਔਰਤਾਂ ਬਾਹਰ ਤਾਂ ਛੱਡੋ ਅੱਜ ਘਰਾਂ ਵਿਚ ਵੀ ਸੁਰੱਖਿਅਤ ਨਹੀਂ ਹਨ | ਜੇਕਰ  ਰਾਵਣ ਦੁਬਾਰਾ ਧਰਤੀ 'ਤੇ ਆ ਕੇ  ਅੱਜ ਦੇ ਸਮਾਜਿਕ ਵਰਤਾਰੇ ਨੂੰ  ਵੇਖੇ ਤਾਂ ਸ਼ਾਇਦ ਉਸ ਦਾ ਸਿਰ ਵੀ ਸ਼ਰਮ ਨਾਲ ਝੁਕ ਜਾਏ | ਦਰਅਸਲ ਬਦਕਾਰੀ ਦਾ ਰਾਵਣ ਤਾਂ ਸਾਡੇ ਅੰਦਰ ਬੈਠਾ ਹੈ, ਸਭ ਤੋਂ ਪਹਿਲਾਂ ਉਸ ਨੂੰ  ਜਲਾਉਣਾ ਜ਼ਰੂਰੀ ਹੈ |

ਸੰਜੀਵ ਸਿੰਘ ਸੈਣੀ, ਮੁਹਾਲੀ
ਸਟੇਟ ਐਵਾਰਡੀ

ਮਹਿੰਗਾਈ ਦਾ ਵਧਦਾ ਪ੍ਰਭਾਵ 


ਅਜੋਕਾ ਸਮਾਂ ਮਹਿੰਗਾਈ ਦਾ ਸਮਾਂ ਹੈ | ਚਾਹੇ ਗੱਲ ਰੋਜ਼ਾਨਾ ਦੀਆਂ ਵਸਤਾਂ ਦੀ ਹੋਵੇ ਅਤੇ ਚਾਹੇ ਪੈਟਰੋਲ, ਡੀਜ਼ਲ ਗੈਸ ਜਾਂ ਰਿਹਾਇਸ਼ ਦੀ, ਹਰ ਚੀਜ਼ ਦੀ ਕੀਮਤ ਰੋਜ਼ਾਨਾ ਵਧ ਰਹੀ ਹੈ | ਲੋਕਾਂ ਦੀ ਆਮਦਨ ਜਿੱਥੇ ਬਹੁਤ ਘੱਟ ਵਧ ਰਹੀ ਹੈ, ਉੱਥੇ ਖਰਚੇ ਦਿਨੋਂ ਦਿਨ ਵਧਦੇ ਜਾ ਰਹੇ ਹਨ | ਮਹਿੰਗਾਈ ਦੇ ਕੁਝ ਮੁੱਖ ਕਾਰਨਾਂ ਵਿਚ ਮੰਦੀ ਅਤੇ ਮੰਗ ਵਧਣਾ, ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧਾ, ਟੈਕਸ ਅਤੇ ਸਰਕਾਰੀ ਨੀਤੀਆਂ ਆਦਿ ਸ਼ਾਮਿਲ ਹਨ | ਮਹਿੰਗਾਈ ਕਾਰਨ ਲੋਕਾਂ ਵਿਚ ਮਾਨਸਿਕ ਤਣਾਓ ਵੀ ਵਧਦਾ ਜਾ ਰਿਹਾ ਹੈ | ਇਸ ਲਈ ਮਹਿੰਗਾਈ ਨੂੰ  ਕਾਬੂ ਕਰਨ ਅਤੇ ਆਮ ਵਿਅਕਤੀ ਦੇ ਜੀਵਨ ਨੂੰ  ਸੁਖਮਈ ਬਣਾਉਣ ਲਈ ਸਰਕਾਰ ਅਤੇ ਸਮਾਜ ਦੋਵਾਂ ਵਲੋਂ ਠੋਸ ਕਦਮ ਚੁੱਕਣੇ ਬਹੁਤ ਜ਼ਰੂਰੀ ਹਨ |

