ਡੱਬਵਾਲੀ, 15 ਫਰਵਰੀ (ਇਕਬਾਲ ਸਿੰਘ ਸ਼ਾਂਤ)-ਸਰਕਾਰਾਂ ਵਲੋਂ ਬਕਾਇਆ ਮੰਗਾਂ ਸੰਬੰਧੀ ਸੁਣਵਾਈ ਨਾ ਕੀਤੇ ਜਾਣ ਕਰਕੇ ਆਰਥਿਕ ਤੇ ਸਮਾਜਿਕ ਦੁਸ਼ਵਾਰੀਆਂ ਦਾ ਸਾਹਮਣਾ ਕਰ ਰਹੇ ਸੇਵਾਮੁਕਤ ਮੁਲਾਜਮਾਂ ਨੇ ਆਪਣੀ ਹੱਕੀ ਆਵਾਜ ਉਠਾਈ ਹੈ | ਸੇਵਾਮੁਕਤ ਕਰਮਚਾਰੀ ਸੰਘ ਦੀ ਮਹੀਨਾਵਰ ਮੀਟਿੰਗ ਦੌਰਾਨ ਪੈਨਸ਼ਨ 'ਚ ਵਾਧੇ, ਮੈਡੀਕਲ ਸਹੂਲਤਾਂ, ਸਫ਼ਰ ਰਿਆਇਤਾਂ ਅਤੇ ਬਕਾਇਆ ਭੁਗਤਾਨ ਵਰਗੇ ਜਿਹੇ ਭਖਦੇ ਮੁੱਦਿਆਂ 'ਤੇ ਚਰਚਾ ਕੀਤੀ ਗਈ | ਪੰਜਾਬੀ ਧਰਮਸਾਲਾ ਵਿਚ ਮੀਟਿੰਗ ਦੀ ਪ੍ਰਧਾਨਗੀ ਬਲਾਕ ਪ੍ਰਧਾਨ ਸੁਖਵੰਤ ਸਿੰਘ ਚੀਮਾ ਨੇ ਕੀਤੀ | ਮੀਟਿੰਗ ਮੌਕੇ ਸੰਸਦ ਵਲੋਂ ਪਾਸ ਵਿੱਤ ਬਿਲ 2025 'ਤੇ ਨਾਰਾਜ਼ਗੀ ਜਤਾਉਂਦੇ ਕਿਹਾ ਗਿਆ ਕਿ ਇਸ ਨਾਲ ਸੇਵਾਮੁਕਤ ਮੁਲਾਜਮ ਤਨਖ਼ਾਹ ਦੀਆਂ ਸੋਧ ਦੇ ਲਾਹੇ ਤੋਂ ਵਾਂਝੇ ਹੋਣਗੇ | ਪੈਨਸ਼ਨ ਨੂੰ ਟੈਕਸ ਮੁਕਤ ਕਰਨ, ਮੈਡੀਕਲ ਭੱਤਾ 3000 ਰੁਪਏ ਤੈਅ ਕਰਨ ਅਤੇ ਸਾਰੀਆਂ ਬਿਮਾਰੀਆਂ ਲਈ ਕੈਸ਼ਲੇਸ ਇਲਾਜ ਸਹੂਲਤ ਦੀ ਮੰਗ ਦੁਹਰਾਈ ਗਈ | ਇਸ ਮੌਕੇ ਸੁਖਵੰਤ ਸਿੰਘ ਚੀਮਾ ਨੇ ਚੰਡੀਗੜ੍ਹ ਦੀ ਤਰਜ 'ਤੇ 65, 70 ਤੇ 75 ਸਾਲ ਦੀ ਉਮਰ ਪੂਰੀ ਕਰਨ 'ਤੇ ਕ੍ਰਮਵਾਰ 10, 15 ਤੇ 20 ਫੀਸਦੀ ਪੈਨਸ਼ਨ ਵਾਧੇ ਦੀ ਮੰਗ ਕੀਤੀ | ਸਲਾਹਕਾਰ ਕਾਲੂ ਰਾਮ ਮਹਿਤਾ ਨੇ ਰੇਲ ਯਾਤਰਾ ਵਿਚ 50 ਫੀਸਦੀ ਛੋਟ ਬਹਾਲ ਕਰਨ, ਕਮਿਊਟੇਸ਼ਨ ਕਟੌਤੀ ਸਮਾਂ 15 ਤੋਂ ਘਟਾ ਕੇ 12 ਸਾਲ ਕਰਨ ਅਤੇ ਫੈਮਿਲੀ ਪੈਨਸ਼ਨ ਨੂੰ ਐਲਟੀਸੀ ਨਾਲ ਜੋੜਨ ਦੀ ਗੰਲ ਕੀਤੀ | ਜਾਨਚੀ ਸ੍ਰੀਰਾਮ ਪਟਵਾਰੀ ਨੇ ਸੀਨੀਅਰ ਸਿਟੀਜ਼ਨਾਂ ਲਈ ਏਸੀ ਬੱਸਾਂ, ਰੇਲ ਤੇ ਹਵਾਈ ਯਾਤਰਾ ਵਿਚ ਰਿਆਇਤ ਅਤੇ ਨਿੱਜੀ ਬੱਸਾਂ ਵਿਚ ਅੱਧਾ ਕਿਰਾਇਆ ਮੁੜ ਲਾਗੂ ਕਰਨ ਦੀ ਮੰਗ ਰੱਖੀ | ਇਸ ਮੌਕੇ ਇੱਕਸੁਰ ਵਿਚ ਹਰਿਆਣਾ ਸਰਕਾਰ ਤੋਂ ਸੇਵਾਮੁਕਤ ਮੁਲਾਜਮਾਂ ਦੀਆਂ ਸਮੁੱਚੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਛੇਤੀ ਪੂਰਾ ਕਰਨ ਦੀ ਮੰਗ ਕੀਤੀ ਗਈ | ਮੀਟਿੰਗ ਵਿਚ ਸੇਵਾਮੁਕਤ ਐਕਸੀਐਨ ਗੋਵਿੰਦ ਰਾਮ ਮਹਿਤਾ, ਗੁਰਤੇਜ ਸਿੰਘ ਪੀਜੀਟੀ, ਬਲਵੰਤ ਸਿੰਘ ਆਡੀਟਰ, ਉਗਰਸੈਨ ਗਰਗ, ਬਿ੍ਜ ਲਾਲ ਹੈੱਡ ਮਾਸਟਰ, ਉਪ ਪ੍ਰਧਾਨ ਰਾਮ ਪ੍ਰਤਾਪ ਗੋਰੀਵਾਲਾ, ਜਗਰੂਪ ਸਿੰਘ, ਸੁਰਜੀਤ ਸਿੰਘ, ਮਦਨ ਲਾਲ ਪੰਜਾਬੀ ਅਧਿਆਪਕ, ਵੇਦ ਪ੍ਰਕਾਸ਼ ਸ਼ਾਸਤਰੀ, ਦਰਸ਼ਨ ਸਿੰਘ ਪੀ. ਟੀ. ਆਈ. ਸਮੇਤ ਵੱਖ-ਵੱਖ ਕਰਮਚਾਰੀ ਆਗੂ ਮੌਜੂਦ ਸਨ |