ਨਵੀਂ ਦਿੱਲੀ, 13 ਫਰਵਰੀ (ਮਿਸਰਦੀਪ ਭਾਟੀਆ)-'ਦਿੱਲੀ ਯੂਨੀਵਰਸਿਟੀ ਲਿਟਰੇਚਰ ਫੈਸਟੀਵਲ' ਦੇ ਪਹਿਲੇ ਦਿਨ ਪੈਨਲ ਚਰਚਾ ਦੇ ਦੌਰਾਨ ਡੀ. ਯੂ. ਦੇ ਵਾਈਸ ਚਾਂਸਲਰ ਨੇ ਸਮਾਗਮ ਦੇ ਬੁਲਾਰੇ ਵਿਜੇ ਚੌਥਾਈਵਾਲੇ (ਇੰਚਾਰਜ ਵਿਦੇਸ਼ ਵਿਭਾਗ, ਭਾਜਪਾ) ਨਾਲ ਗੱਲਬਾਤ ਕੀਤੀ | ਪ੍ਰੋ. ਯੋਗੇਸ਼ ਸਿੰਘ ਨੇ ਖੂਬ ਗਹਿਰੇ ਸਵਾਲ ਪੁੱਛੇ ਅਤੇ ਵਿਜੇ ਚੌਥਾਈਵਾਲੇ ਨੇ ਵੀ ਬੜੇ ਦਿਲਚਸਪ ਜਵਾਬ ਦਿੱਤੇ | ਵਾਈਸ ਚਾਂਸਲਰ ਨੇ ਜਦੋਂ ਸਵਾਲ ਕੀਤਾ ਕਿ ਤੁਸੀਂ ਇਕ ਵਿਗਿਆਨੀ ਸੀ ਤਾਂ ਫਿਰ ਤੁਸੀਂ ਰਾਜਨੀਤੀ ਵਿਚ ਕਿਵੇਂ ਆਏ? ਵਿਜੇ ਚੌਥਾਈਵਾਲੇ ਨੇ ਜਵਾਬ ਦਿੱਤਾ ਕਿ ਕਦੀ-ਕਦੀ ਜ਼ਿੰਦਗੀ ਵਿਚ ਹਾਦਸੇ ਹੁੰਦੇ ਹਨ ਅਤੇ ਉਹ ਵੀ ਚੰਗੇ ਲਈ ਹੁੰਦੇ ਹਨ | ਮੈਂ ਸੋਚਿਆ ਵਿਗਿਆਨੀ ਹਾਂ, ਪ੍ਰਯੋਗ ਕਰ ਲੈਂਦਾ ਹਾਂ | ਇਹ ਪ੍ਰਯੋਗ ਸਫਲ ਰਿਹਾ | ਪਿਛਲੇ 11 ਸਾਲਾਂ ਤੋਂ ਕੋਈ ਦਿੱਕਤ ਨਹੀਂ ਆਈ ਹੈ | ਵਾਈਸ ਚਾਂਸਲਰ ਨੇ ਪੁੱਛਿਆ ਕੀ ਤੁਹਾਨੂੰ ਰਾਜਨੀਤੀ ਵਿਚ ਆਉਣ ਦਾ ਪਛਤਾਵਾ ਹੈ | ਵਿਜੇ ਚੌਥਾਈਵਾਲੇ ਨੇ ਜਵਾਬ ਦਿੱਤਾ ਕਿ ਨਹੀਂ | ਮੈਨੂੰ ਹਰ ਰੋਜ਼ ਨਵੇਂ ਅਨੁਭਵ ਹੁੰਦੇ ਹਨ | ਨਵੇਂ ਲੋਕਾਂ ਨੂੰ ਮਿਲਦਾ ਹਾਂ | ਬਹੁਤ ਚੰਗਾ ਲਗਦਾ ਹੈ | ਵਾਈਸ ਚਾਂਸਲਰ ਨੇ ਸਵਾਲ ਕੀਤਾ ਕਿ ਕੀ ਆਪ ਸਾਇੰਸ ਨੂੰ ਮਿਸ ਕਰਦੇ ਹੋ? ਵਿਜੇ ਚੌਥਾਈਵਾਲੇ ਨੇ ਕਿਹਾ ਕਿ ਵਿਗਿਆਨ ਹਮੇਸ਼ਾ ਮੇਰਾ ਪਹਿਲਾ ਪਿਆਰ ਰਿਹਾ ਹੈ, ਜਦੋਂ ਵੀ ਮਨ ਕਰਦਾ ਹੈ, ਮੈਂ ਲੈਬ ਜਾਂਦਾ ਹਾਂ | ਹੁਣ ਵੀ ਨੌਜਵਾਨ ਵਿਗਿਆਨੀਆਂ ਨੂੰ ਮਿਲਦਾ ਹਾਂ | ਜਦੋਂ ਵਾਈਸ ਚਾਂਸਲਰ ਨੇ ਵਿਜੇ ਚੌਥਾਈਵਾਲੇ ਨੂੰ ਪ੍ਰਸ਼ਨ ਕੀਤਾ ਕਿ ਕੋਈ ਇਕ ਵਿਅਕਤੀ ਦਾ ਨਾਂਅ ਦੱਸੋ ਜਿਸ ਨੇ ਆਪ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ | ਤਾਂ ਉਸ ਨੇ ਜਵਾਬ ਦਿੱਤਾ ਕਿ ਇਕ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੂਜੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਅਤੇ ਤੀਜੇ ਸਰਸੰਘ ਚਾਲਕ ਬਾਲਾ ਸਾਹਿਬ ਦੇਵਰਸ ਨੇ ਉਨ੍ਹਾਂ ਦੇ ਜੀਵਨ 'ਤੇ ਸਭ ਤੋਂ ਜ਼ਿਆਦਾ ਪ੍ਰਭਾਵ ਪਾਇਆ ਹੈ | ਜਦੋਂ ਵਾਈਸ ਚਾਂਸਲਰ ਨੇ ਪੁੱਛਿਆ ਕਿ 2047 ਵਿਚ ਭਾਰਤ ਵਿਕਸਿਤ ਭਾਰਤ ਹੋਵੇਗਾ | ਆਪ 2047 ਵਿਚ ਕਿਸ ਤਰ੍ਹਾਂ ਦਾ ਭਾਰਤ ਦੇਖਦੇ ਹੋ? ਵਿਜੇ ਚੌਥਾਈਵਾਲੇ ਨੇ ਜਵਾਬ ਦਿੱਤਾ ਕਿ 2047 ਦੇ ਵਿਕਸਿਤ ਭਾਰਤ ਵਿਚ ਨਵੀਨਤਾ ਦਾ ਬਹੁਤ ਵੱਡਾ ਯੋਗਦਾਨ ਹੋਵੇਗਾ | ਭਾਰਤ ਦੀ ਆਬਾਦੀ ਨੂੰ ਅਜਿਹੀਆਂ ਨਵੀਨਤਾਵਾਂ ਪੈਦਾ ਕਰਨੀਆਂ ਚਾਹੀਦੀਆਂ ਹਨ ਜੋ ਵਿਸ਼ਵ ਪੱੱਧਰੀ ਅਤੇ ਦੁਨੀਆ ਲਈ ਉਪਯੋਗੀ ਹੋਣ | ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਲੋਕਾਂ ਵਿਚ ਦੇਸ਼ ਭਗਤੀ ਕਿਵੇਂ ਪੈਦਾ ਕੀਤੀ ਜਾਵੇ ਤਾਂ ਉਨ੍ਹਾਂ ਕਿਹਾ ਕਿ ਦੇਸ਼ ਲਈ ਕੰਮ ਕਰਨ ਵਾਲੇ ਬਹੁਤ ਸਾਰੇ ਨੌਜਵਾਨ ਹਨ | 'ਰਾਡਾਰ ਤੋਂ ਹੇਠਾਂ' ਕੰਮ ਕਰਨ ਵਾਲਿਆਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ | ਉਨ੍ਹਾਂ ਤੋਂ ਪ੍ਰੇਰਣਾ ਮਿਲੇਗੀ | ਜਦੋਂ ਵਾਈਸ ਚਾਂਸਲਰ ਨੇ ਪੁੱਛਿਆ ਕਿ ਜੇਕਰ ਉਹ ਭਾਜਪਾ ਵਿਚ ਨਾ ਹੁੰਦੇ ਤਾਂ ਕਿੱਥੇ ਹੁੰਦੇ? ਵਿਜੇ ਚੌਥਾਈਵਾਲੇ ਨੇ ਕਿਹਾ ਕਿ ਤਾਂ ਉਹ ਸਿਰਫ ਇਕ ਵਿਗਿਆਨੀ ਹੁੰਦੇ | ਭਾਜਪਾ ਉਨ੍ਹਾਂ ਦੀ ਪਹਿਲੀ ਅਤੇ ਆਖਰੀ ਪਾਰਟੀ ਹੈ | ਜਦੋਂ ਵਾਈਸ ਚਾਂਸਲਰ ਨੇ ਪੁੱਛਿਆ ਕਿ ਜੇਕਰ ਆਪ ਨੂੰ ਭਾਜਪਾ ਛੱਡਣ ਦਾ ਮੌਕਾ ਮਿਲੇ ਤਾਂ ਕੀ ਕਰੋਗੇ ਤਾਂ ਵਿਜੇ ਚੌਥਾਈਵਾਲੇ ਨੇ ਕਿਹਾ ਕਿ ਉਹ ਫਿਰ ਕੌਫੀ ਸ਼ਾਪ ਖੋਲ੍ਹਣਗੇ | ਉਨ੍ਹਾਂ ਨੇ ਬਾਅਦ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਵਾਲਾਂ ਦੇ ਜਵਾਬ ਬਹੁਤ ਗੰਭੀਰਤਾ ਨਾਲ ਦਿੱਤੇ |