18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

'ਮਹਿਲਾ ਰਾਖਵਾਂਕਰਨ ਬਿੱਲ' ਜਨਤਾ ਦੀਆਂ ਅੱਖਾਂ 'ਚ ਘੱਟਾ ਪਾਉਣ ਵਾਲਾ 'ਸਿਆਸੀ' ਕਦਮ : ਕੁਮਾਰੀ ਸ਼ੈਲਜਾ

ਅਜੀਤ ਡੈਸਕ 16-04-2026
ਡੱਬਵਾਲੀ, 15 ਅਪ੍ਰੈਲ (ਇਕਬਾਲ ਸਿੰਘ ਸ਼ਾਂਤ)-ਕਾਂਗਰਸ ਦੀ ਕੌਮੀ ਜਨਰਲ ਸਕੱਤਰ ਅਤੇ ਸਿਰਸਾ ਲੋਕ ਸਭਾ ਤੋਂ ਸੰਸਦ ਮੈਂਬਰ ਕੁਮਾਰੀ ਸੈਲਜਾ ਨੇ ਮਹਿਲਾ ਰਾਖਵਾਂਕਰਨ ਬਿੱਲ ਨੂੰ ਕੇਂਦਰ ਸਰਕਾਰ ਵੱਲੋਂ ਜਨਤਾ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਾਲਾ 'ਰਾਜਨੀਤਿਕ' ਕਦਮ ਕਰਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਚੋਣਾਂ ਦੇ ਦਰਮਿਆਨ ਲੋਕ ਸਭਾ ਦਾ 'ਵਿਸ਼ੇਸ਼ ਸੈਸ਼ਨ' ਬੁਲਾਉਣ ਨਾਲ ਇਹ ਸਿੱਧੇ ਤੌਰ 'ਤੇ ਚੋਣ ਸਟੰਟ ਜੱਗ ਜਾਹਰ ਹੋ ਗਿਆ ਹੈ | ਸਰਕਾਰ ਦੀ ਮਨਸ਼ਾ ਰਾਖਵਾਂਕਰਨ ਬਿੱਲ ਰਾਹੀਂ ਔਰਤਾਂ ਨੂੰ ਵਧੇਰੇ ਹੱਕ ਦੇਣ ਦੀ ਨਹੀਂ, ਸਗੋਂ ਚੋਣਾਂ ਵਿੱਚ ਰਾਜਨੀਤਿਕ ਲਾਹਾ ਲੈਣ ਦੀ ਹੈ | ਡੱਬਵਾਲੀ ਹਲਕੇ ਦੇ ਪਿੰਡ ਪੰਨੀਵਾਲਾ ਮੋਰਿਕਾ ਵਿੱਚ ਗੱਲਬਾਤ ਕਰਦੇ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਜੇਕਰ ਭਾਜਪਾ ਸਰਕਾਰ ਗੰਭੀਰ ਹੁੰਦੀ ਤਾਂ ਇਸ ਬਿੱਲ ਨੂੰ ਮੌਨਸੂਨ ਸੈਸ਼ਨ ਤੱਕ ਲਿਆਂਦਾ ਜਾ ਸਕਦਾ ਸੀ ਪਰ ਹੁਣ ਤੱਕ ਬਿੱਲ ਦਾ ਖਰੜਾ ਵੀ ਸਪੱਸ਼ਟ ਨਹੀਂ ਕੀਤੀ ਗਿਆ | ਉਹ ਅੱਜ ਦੇਰ ਸ਼ਾਮ ਪਿੰਡ ਪੰਨੀਵਾਲਾ ਮੋਰੀਕਾ ਵਿਖੇ ਟਕਸਾਲੀ ਕਾਂਗਰਸੀ ਆਗੂ ਅਮਰਜੀਤ ਸਿੰਘ ਹੌਲਦਾਰ ਦੇ ਚਚੇਰੇ ਭਰਾ ਇੰਦਰਜੀਤ ਸਿੰਘ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਨ ਪੁੱਜੇ ਸਨ | ਸੰਸਦ ਮੈਂਬਰ ਨੇ ਇਰਾਨ-ਅਮਰੀਕਾ ਜੰਗ ਦੇ ਬਾਰੇ ਭਾਰਤ ਦੀ ਵਿਦੇਸ਼ ਨੀਤੀ 'ਤੇ ਕਿਹਾ ਕਿ ਇਸ ਜੰਗ ਦੀ ਸ਼ਾਂਤੀ ਪ੍ਰਕਿਰਿਆ ਵਿੱਚ ਪਾਕਿਸਤਾਨ ਵਰਗੇ ਛੋਟੇ ਦੇਸ਼ ਨੂੰ ਵਿਚੋਲਗੀ ਵਿੱਚ ਬਿਠਾਇਆ ਗਿਆ, ਜਦਕਿ ਭਾਰਤ ਵੀ ਅਹਿਮ ਭੂਮਿਕਾ ਨਿਭਾ ਸਕਦਾ ਸੀ, ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਕੌਮਾਂਤਰੀ ਪੱਧਰ 'ਤੇ ਦੇਸ਼ ਦਾ ਪਹਿਲਾਂ ਜਿਹਾ ਪ੍ਰਭਾਵ ਨਹੀਂ ਦਿਖ ਰਿਹਾ | ਕੁਮਾਰੀ ਸੈਲਜਾ ਨੇ ਕਣਕ ਫਸਲ ਦੀ ਬਾਇਓਮੈਟਿ੍ਕ ਅਤੇ ਗੇਟਪਾਸ ਸਮੱਸਿਆ 'ਤੇ ਕਿਹਾ ਕਿ ਪੋਰਟਲ ਦੀਆਂ ਤਕਨੀਕੀ ਖਾਮੀਆਂ ਕਾਰਨ ਕਿਸਾਨ ਅਤੇ ਆੜ੍ਹਤੀ ਪਰੇਸ਼ਾਨ ਹਨ | ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਕਦੇ ਵੀ ਕਿਸਾਨ ਹਿਤੈਸ਼ੀ ਨਹੀਂ ਰਹੀ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੇ ਵਾਅਦਾ ਵੀ ਭੁੱਲ ਗਈ ਹੈ | ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਨੂੰ ਜ਼ਮੀਨੀ ਉਮੀਦਵਾਰ ਮੈਦਾਨ 'ਚ ਲਿਆਉਣੇ ਚਾਹੀਦੇ ਹਨ ਅਤੇ ਕਾਂਗਰਸ ਵਧੀਆ ਪ੍ਰਦਰਸ਼ਨ ਕਰੇਗੀ |ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਡਾ. ਕੇਵੀ ਸਿੰਘ, ਵਿਧਾਇਕ ਸ਼ੀਸ਼ਪਾਲ ਕੇਹਰਵਾਲਾ, ਨਲਿਨ ਸਿੰਘ ਟਿੰਕੂ, ਜਗਸੀਰ ਸਿੰਘ ਮਿੱਠੜੀ, ਇੰਦਰ ਜੈਨ, ਵੀਰਭਾਨ ਮਹਿਤਾ, ਰਾਜੇਸ਼ ਚਾਡੀਵਾਲ, ਰਾਜ ਕੁਮਾਰ ਸਿੰਗਲਾ, ਰਣਜੀਤ ਸਿੰਘ ਸਾਂਵਤਖੇੜਾ, ਹਕੀਕਤ ਸਿੰਘ ਸਰਾਂ, ਰੁਪਿੰਦਰ ਸਰਾਂ, ਸਿਕੰਦਰ ਸਰਾਂ, ਵੇਦਪਾਲ ਡਾਂਗੀ, ਰਤਨ ਗੇਦਰ, ਕਰਮਦੀਨ, ਸਰਵਜੀਤ ਸਿੰਘ, ਜਗਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਸਿੱਖ ਸੇਵਾ ਸੁਸਾਇਟੀ ਨੇ ਵਿਸਾਖੀ ਨੂੰ ਸਮਰਪਿਤ ਸੁੰਦਰ ਦਸਤਾਰ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਗੁਲਾਬ ਜਲ ਦੇ ਫ਼ਾਇਦੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।