ਯਮੁਨਾਨਗਰ, 18 ਫਰਵਰੀ (ਗੁਰਦਿਆਲ ਸਿੰਘ ਨਿਮਰ)-ਡਿਪਟੀ ਕਮਿਸ਼ਨਰ ਪ੍ਰੀਤੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਹਿਲਾਵਾਂ ਵਿਰੁੱਧ ਅਪਰਾਧਾਂ ਅਧੀਨ ਸਾਰੇ ਮਾਮਲਿਆਂ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਸਮੇਂ ਸਿਰ ਪੁਲਿਸ ਚਲਾਨ ਪੇਸ਼ ਕੀਤਾ ਜਾਵੇ ਅਤੇ ਪੀੜਤ ਨੂੰ ਨਿਯਮਾਂ ਅਨੁਸਾਰ ਸਮੇਂ ਸਿਰ ਇਨਸਾਫ਼ ਮਿਲੇ | ਡਿਪਟੀ ਕਮਿਸ਼ਨਰ ਬੁੱਧਵਾਰ ਨੂੰ ਡੀ. ਸੀ. ਦਫ਼ਤਰ ਵਿਖੇ ਪਛਾਣੇ ਗਏ ਅਪਰਾਧਾਂ ਬਾਰੇ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ | ਇਸ ਦੌਰਾਨ ਉਨ੍ਹਾਂ ਸਾਰੇ ਮਾਮਲਿਆਂ ਬਾਰੇ ਗੰਭੀਰਤਾ ਨਾਲ ਪੁੱਛਗਿੱਛ ਕੀਤੀ | ਇਸ ਮੀਟਿੰਗ 'ਚ ਜ਼ਿਲ੍ਹਾ ਐਡਵੋਕੇਟ ਧਰਮਚੰਦ ਨੇ ਕਿਹਾ ਕਿ ਅੱਜ ਦੀ ਮੀਟਿੰਗ 'ਚ ਡਿਪਟੀ ਕਮਿਸ਼ਨਰ ਨੇ ਕਮੇਟੀ 'ਚ ਪਛਾਣੇ ਗਏ ਅਪਰਾਧਾਂ, ਪੋਕਸੋ ਐਕਟ, ਕਤਲ, ਬਲਾਤਕਾਰ, ਮਹਿਲਾਵਾਂ ਨਾਲ ਛੇੜਛਾੜ ਦੇ ਗੰਭੀਰ ਮਾਮਲੇ ਅਤੇ ਮਹਿਲਾਵਾਂ ਵਿਰੁੱਧ ਅਪਰਾਧਾਂ ਬਾਰੇ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਪੋਕਸੋ ਐਕਟ ਦੇ ਮਾਮਲਿਆਂ 'ਤੇ ਵੀ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਦਿੱਤੀ ਜਾ ਸਕੇ | ਇਸ ਮੀਟਿੰਗ 'ਚ ਪੁਲਿਸ ਸੁਪਰਡੈਂਟ ਕਮਲਦੀਪ ਗੋਇਲ, ਜੇਲ੍ਹ ਸੁਪਰਡੈਂਟ ਸਤੇਂਦਰ ਕੁਮਾਰ, ਜ਼ਿਲ੍ਹਾ ਐਡਵੋਕੇਟ ਧਰਮਚੰਦ, ਸਿਵਲ ਸਰਜਨ ਡਾ. ਜਤਿੰਦਰ ਸਿੰਘ, ਜ਼ਿਲ੍ਹਾ ਭਲਾਈ ਅਫ਼ਸਰ ਅਨੁ ਬਾਂਸਲ ਮੌਜੂਦ ਸਨ |