ਮਮਦੋਟ, 19 ਫਰਵਰੀ (ਸੁਖਦੇਵ ਸਿੰਘ ਸੰਗਮ)-ਨਜ਼ਦੀਕੀ ਪਿੰਡ ਗੱਟੀ ਮੱਤੜ ਦੇ ਚਾਰ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਪਲੇਟਫ਼ਾਰਮ 'ਤੇ ਹਥਿਆਰਾਂ ਨਾਲ ਪੋਸਟਾਂ ਪਾਉਣੀਆਂ ਉਦੋਂ ਮਹਿੰਗੀਆਂ ਪੈ ਗਈਆਂ ਜਦੋਂ ਥਾਣਾ ਲੱਖੋ ਕਿ ਬਹਿਰਾਮ ਦੀ ਪੁਲਿਸ ਨੇ ਨਾਮਜ਼ਦ ਕਰਦਿਆਂ ਚਾਰਾਂ ਖ਼ਿਲਾਫ਼ ਗੰਨ ਕਲਚਰ ਨੂੰ ਪ੍ਰਮੋਟ ਕਰਨ ਦਾ ਮਾਮਲਾ ਦਰਜ਼ ਕਰ ਲਿਆ | ਇਕੱਤਰ ਜਾਣਕਾਰੀ ਮੁਤਾਬਿਕ ਏ.ਐੱਸ.ਆਈ. ਮਹਿੰਦਰ ਸਿੰਘ ਥਾਣਾ ਲੱਖੋਂ ਕਿ ਬਹਿਰਾਮ ਨੂੰ ਮੁਖ਼ਬਰ ਦੁਆਰਾ ਸੂਚਨਾ ਮਿਲੀ ਕਿ ਕੁੱਝ ਲੋਕਾਂ ਦੁਆਰਾਂ ਆਪਣੇ ਸੋਸ਼ਲ ਮੀਡੀਆ ਖਾਤਿਆਂ 'ਤੇ ਹਥਿਆਰਾਂ ਨਾਲ ਫ਼ੋਟੋ ਕਰਕੇ ਪਾਈਆਂ ਗਈਆਂ ਹਨ | ਜਿਸ ਨਾਲ ਨੌਜਵਾਨ ਵਰਗ ਵਿਚ ਗੰਨ ਕਲਚਰ ਨੂੰ ਬੜ੍ਹਾਵਾ ਮਿਲਣ ਦਾ ਖ਼ਦਸ਼ਾ ਹੈ | ਸੂਚਨਾ ਦੇ ਆਧਾਰ 'ਤੇ ਪੁਲਿਸ ਵਲੋਂ ਪੜਤਾਲ ਕਰਕੇ ਕਰਨਬੀਰ ਸਿੰਘ ਉਰਫ਼ ਕਰਨੀ ਪੁੱਤਰ ਅਮਰਜੀਤ ਸਿੰਘ, ਮਨਜਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ, ਅਜੇ ਕੁਮਾਰ ਪੱੁਤਰ ਗੁਰਮੇਜ ਸਿੰਘ ਅਤੇ ਗੁਰਮੀਤ ਸਿੰਘ ਉਰਫ਼ ਮੀਤੀ ਪੁੱਤਰ ਮੁਖ਼ਤਿਆਰ ਸਿੰਘ ਵਾਸੀਆਨ ਪਿੰਡ ਗੱਟੀ ਮੱਤੜ ਦੇ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਨਾਮਜ਼ਦ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ | ਸਥਾਨਕ ਪੁਲਿਸ ਨੇ ਇਹ ਸਪਸ਼ਟ ਕੀਤਾ ਹੈ ਕਿ ਹਥਿਆਰਾਂ ਦੀ ਪ੍ਰਦਰਸ਼ਨੀ ਕਰਕੇ ਮਾਹੌਲ ਖ਼ਰਾਬ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ |