ਨਵੀਂ ਦਿੱਲੀ, 13 ਫਰਵਰੀ (ਜਗਤਾਰ ਸਿੰਘ)-ਲੋਕ ਜਨ ਸ਼ਕਤੀ ਪਾਰਟੀ ਰਾਮਬਿਲਾਸ ਪੰਜਾਬ ਦੇ ਸੀਨੀਅਰ ਮੀਡੀਆ ਇੰਚਾਰਜ ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਨੇ ਪਾਰਟੀ ਦੇ ਮੁਖੀ ਤੇ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨਾਲ ਮੁਲਾਕਾਤ ਕੀਤੀ | ਇਸ ਬਾਰੇ ਗਹਿਰੀਵਾਲਾ ਨੇ ਦੱਸਿਆ ਕਿ ਮੁਲਾਕਾਤ ਦੌਰਾਨ ਕੇਂਦਰੀ ਮੰਤਰੀ ਪਾਸਵਾਨ ਨੂੰ ਪੰਜਾਬ ਸੂਬੇ ਦੇ ਮੌਜੂਦਾ ਹਾਲਾਤ ਤੇ ਪੰਜਾਬ ਪ੍ਰਦੇਸ਼ ਪ੍ਰਧਾਨ ਅਮਰ ਸਿੰਘ ਮਹਿਮੀ ਦੀ ਅਗਵਾਈ 'ਚ ਪਾਰਟੀ ਵਲੋਂ ਸੂਬੇ 'ਚ ਕੀਤੀਆਂ ਜਾ ਰਹੀਆਂ ਸਰਗਰਮੀਆਂ ਤੋਂ ਜਾਣੂ ਕਰਾਇਆ | ਇਸ ਤੋਂ ਇਲਾਵਾ ਪੰਜਾਬ ਦੇ ਮਾੜੇ ਹਲਾਤਾਂ, ਗੁੰਡਾਗਰਦੀ, ਕਤਲੇਆਮ, ਲੁੱਟ ਖੋਹ ਤੇ ਵਪਾਰੀਆਂ ਤੋਂ ਫਿਰੌਤੀਆਂ ਮੰਗਣ ਸੰਬੰਧੀ ਘਟਨਾਵਾਂ ਬਾਰੇ ਵੀ ਚਿਰਾਗ ਪਾਸਵਾਨ ਨੂੰ ਜਾਣੂ ਕਰਾਇਆ | ਇਸੇ ਦੇ ਮੱਦੇਨਜ਼ਰ ਪੰਜਾਬ 'ਚ ਚੌਥਾ ਬਦਲ ਲਿਆਉਣ ਲਈ ਪੰਜਾਬੀਆਂ ਨੂੰ ਲੋਕ ਜਨਸ਼ਕਤੀ ਪਾਸਵਾਨ ਨਾਲ ਜੁੜਨ ਦਾ ਸੱਦਾ ਦਿੱਤਾ ਜਾ ਰਿਹਾ ਹੈ | ਗਹਿਰੀਵਾਲਾ ਨੇ ਪਾਰਟੀ ਸੁਪਰੀਮੋ ਦੇ ਹਵਾਲੇ ਨਾਲ ਇਹ ਵੀ ਦਾਅਵਾ ਕੀਤਾ ਕਿ ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕ ਜਨਸ਼ਕਤੀ ਪਾਰਟੀ ਸਾਰੀਆਂ 117 ਸੀਟਾਂ 'ਤੇ ਉਮੀਦਵਾਰ ਖੜੇ੍ਹ ਕਰੇਗੀ ਜਾਂ ਫਿਰ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੀਆਂ ਧਿਰਾਂ ਨਾਲ ਸਮਝੌਤਾ ਕੀਤਾ ਜਾਵੇਗਾ |