10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਹਿਸਾਰ ਵਿੱਚ ਨਿੱਜੀ ਹਸਪਤਾਲ 'ਤੇ ਸੀ.ਐਮ. ਫਲਾਇੰਗ ਤੇ ਸਿਹਤ ਵਿਭਾਗ ਦੀ ਛਾਪੇਮਾਰੀ

ਅਜੀਤ ਡੈਸਕ 29-03-2026
ਟੋਹਾਣਾ, 28 ਮਾਰਚ (ਮਨਜੀਤ ਸਿੰਘ) - ਕੇਂਦਰ ਅਤੇ ਰਾਜ ਸਰਕਾਰ ਦੀ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਹੋ ਰਹੀਆਂ ਕਥਿਤ ਗੜਬੜੀਆਂ ਨੂੰ ਲੈ ਕੇ ਸੀ.ਐਮ. ਫਲਾਇੰਗ ਹਿਸਾਰ ਰੇਂਜ ਅਤੇ ਸਿਹਤ ਵਿਭਾਗ ਦੀ ਸਾਂਝੀ ਟੀਮ ਵੱਲੋਂ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ 'ਚ ਛਾਪੇਮਾਰੀ ਕੀਤੀ ਗਈ | ਕਾਰਵਾਈ ਦੌਰਾਨ ਹਸਪਤਾਲ ਵਿੱਚ ਕਈ ਗੰਭੀਰ ਖ਼ਾਮੀਆਂ ਅਤੇ ਨਿਯਮਾਂ ਦੀ ਉਲੰਘਣਾ ਸਾਹਮਣੇ ਆਈ | ਟੀਮ ਵੱਲੋਂ ਵਿਸਥਾਰਪੂਰਵਕ ਰਿਪੋਰਟ ਤਿਆਰ ਕਰਕੇ ਅੱਗੇ ਦੀ ਕਾਰਵਾਈ ਲਈ ਭੇਜੀ ਜਾਵੇਗੀ |ਵ ਜਾਣਕਾਰੀ ਮੁਤਾਬਕ ਸੀ.ਐਮ. ਫਲਾਇੰਗ ਰੇਂਜ ਇੰਚਾਰਜ ਸੁਨੈਨਾ ਦੀ ਅਗਵਾਈ ਹੇਠ ਏ.ਐਸ.ਆਈ. ਸੁਰੇਂਦਰ, ਸਿਹਤ ਵਿਭਾਗ ਦੇ ਡਾ. ਅਨਿਲ ਆਹੂਜਾ ਸਮੇਤ ਹੋਰ ਅਧਿਕਾਰੀਆਂ ਦੀ ਟੀਮ ਨੇ ਹਿਸਾਰ ਦੇ ਅਮਨਦੀਪ ਹਸਪਤਾਲ 'ਚ ਰੇਡ ਕੀਤੀ | ਇਹ ਕਾਰਵਾਈ ਬਰਵਾਲਾ ਨਿਵਾਸੀ ਗਣੇਸ਼ ਕੁਮਾਰ ਦੀ ਸ਼ਿਕਾਇਤ 'ਤੇ ਕੀਤੀ ਗਈ ਸੀ, ਜਿਸ ਵਿੱਚ ਉਨ੍ਹਾਂ ਨੇ ਹਸਪਤਾਲ 'ਤੇ ਆਯੁਸ਼ਮਾਨ ਯੋਜਨਾ ਦੇ ਨਾਂ 'ਤੇ ਧੋਖਾਧੜੀ ਦੇ ਦੋਸ਼ ਲਗਾਏ ਸਨ | ਸ਼ਿਕਾਇਤਕਰਤਾ ਗਣੇਸ਼ ਕੁਮਾਰ ਨੇ ਦੱਸਿਆ ਕਿ 17 ਜਨਵਰੀ ਨੂੰ ਉਨ੍ਹਾਂ ਦੀ ਪਤਨੀ ਨੇ ਪੁੱਤਰ ਨੂੰ ਜਨਮ ਦਿੱਤਾ | 23 ਜਨਵਰੀ ਨੂੰ ਨਵਜਾਤ ਦੀ ਤਬੀਅਤ ਖ਼ਰਾਬ ਹੋਣ 'ਤੇ ਉਸ ਨੂੰ ਅਮਨਦੀਪ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਆਯੁਸ਼ਮਾਨ ਯੋਜਨਾ ਹੇਠ ਮੁਫ਼ਤ ਇਲਾਜ ਦਾ ਭਰੋਸਾ ਦਿੱਤਾ ਪਰ ਇਸ ਦੇ ਬਾਵਜੂਦ ਹਸਪਤਾਲ ਵੱਲੋਂ ਦਾਖ਼ਲੇ ਦੇ ਨਾਂ 'ਤੇ 1 ਹਜ਼ਾਰ ਰੁਪਏ ਨਕਦ ਲਏ ਗਏ | ਪਰਿਵਾਰ ਅਨੁਸਾਰ 27 ਜਨਵਰੀ 2026 ਨੂੰ ਬੱਚੇ ਦੀ ਮੌਤ ਹੋ ਗਈ | ਬਾਅਦ ਵਿੱਚ ਪਤਾ ਲੱਗਾ ਕਿ ਹਸਪਤਾਲ ਨੇ ਆਯੁਸ਼ਮਾਨ ਕਾਰਡ ਤਹਿਤ 56,925 ਰੁਪਏ ਦਾ ਕਲੇਮ ਵੀ ਕਰ ਦਿੱਤਾ ਸੀ ਜਦਕਿ ਪਰਿਵਾਰ ਤੋਂ ਵੱਖਰੇ ਤੌਰ 'ਤੇ ਨਕਦ ਰਕਮ ਵੀ ਲਈ ਗਈ |
ਜਾਂਚ 'ਚ ਸਾਹਮਣੇ ਆਈਆਂ ਗੜਬੜੀਆਂ
ਛਾਪੇਮਾਰੀ ਦੌਰਾਨ ਟੀਮ ਨੇ ਆਯੁਸ਼ਮਾਨ ਯੋਜਨਾ ਨਾਲ ਸੰਬੰਧਿਤ ਰਿਕਾਰਡ ਦੀ ਜਾਂਚ ਕੀਤੀ, ਜਿਸ ਵਿੱਚ ਕਈ ਗੰਭੀਰ ਗੜਬੜੀਆਂ ਸਾਹਮਣੇ ਆਈਆਂ, ਜਿਨ੍ਹਾਂ ਵਿੱਚ ਮਰੀਜ਼ਾਂ ਦੇ ਰਿਕਾਰਡ ਵਿੱਚ ਬਿਮਾਰੀ ਅਤੇ ਇਲਾਜ ਦੇ ਵੇਰਵਿਆਂ 'ਚ ਇਕਸਾਰਤਾ ਨਾ ਹੋਣਾ, ਆਯੁਸ਼ਮਾਨ ਰਜਿਸਟਰ ਦੇ ਕਈ ਪੰਨੇ ਖਾਲੀ, ਸੀਰੀਅਲ ਨੰਬਰਾਂ ਵਿੱਚ ਗੜਬੜ, ਦਸਤਾਵੇਜ਼ਾਂ ਵਿੱਚ ਪਾਰਦਰਸ਼ਤਾ ਦੀ ਘਾਟ ਆਦਿ | ਦੱਸਿਆ ਜਾਂਦਾ ਹੈ ਕਿ ਇਸ ਹਸਪਤਾਲ ਦਾ ਆਯੁਸ਼ਮਾਨ ਲਾਇਸੈਂਸ ਪਹਿਲਾਂ ਵੀ ਦੋ ਵਾਰ ਸਸਪੈਂਡ ਹੋ ਚੁੱਕਾ ਹੈ ਅਤੇ 5 ਫਰਵਰੀ 2026 ਨੂੰ ਵੀ ਅਸਥਾਈ ਤੌਰ 'ਤੇ ਰੱਦ ਕੀਤਾ ਗਿਆ ਸੀ | ਸੀ.ਐਮ. ਫਲਾਇੰਗ ਇੰਚਾਰਜ ਸੁਨੈਨਾ ਨੇ ਕਿਹਾ ਕਿ ਸਰਕਾਰ ਵੱਲੋਂ ਆਯੁਸ਼ਮਾਨ ਯੋਜਨਾ ਹੇਠ ਯੋਗ ਪਰਿਵਾਰਾਂ ਨੂੰ ਸਾਲਾਨਾ 5 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ | ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਜਾਂ ਗੜਬੜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕੋਈ ਹਸਪਤਾਲ ਆਯੁਸ਼ਮਾਨ ਯੋਜਨਾ ਦੇ ਨਾਂ 'ਤੇ ਪੈਸੇ ਲੈਂਦਾ ਹੈ ਤਾਂ ਇਸ ਦੀ ਸ਼ਿਕਾਇਤ ਜ਼ਰੂਰ ਕਰੋ, ਤਾਂ ਜੋ ਸਮੇਂ 'ਤੇ ਕਾਰਵਾਈ ਹੋ ਸਕੇ | ਫ਼ਿਲਹਾਲ ਟੀਮ ਵੱਲੋਂ ਜਾਂਚ ਰਿਪੋਰਟ ਤਿਆਰ ਕਰਕੇ ਅੱਗੇ ਦੀ ਕਾਰਵਾਈ ਲਈ ਭੇਜੀ ਜਾ ਰਹੀ ਹੈ |
ਪਿਛਲੀ ਖ਼ਬਰ ਐਂਟੀ ਵਹੀਕਲ ਥੈਫਟ ਸੈੱਲ ਦੀ ਟੀਮ ਵਲੋਂ ਦੋ ਵੱਖ-ਵੱਖ ਥਾਵਾਂ ਤੋਂ ਦੋ ਮੋਟਰਸਾਈਕਲ ਚੋਰ ਗਿ੍ਫ਼ਤਾਰ ਅਗਲੀ ਖ਼ਬਰ 10 ਅਪ੍ਰੈਲ ਤੋਂ ਕਣਕ ਦੀ ਵਾਢੀ ਸ਼ੁਰੂ ਹੋਣ ਦੀ ਸੰਭਾਵਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।