ਕੋਲਕਾਤਾ, 13 ਫਰਵਰੀ (ਰਣਜੀਤ ਸਿੰਘ ਲੁਧਿਆਣਵੀ)-ਵੈਲਨਟਾਈਨ ਡੇ ਮੌਕੇ ਪਸ਼ੂਆਂ ਦੀ ਭਲਾਈ ਕਰਨ ਵਾਲੀ ਸੰਸਥਾ ਦੇ ਕਾਰਕੁਨਾਂ ਨੇ ਲੋਕਾਂ ਤੋਂ ਸ਼ਾਕਾਹਾਰੀ ਬਣਨ ਦੀ ਅਪੀਲ ਕਰਦਿਆਂ ਗੁਲਾਬ ਫੁੱਲ ਭੇਟ ਕਰਕੇ ਕਿਹਾ ਕਿ ਸ਼ਾਕਾਹਾਰੀ (ਵੈਜੀਟੇਰੀਅਨ) ਬਣੋ ਤੇ ਪਿਆਰ ਵੰਡੋ | ਮਰਸ਼ੀ ਫਾਰ ਐਨੀਮਲਸ ਦੇ ਕਾਰਕੁੰਨ ਕੋਲਕਾਤਾ ਦੇ ਮਸ਼ਹੂਰ ਸੈਰ ਸਪਾਟਾ ਕੇਂਦਰ ਵਿਕਟੋਰੀਆ ਮੈਮੋਰੀਅਲ ਸਾਹਮਣੇ ਮੁੂਰਗੀ, ਗਾਂ ਤੇ ਸੂਰ ਦੇ ਵੇਸ਼ 'ਚ ਲੋਕਾਂ ਨੂੰ ਗੁਲਾਬ ਦਾ ਫੁੱਲ ਵੰਡ ਕੇ ਕਹਿ ਰਹੇ ਸਨ ਕਿ ਸਾਡੀ ਜਾਨ ਬਖਸ਼ ਦਿਉ ਤੇ ਸ਼ਾਕਾਹਾਰੀ ਬਣੋ | ਇਥੇ ਆਉਣ ਵਾਲਿਆਂ, ਬੱਸ ਤੇ ਟੈਕਸੀ 'ਚ ਜਾ ਰਹੇ ਲੋਕਾਂ ਨੂੰ ਰੋਕ ਕੇ ਉਨ੍ਹਾਂ ਪਿਆਰ ਤੇ ਜਾਨ ਬਖਸਣ ਦਾ ਸੁਨੇਹਾ ਦਿੱਤਾ | ਮਾਸ ਖਾਣ ਦਾ ਵਿਰੋਧ ਕਰਦਿਆਂ ਪ੍ਰੋਗਰਾਮ ਦੇ ਕਨਵੀਨਰ ਕੁਸ਼ਲ ਸਮਾਦਾਰ ਨੇ ਕਿਹਾ ਕਿ ਵੈਲਨਟਾਈਨ ਡੇ ਪ੍ਰੇਮ ਦਾ ਦਿਨ ਹੈ ਤੇ ਇਹ ਸੁਨੇਹਾ ਸਾਰੇ ਜਿਉਂਦੇ ਪ੍ਰਾਣੀਆਂ ਤਕ ਪੁੱਜਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਭਾਰਤ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਮੀਟ ਉਤਪਾਦਨ ਕਰਨ ਵਾਲਾ ਦੇਸ਼ ਹੈ, ਜਿਥੇ 1.05 ਕਰੋੜ ਟਨ ਤੋਂ ਵੱਧ ਜਾਨਵਰਾਂ ਨੂੰ ਮਾਰਿਆ ਜਾਂਦਾ ਹੈ ਤੇ ਇਸ 'ਚ ਅੱਧੀਆਂ ਮੂਰਗੀਆਂ ਹਨ |