31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਹਜ਼ਾਰਾਂ ਨੌਜਵਾਨਾਂ ਦੀ ਉਮੀਦ ਨੂੰ ਝਟਕਾ

ਹਜ਼ਾਰਾਂ ਨੌਜਵਾਨਾਂ ਦੀ ਉਮੀਦ ਨੂੰ ਝਟਕਾ

ਅਜੀਤ ਡੈਸਕ 31-08-2026

ਹਜ਼ਾਰਾਂ ਨੌਜਵਾਨਾਂ ਦੀ ਉਮੀਦ ਨੂੰ  ਝਟਕਾ

ਰੁਜ਼ਗਾਰ ਸਿਰਫ਼ ਨੌਕਰੀ ਨਹੀਂ ਹੁੰਦਾ, ਇਹ ਇੱਕ ਨੌਜਵਾਨ ਦੇ ਸੁਪਨਿਆਂ, ਉਸਦੇ ਪਰਿਵਾਰ ਦੀਆਂ ਉਮੀਦਾਂ ਅਤੇ ਉਸਦੇ ਭਵਿੱਖ ਦੀ ਨੀਂਹ ਹੁੰਦਾ ਹੈ | ਜਦੋਂ ਸਾਲਾਂ ਦੀ ਮਿਹਨਤ, ਲੰਬੀ ਤਿਆਰੀ ਅਤੇ ਬੇਅੰਤ ਉਡੀਕ ਤੋਂ ਬਾਅਦ ਭਰਤੀ ਪ੍ਰਕਿਰਿਆ ਹੀ ਰੱਦ ਹੋ ਜਾਵੇ, ਤਾਂ ਸਿਰਫ਼ ਇੱਕ ਇਸ਼ਤਿਹਾਰ ਨਹੀਂ ਟੁੱਟਦਾ, ਸਗੋਂ ਹਜ਼ਾਰਾਂ ਘਰਾਂ ਦੀਆਂ ਉਮੀਦਾਂ ਵੀ ਟੁੱਟ ਜਾਂਦੀਆਂ ਹਨ | ਸਰਕਾਰੀ ਭਰਤੀਆਂ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਲਾਜ਼ਮੀ ਹੈ | ਜੇ ਕਿਸੇ ਭਰਤੀ ਵਿੱਚ ਗੜਬੜ ਜਾਂ ਬੇਨਿਯਮੀਆਂ ਹੋਈਆਂ ਹਨ ਤਾਂ ਉਨ੍ਹਾਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਜ਼ਿੰਮੇਵਾਰਾਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ | ਪਰ ਇਸ ਦੇ ਨਾਲ ਇਹ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਇਮਾਨਦਾਰੀ ਨਾਲ ਮਿਹਨਤ ਕਰਨ ਵਾਲੇ ਬੇਕਸੂਰ ਉਮੀਦਵਾਰ ਬੇਵਜ੍ਹਾ ਪੀੜਤ ਨਾ ਹੋਣ | ਹਰ ਵਾਰ ਭਰਤੀਆਂ ਦਾ ਰੁਕਣਾ ਜਾਂ ਰੱਦ ਹੋਣਾ ਨੌਜਵਾਨਾਂ ਦੇ ਮਨ ਵਿੱਚ ਸਰਕਾਰੀ ਪ੍ਰਣਾਲੀ ਪ੍ਰਤੀ ਵਿਸ਼ਵਾਸ ਨੂੰ ਕਮਜ਼ੋਰ ਕਰਦਾ ਹੈ | ਇੱਕ ਅਜਿਹਾ ਤੰਤਰ ਬਣਾਉਣ ਦੀ ਲੋੜ ਹੈ ਜਿੱਥੇ ਭਰਤੀ ਪ੍ਰਕਿਰਿਆ ਸ਼ੁਰੂ ਤੋਂ ਹੀ ਪਾਰਦਰਸ਼ੀ, ਜਵਾਬਦੇਹ ਅਤੇ ਸਮੇਂ ਸਿਰ ਪੂਰੀ ਹੋਵੇ, ਤਾਂ ਜੋ ਮਿਹਨਤ ਦਾ ਮੁੱਲ ਮਿਲੇ ਅਤੇ ਸਿੱਖਿਆ ਪ੍ਰਾਪਤ ਨੌਜਵਾਨਾਂ ਦਾ ਭਵਿੱਖ ਅਨਿਸਚਿਤਤਾ ਦੀ ਭੇਟ ਨਾ ਚੜ੍ਹੇ |ਰੁਜ਼ਗਾਰ ਦੀ ਉਡੀਕ ਕਰਦਾ ਹਰ ਨੌਜਵਾਨ ਇਹੀ ਚਾਹੁੰਦਾ ਹੈ ਫ਼ੈਸਲੇ ਜੋ ਵੀ ਹੋਣ, ਉਹ ਨਿਆਂਪੂਰਨ, ਪਾਰਦਰਸ਼ੀ ਅਤੇ ਸਮੇਂ ਸਿਰ ਹੋਣ |

-ਡਾ ਬਲਜਿੰਦਰ ਕੁਮਾਰ ਕੰਬੋਜ ਲੁਧਿਆਣਾ | 

ਪੜ੍ਹਾਈ ਦੇ ਨਾਲ ਸੰਸਕਾਰ ਵੀ ਜ਼ਰੂਰੀ 

ਅੱਜ ਦੀ ਨੌਜਵਾਨ ਪੀੜ੍ਹੀ ਪੜ੍ਹ-ਲਿਖ ਕੇ ਉੱਚੀਆਂ ਮੰਜ਼ਿਲਾਂ ਹਾਸਲ ਕਰ ਰਹੀ ਹੈ | ਦੁਨੀਆ ਭਰ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮੰਨਵਾ ਰਹੀ ਹੈ, ਪਰ ਇਸ ਤਰੱਕੀ ਦੇ ਨਾਲ ਇੱਕ ਚਿੰਤਾਜਨਕ ਗੱਲ ਵੀ ਸਾਹਮਣੇ ਆ ਰਹੀ ਹੈ | ਕਈ ਨੌਜਵਾਨ ਆਪਣੇ ਮਾਪਿਆਂ ਅਤੇ ਵੱਡਿਆਂ ਦਾ ਸਤਿਕਾਰ ਕਰਨਾ ਅਤੇ ਰਿਸ਼ਤਿਆਂ ਦੀ ਕਦਰ ਕਰਨੀ ਭੁੱਲਦੇ ਜਾ ਰਹੇ ਹਨ | ਅੱਜ ਪੈਸਾ ਕਮਾਉਣ ਦੀ ਦੌੜ ਵਿੱਚ ਕਈ ਵਾਰ ਇਨਸਾਨ ਉਨ੍ਹਾਂ ਲੋਕਾਂ ਤੋਂ ਹੀ ਦੂਰ ਹੋ ਜਾਂਦਾ ਹੈ, ਜਿਨ੍ਹਾਂ ਨੇ ਉਸਦੀ ਜ਼ਿੰਦਗੀ ਬਣਾਉਣ ਲਈ ਆਪਣੀਆਂ ਖੁਸ਼ੀਆਂ ਤੱਕ ਕੁਰਬਾਨ ਕਰ ਦਿੱਤੀਆਂ | ਮਾਪਿਆਂ ਨੇ ਆਪਣੇ ਬੱਚਿਆਂ ਦੀ ਪਰਵਰਿਸ਼ ਲਈ ਦਿਨ-ਰਾਤ ਮਿਹਨਤ ਕੀਤੀ, ਆਪਣੀਆਂ ਲੋੜਾਂ ਨੂੰ ਪਿੱਛੇ ਰੱਖਿਆ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੇ ਸੁਪਨੇ ਵੇਖੇ | ਪਰ ਜਦੋਂ ਬੱਚੇ ਕਾਮਯਾਬ ਹੋ ਜਾਂਦੇ ਹਨ ਤਾਂ ਕਈ ਵਾਰ ਉਹੀ ਮਾਪੇ ਉਨ੍ਹਾਂ ਲਈ ਸਮਾਂ ਕੱਢਣ ਦੇ ਵੀ ਹੱਕਦਾਰ ਨਹੀਂ ਸਮਝੇ ਜਾਂਦੇ | ਪੜ੍ਹਾਈ ਮਨੁੱਖ ਨੂੰ ਗਿਆਨ ਦਿੰਦੀ ਹੈ, ਪਰ ਸੰਸਕਾਰ ਉਸਨੂੰ ਇਨਸਾਨ ਬਣਾਉਂਦੇ ਹਨ | ਵੱਡਿਆਂ ਦਾ ਸਤਿਕਾਰ ਕਰਨਾ, ਮਾਪਿਆਂ ਦੀ ਕਦਰ ਕਰਨਾ, ਛੋਟਿਆਂ ਨਾਲ ਪਿਆਰ ਕਰਨਾ ਅਤੇ ਰਿਸ਼ਤਿਆਂ ਨੂੰ ਸਮਾਂ ਦੇਣਾ ਵੀ ਜ਼ਿੰਦਗੀ ਦੀ ਸਫਲਤਾ ਦਾ ਹਿੱਸਾ ਹੈ | ਮਹਿੰਗੇ ਕੱਪੜੇ, ਵੱਡੀ ਗੱਡੀ, ਚੰਗੀ ਨੌਕਰੀ ਅਤੇ ਬੈਂਕ ਬੈਲੈਂਸ ਜ਼ਿੰਦਗੀ ਨੂੰ ਸੁਖੀ ਬਣਾ ਸਕਦੇ ਹਨ, ਪਰ ਆਪਣੇ ਲੋਕਾਂ ਦਾ ਪਿਆਰ ਅਤੇ ਪਰਿਵਾਰ ਦੀ ਸਾਂਝ ਨਹੀਂ ਖਰੀਦ ਸਕਦੇ | ਸਾਨੂੰ ਨੌਜਵਾਨ ਪੀੜ੍ਹੀ ਨੂੰ ਦੋਸ਼ ਦੇਣ ਦੀ ਬਜਾਏ ਇਹ ਵੀ ਸੋਚਣਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਨੂੰ ਕੀ ਸਿਖਾਇਆ ਹੈ | ਬੱਚਿਆਂ ਨੂੰ ਸਿਰਫ਼ ਪੜ੍ਹਾਈ ਅਤੇ ਕਰੀਅਰ ਲਈ ਨਹੀਂ, ਸਗੋਂ ਰਿਸ਼ਤਿਆਂ, ਜ਼ਿੰਮੇਵਾਰੀਆਂ ਅਤੇ ਇਨਸਾਨੀ ਕਦਰਾਂ-ਕੀਮਤਾਂ ਲਈ ਵੀ ਤਿਆਰ ਕਰਨਾ ਚਾਹੀਦਾ ਹੈ |

-ਗੁਰਪ੍ਰੀਤ ਸਿੰਘ ਜਖਵਾਲੀ
(ਸ੍ਰੀ ਫ਼ਤਹਿਗੜ੍ਹ ਸਾਹਿਬ)

ਆਰਥਿਕ ਵਸੀਲੇ

ਪੰਜਾਬ 'ਚ ਆਉਣ ਵਾਲੀਆਂ 2027 ਦੀਆਂ ਚੋਣਾਂ 'ਚ ਤਰਲੋਮੱਛੀ ਹੋ ਰਹੀਆਂ ਰਾਜਨੀਤਕ ਪਾਰਟੀਆਂ ਦੀ ਤ੍ਰਾਸਦੀ ਨੂੰ  ਤਰਾਸਦੀ ਤਸਵੀਰ ਸੋਸ਼ਲ ਮੀਡੀਆ 'ਤੇ ਦੇਖ ਰਿਹਾ ਹਾਂ | ਸ. ਬਰਜਿੰਦਰ ਸਿੰਘ ਹਮਦਰਦ ਹੋਰਾਂ ਦੀ ਸੰਪਾਦਕੀ 'ਵਿੱਤੀ ਯੋਜਨਾਬੰਦੀ ਦੀ ਘਾਟ' ਪਿੱਛੇ ਲੋਕ ਸਭਾ ਦੀਆਂ ਚੋਣਾਂ ਮੌਕੇ ਲਿਖੀ ਸੀ ਯਾਦ ਆ ਗਈ | ਉਨ੍ਹਾਂ ਦੀ 'ਰੰਗਲਾ ਨਹੀਂ ਕੰਗਲਾ' ਬਣਨ ਵੱਲ ਵਧ ਰਿਹੈ ਵੀ ਕਾਬਲੇ ਗ਼ੌਰ ਸੀ | ਲੋਕ ਸਭਾ ਦੀਆਂ ਹੋ ਰਹੀਆ ਚੋਣਾਂ ਤੇ ਰਾਜਨੀਤਕ ਪਾਰਟੀਆਂ ਲੋਕਾ ਨੂੰ ਮੁਫਤ ਦੀਆਂ ਸਹੂਲਤਾਂ ਦਾ ਲਾਲਚ ਤੇ ਲੋਕ ਭਰਮਾਉਣ ਐਲਾਨ ਕਰ ਕੇ ਚੋਣਾਂ ਸਮੇਂ ਦਾਅ ਖੇਡ ਸੱਤਾ ਪ੍ਰਾਪਤ ਕਰ ਪ੍ਰਦੇਸ਼ ਨੂੰ ਕਰਜਾਈ ਕਰ ਰਹੀਆਂ ਹਨ | ਤੁਸੀਂ ਸੂਬਾ ਸਰਕਾਰ ਤੋਂ ਹੀ ਲਗਾ ਸਕਦੇ ਹੋ ਜੋ ਹੁਣ ਤੱਕ ਘਰੇਲੂ ਉਤਪਾਦ ਦਾ 52 ਫ਼ੀਸਦੀ ਕਰਜ਼ਾ ਲੈ ਚੁੱਕੀ ਹੈ ਤੇ ਕਰਜ਼ੇ ਦੀ ਪੰਡ ਵਧਦੀ ਜਾ ਰਹੀ ਹੈ | ਜੋ ਪੰਜਾਬ ਤੇ ਅਵਾਮ ਲਈ ਸ਼ੁਭ ਸੰਕੇਤ ਨਹੀਂ ਹਨ | ਵੋਟਰਾਂ ਨੂੰ ਸੋਚ ਸਮਝ ਕੇ ਇਮਾਨਦਾਰ, ਪੜ੍ਹੇ ਲਿਖੇ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਉਣੀ ਚਾਹੀਦੀ ਹੈ | 

-ਗੁਰਮੀਤ ਸਿੰਘ ਵੇਰਕਾ ਪੁਲਿਸ ਐਡਮਨਿਸਟ੍ਰੇਸ਼ਨ

ਕਾਸ਼! ਭਗਤ ਸਿੰਘ ਦੀ ਫੋਟੋ ਲਗਦੀ

ਸਕੂਲੀ ਵਿਦਿਆਰਥੀਆਂ ਨੂੰ  ਵੰਡੇ ਜਾਣ ਵਾਲੇ ਬੈਗਾਂ 'ਤੇ ਕਾਸ਼! ਮੁੱਖ ਮੰਤਰੀ ਸਾਹਿਬ ਦੀ ਫੋਟੋ ਦੀ ਜਗ੍ਹਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਫੋਟੋ ਲਗਦੀ ਤਾਂ ਲੋਕਾਂ 'ਚ ਚੰਗਾ ਸੰਦੇਸ਼ ਜਾਂਦਾ | ਇਸ ਨਾਲ ਸਰਕਾਰ ਦੀ ਕੋਈ ਆਲੋਚਨਾ ਵੀ ਨਾ ਹੁੰਦੀ ਤੇ ਸਾਡੀ ਨੌਜਵਾਨ ਪੀੜ੍ਹੀ ਨੂੰ  ਦੇਸ਼ ਭਗਤੀ ਦਾ ਇਕ ਸੁਨੇਹਾ ਵੀ ਜਾਂਦਾ | ਇਸੇ ਤਰ੍ਹਾਂ ਤੀਰਥ ਯਾਤਰਾ ਨੂੰ  ਜਾਣ ਵਾਲੀਆਂ ਬੱਸਾਂ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਰਾਮ ਚੰਦਰ ਵਗੈਰਾ ਦੀਆਂ ਤਸਵੀਰਾਂ ਲਾਈਆਂ ਜਾਂਦੀਆਂ ਤਾਂ ਹੋਰ ਵੀ ਚੰਗਾ ਹੁੰਦਾ | ਅਜਿਹਾ ਕਰਨ ਨਾਲ ਲੋਕਾਂ 'ਚ ਇਕ ਹੋਰ ਚੰਗਾ ਸੰਦੇਸ਼ ਜਾਣਾ ਸੀ | ਦੂਜਿਆਂ ਨੂੰ  ਹਵਾਈ ਜਹਾਜ਼ ਦੇ ਅੱਡੇ ਦਾ ਨਾਂਅ ਸ਼ਹੀਦ ਭਗਤ ਦੇ ਨਾਂਅ 'ਤੇ ਰੱਖਣ ਦੀ ਮੰਗ ਕਰਨ ਤੇ ਨੋਟਾਂ 'ਤੇ ਭਗਤ ਸਿੰਘ ਦੀ ਫੋਟੋ ਲਾਉਣ ਦੀ ਮੰਗ ਕਰਨ ਵਾਲੇ ਲੋਕਾਂ ਨੂੰ  ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਜ਼ਰੂਰ ਫੇਰ ਲੈਣਾ ਚਾਹੀਦਾ ਹੈ |

-ਲੈਕਚਰਾਰ ਅਜੀਤ ਖੰਨਾ

ਪਿਛਲੀ ਖ਼ਬਰ ਇਕ ਵਕੀਲ ਦਾ ‘ਮੁਨਸ਼ੀ’ ਨਿਕਲਿਆ ‘ਝਪਟਮਾਰੀ’ ਦੀਆਂ ਦੋ ਵਾਰਦਾਤਾਂ ਦਾ ਮੁਲਜ਼ਮ ਸੀ . ਸੀ . ਟੀ . ਵੀ . ਫੁਟੇਜ ਨੇ ਖੋਲ੍ਹਿਆ ਭ... ਅਗਲੀ ਖ਼ਬਰ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਵਧਦੀ ਤਸਕਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।