-ਸਤਵਿੰਦਰ ਕੌਰ ਮੱਲ੍ਹੇਵਾਲ


ਪੰਜਾਬ ਗੁਰਾਂ ਦੇ ਨਾਂਅ 'ਤੇ ਜਿਊਾਦਾ ਹੈ


ਸਾਡੇ ਗੁਰੂ ਸਾਹਿਬਨ ਲੋਕਾਈ ਦੇ ਭਲੇ, ਸੱਚ ਅਤੇ ਮਨੁੱਖਤਾ ਦਾ ਸੁਨੇਹਾ ਲੈ ਕੇ ਤੁਰੇ ਸਨ | ਉਨ੍ਹਾਂ ਦਾ ਸਾਹਮਣਾ ਅਨੇਕਾਂ ਵਿਚਾਰਾਂ ਅਤੇ ਵੱਖ-ਵੱਖ ਮਤਾਂ ਵਾਲੇ ਲੋਕਾਂ ਨਾਲ ਹੋਇਆ | ਕਈਆਂ ਨੇ ਉਨ੍ਹਾਂ ਦੀਆਂ ਗੱਲਾਂ ਦਾ ਵਿਰੋਧ ਵੀ ਕੀਤਾ, ਪਰ ਗੁਰੂ ਸਾਹਿਬਨ ਨੇ ਆਪਣੀ ਵਿਚਾਰਧਾਰਾ ਕਿਸੇ 'ਤੇ ਜ਼ਬਰਦਸਤੀ ਨਹੀਂ ਥੋਪੀ | ਉਨ੍ਹਾਂ ਨੇ ਸੱਚ ਦਾ ਰਾਹ ਦੱਸਿਆ, ਚੰਗੇ-ਮਾੜੇ ਦੀ ਸਮਝ ਦਿੱਤੀ ਅਤੇ ਫ਼ੈਸਲਾ ਮਨੁੱਖ ਦੀ ਆਪਣੀ ਸੋਚ 'ਤੇ ਛੱਡ ਦਿੱਤਾ |
ਅੱਜ ਸਾਨੂੰ ਵੀ ਇੱਕ ਪਲ ਰੁਕ ਕੇ ਸੋਚਣ ਦੀ ਲੋੜ ਹੈ | ਅਸੀਂ ਕਿਹੋ ਜਿਹਾ ਪੰਜਾਬ ਬਣਾਉਣਾ ਚਾਹੁੰਦੇ ਹਾਂ? ਉਹ ਪੰਜਾਬ ਜੋ ਗੁਰਾਂ ਦੀ ਸੋਚ, ਸਹਿਣਸ਼ੀਲਤਾ, ਮਨੁੱਖਤਾ ਅਤੇ ਚੜ੍ਹਦੀ ਕਲਾ ਨਾਲ ਜਿਊਾਦਾ ਹੈ, ਜਾਂ ਉਹ ਪੰਜਾਬ ਜਿੱਥੇ ਅਸਹਿਮਤੀ ਦਾ ਜਵਾਬ ਗੁੱਸੇ ਅਤੇ ਹਿੰਸਾ ਤੇ ਕਤਲ ਨਾਲ ਦਿੱਤਾ ਜਾਵੇ? ਕਿਸੇ ਘਟਨਾ 'ਤੇ ਸਾਡੀ ਰਾਇ ਵੱਖ ਹੋ ਸਕਦੀ ਹੈ, ਪਰ ਕਿਸੇ ਦੀ ਜਾਨ ਲੈਣਾ, ਆਪਣੇ ਵਿਚਾਰ ਥੋਪਣਾ, ਆਪਣੀ ਸੋਚ ਅਨੁਸਾਰ ਜਿਊਣ ਲਈ ਮਜ਼ਬੂਰ ਕਰਨਾ ਸਾਡੇ ਸਮਾਜ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ ਨਾ ਕੇ ਉਸ ਨੂੰ ਸਹੀ ਠਹਿਰਾਉਣਾ | ਗੁਰੂ ਸਾਹਿਬਾਨ ਦੀ ਬਾਣੀ ਅਤੇ ਜੀਵਨ ਸਾਨੂੰ ਮਨੁੱਖਤਾ, ਸੱਚ ਅਤੇ ਵਿਵੇਕ ਦਾ ਰਾਹ ਦਿਖਾਉਂਦੇ ਹਨ | ਆਓ, ਗੁਰਾਂ ਦੇ ਨਾਂਅ 'ਤੇ ਜਿਊਾਦੇ ਪੰਜਾਬ ਨੂੰ ਗੁੱਸੇ ਦਾ ਨਹੀਂ, ਗੁਰਮਤਿ, ਮਨੁੱਖਤਾ ਅਤੇ ਸੰਵਾਦ ਦਾ ਪੰਜਾਬ ਬਣਾਈਏ |

-ਪਰਮਜੀਤ ਕੌਰ ਸਰਾਂ

ਪਿਛਲੀ ਖ਼ਬਰ ਪੁਲਿਸ ਨੇ ਨਕਲੀ ਈਨੋ ਤੇ ਫੈਵੀਕਵਿਕ ਬਣਾਉਣ ਵਾਲੀ ਫੈਕਟਰੀ ਦਾ ਕੀਤਾ ਪਰਦਾਫ਼ਾਸ਼ ਅਗਲੀ ਖ਼ਬਰ ਵਿਚਾਰ-ਪ੍ਰਵਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।