ਕਰਨਾਲ, 27 ਫਰਵਰੀ (ਗੁਰਮੀਤ ਸਿੰਘ ਸੱਗੂ)-ਇੰਚਾਰਜ ਇੰਸਪੈਕਟਰ ਪ੍ਰਵੀਨ ਕੁਮਾਰ ਤੇ ਸਬ-ਇੰਸਪੈਕਟਰ ਦੇਵੇਂਦਰ ਸਿੰਘ ਦੀ ਅਗਵਾਈ ਵਾਲੀ ਜ਼ਿਲ੍ਹਾ ਪੁਲਿਸ ਸਾਖਾ ਸੀ. ਆਈ. ਏ.-2 ਦੀ ਟੀਮ ਨੇ ਇਕ ਕੈਬ ਡਰਾਈਵਰ ਦੇ ਕਤਲ ਤੇ ਲੁੱਟ ਦੀ ਘਟਨਾ ਦਾ ਪਰਦਾਫਾਸ਼ ਕਰਦਿਆਂ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਪ੍ਰਵੀਨ ਉਰਫ਼ ਪੀਨਾ ਪੁੱਤਰ ਸਤਪਾਲ ਪਿੰਡ ਕੈਮਲਾ ਜ਼ਿਲ੍ਹਾ ਕਰਨਾਲ ਤੇ ਜਤਿਨ ਪੁੱਤਰ ਰਾਜਬੀਰ ਪਿੰਡ ਜੌਹਰਾ ਗੋਹਾਨਾ ਜ਼ਿਲ੍ਹਾ ਸੋਨੀਪਤ ਵਜੋਂ ਹੈ | ਇਸ ਸੰਬੰਧੀ ਡੀ. ਐਸ. ਪੀ. ਰਾਜੀਵ ਕੁਮਾਰ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਪਹਿਲਾਂ ਤੋਂ ਹੀ ਦਿੱਲੀ ਤੋਂ ਇਕ ਕੈਬ ਬੁੱਕ ਕੀਤੀ ਸੀ ਅਤੇ ਡਰਾਈਵਰ ਨੂੰ ਕਰਨਾਲ ਦੇ ਘਰੌਂਦਾ ਖੇਤਰ 'ਚ ਪਿੰਡ ਕੈਮਲਾ ਦੀ ਇਕ ਸੁੰਨਸਾਨ ਥਾਂ 'ਤੇ ਲਿਜਾਇਆ ਗਿਆ ਸੀ, ਜਿਥੇ ਦੋਵਾਂ ਮੁਲਜ਼ਮਾਂ ਨੇ ਡਰਾਈਵਰ ਦਾ ਕਤਲ ਕਰ ਦਿੱਤਾ ਤੇ ਉਸ ਦੀ ਲਾਸ਼ ਝਾੜੀਆਂ 'ਚ ਸੁੱਟ ਕੇ ਕਾਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ | ਘਟਨਾ ਦੀ ਜਾਣਕਾਰੀ ਮਿਲਣ 'ਤੇ ਵੱਖ-ਵੱਖ ਜ਼ਿਲ੍ਹਾ ਪੁਲਿਸ ਟੀਮਾਂ ਨੇ ਤੇਜ਼ੀ ਨਾਲ ਤਾਲਮੇਲ ਬਣਾ ਕੇ ਕਾਰਵਾਈ ਸ਼ੁਰੂ ਕੀਤੀ | ਇਸ ਦੌਰਾਨ ਤਕਨੀਕੀ ਵਿਸ਼ਲੇਸ਼ਣ, ਸੀ. ਸੀ. ਟੀ. ਵੀ. ਫੁਟੇਜ ਤੇ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਸੀ. ਆਈ. ਏ.-2 ਟੀਮ ਨੇ ਦੋਵਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਅਤੇ ਉਨ੍ਹਾਂ ਵਿਰੁੱਧ ਕਰਨਾਲ ਦੇ ਸਦਰ ਪੁਲਿਸ ਸਟੇਸ਼ਨ ਵਿਖੇ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਮੁੱਖ ਮੁਲਜ਼ਮ ਪ੍ਰਵੀਨ ਉਰਫ਼ ਪੀਨਾ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਅਪਰਾਧ 'ਚ ਵਰਤੇ ਗਏ ਸਾਧਨਾਂ, ਚੋਰੀ ਹੋਏ ਵਾਹਨ ਦੀ ਬਰਾਮਦਗੀ ਤੇ ਉਸ ਦੇ ਸੰਭਾਵੀ ਅਪਰਾਧਿਕ ਪਿਛੋਕੜ ਬਾਰੇ ਹੋਰ ਜਾਂਚ ਲਈ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ | ਪੁਲਿਸ ਵਲੋਂ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ |