ਟੋਹਾਣਾ/ਜਾਖਲ, 15 ਫ਼ਰਵਰੀ (ਮਨਜੀਤ ਸਿੰਘ)-ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਵੱਖੋ-ਵੱਖ ਕਿਸਾਨ ਜਥੇਬੰਦੀਆਂ ਆਪੋ ਆਪਣੇ ਪੱਧਰ 'ਤੇ ਰੋਸ ਰੈਲੀਆਂ, ਧਰਨੇ, ਮੁਜ਼ਾਹਰੇ ਤੇ ਸੰਘਰਸ਼ ਕਰ ਰਹੀਆਂ ਹਨ | ਇਸ ਲਈ ਬਲਾਕ, ਡਵੀਜ਼ਨ ਤੇ ਜ਼ਿਲ੍ਹਾ ਪੱਧਰ 'ਤੇ ਸੰਬੰਧਿਤ ਅਧਿਕਾਰੀਆਂ ਨੂੰ ਮੁੱਖ ਮੰਤਰੀ ਹਰਿਆਣਾ ਦੇ ਨਾਂਅ ਮੰਗ-ਪੱਤਰ ਵੀ ਸੌਂਪੇ ਗਏ ਤਾਂ ਕਿ ਕਿਸਾਨਾਂ ਦੇ ਮਸਲੇ ਹੱਲ ਹੋਣ | ਇਸੇ ਹੀ ਤਰਜ਼ 'ਤੇ ਜਾਖਲ ਬਲਾਕ ਵਿਚ 'ਪਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਸੰਮਤੀ' ਹਰਿਆਣਾ ਸਟੇਟ ਕਮੇਟੀ ਭਾਈ ਮਨਦੀਪ ਨਥਵਾਨ ਦੀ ਪ੍ਰਧਾਨਗੀ ਹੇਠ ਕਰਜ਼ਾ ਮੁਕਤੀ ਮਾਰਚ ਕੱਢਿਆ | ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਜੱਗੀ ਮਾਹਲ ਨੇ ਦੱਸਿਆ ਕਿ ਇਹ ਮਾਰਚ ਬਲਾਕ ਜਾਖਲ ਦੇ ਮੂਸਾ ਪਿੰਡ ਤੋਂ ਮੁੰਦਲੀਆ, ਤਲਵਾੜਾ, ਜਾਖਲ ਪਿੰਡ, ਉਦੈਪੁਰ ਪਿੰਡ ਤੱਕ ਕੱਢਿਆ, ਜਿਸ 'ਚ ਵੱਡੀ ਗਿਣਤੀ ਵਿਚ ਕਿਸਾਨਾਂ ਨੂੰ 23, 24, 25 ਫਰਵਰੀ ਨੂੰ ਕੁਰੂਕਸ਼ੇਤਰ ਮੁੱਖ ਮੰਤਰੀ ਨਿਵਾਸ ਦੇ ਸਾਹਮਣੇ ਹੋਣ ਵਾਲੇ ਰੋਸ ਪ੍ਰਦਰਸ਼ਨ ਵਿਚ ਪਹੁੰਚਣ ਦਾ ਸੱਦਾ ਦਿੱਤਾ ਗਿਆ | ਇਸ ਮੌਕੇ ਰਾਮ ਸਿਵਾਚ, ਮਹਿੰਦਰ ਮੋਚੀ, ਨਿਸ਼ਾਨ ਸਿੰਘ, ਨਿਰਮਲ ਸਰਪੰਚ, ਜੱਸਾ ਸਾਧਨਵਾਸ, ਜਗਤਾਰ ਗੋਰਾ, ਜੱਗੀ ਮਾਹਲ ਆਦਿ ਬਲਾਕ ਜਾਖਲ ਕਮੇਟੀ ਤੇ ਸਟੇਟ ਕਮੇਟੀ ਦੇ ਸੂਬਾ ਜ਼ਿਲ੍ਹਾ ਮੈਂਬਰਾਂ ਤੋਂ ਇਲਾਵਾ ਸੈਂਕੜੇ ਲੋਕ ਮੌਜੂਦ ਸਨ |