ਟੋਹਾਣਾ, 29 ਅਪ੍ਰੈਲ (ਮਨਜੀਤ ਸਿੰਘ) - ਰੇਲਵੇ ਰੋਡ ਜਾਖ਼ਲ ਨਵੀਂ ਬਸਤੀ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਪਾਣੀ ਦੀ ਸਮੱਸਿਆ ਗੰਭੀਰ ਰੂਪ ਧਾਰ ਚੁੱਕੀ ਹੈ | ਇਲਾਕਾ ਵਾਸੀਆਂ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ਅਨੁਸਾਰ ਇਸ ਸਮੱਸਿਆ ਦਾ ਮੁੱਖ ਕਾਰਨ ਵਾਟਰ ਵਰਕਸ 'ਤੇ ਲੱਗਿਆ ਮੋਟਰ ਦਾ ਨਵਾਂ ਸਟਾਰਟਰ ਸਿਸਟਮ ਹੈ | ਮਾਹਿਰ ਮਕੈਨਿਕ ਦੀ ਗ਼ੈਰਹਾਜ਼ਰੀ ਕਾਰਨ ਮੋਟਰ ਚੱਲ ਨਹੀਂ ਰਹੀ, ਜਿਸ ਨਾਲ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ | ਲੋਕਾਂ ਦਾ ਕਹਿਣਾ ਹੈ ਕਿ ਨਾ ਤਾਂ ਉਨ੍ਹਾਂ ਨੂੰ ਮੋਟਰ ਦੇ ਖ਼ਰਾਬ ਹੋਣ ਬਾਰੇ ਸਪਸ਼ਟ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਸਟਾਰਟਰ ਸਿਸਟਮ ਦੀ ਦਿੱਕਤ ਬਾਰੇ ਕੁੱਝ ਪਤਾ ਲੱਗ ਰਿਹਾ ਹੈ | ਇਲਾਕਾ ਵਾਸੀਆਂ ਨੇ ਦੱਸਿਆ ਕਿ ਜੋ ਨਵਾਂ ਸਟਾਰਟਰ ਸਿਸਟਮ ਲਗਾਇਆ ਗਿਆ ਹੈ, ਉਹ ਆਮ ਤੌਰ 'ਤੇ ਵੱਡੀਆਂ ਫ਼ੈਕਟਰੀਆਂ ਜਾਂ ਹਾਈ ਪਾਵਰ ਪ੍ਰੋਜੈਕਟਾਂ ਵਿੱਚ ਵਰਤਿਆ ਜਾਂਦਾ ਹੈ | ਇਸ ਕਾਰਨ ਆਮ ਮਕੈਨਿਕ ਇਸ ਦੀ ਖ਼ਰਾਬੀ ਨੂੰ ਸਮਝਣ ਵਿੱਚ ਅਸਮਰਥ ਹਨ ਅਤੇ ਅਸਲੀ ਮਾਹਿਰ ਮਕੈਨਿਕ ਮੌਕੇ 'ਤੇ ਨਹੀਂ ਪਹੁੰਚ ਰਹੇ | ਲੋਕਾਂ ਨੇ ਇਹ ਵੀ ਕਿਹਾ ਕਿ ਜੇ ਸਮਰਸੀਬਲ ਮੋਟਰ ਵਿੱਚ ਕੋਈ ਖ਼ਰਾਬੀ ਹੁੰਦੀ ਤਾਂ ਉਸ ਨੂੰ ਬਾਹਰ ਕੱਢ ਕੇ ਠੀਕ ਕੀਤਾ ਜਾ ਸਕਦਾ ਸੀ, ਪਰ ਸਟਾਰਟਰ ਸਿਸਟਮ ਦੀ ਸਮੱਸਿਆ ਦਾ ਪਤਾ ਹੀ ਨਹੀਂ ਲੱਗ ਰਿਹਾ | ਇਸ ਸਥਿਤੀ ਤੋਂ ਤੰਗ ਆ ਕੇ ਇਲਾਕਾ ਵਾਸੀਆਂ ਨੇ ਜਲ ਸਿਹਤ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਮੌਜੂਦਾ ਸਟਾਰਟਰ ਸਿਸਟਮ ਨੂੰ ਹਟਾ ਕੇ ਪੁਰਾਣਾ ਸਿਸਟਮ ਮੁੜ ਲਗਾਇਆ ਜਾਵੇ, ਤਾਂ ਜੋ ਆਮ ਮਕੈਨਿਕ ਵੀ ਇਸ ਨੂੰ ਆਸਾਨੀ ਨਾਲ ਠੀਕ ਕਰ ਸਕਣ ਅਤੇ ਪਾਣੀ ਦੀ ਸਮੱਸਿਆ ਦਾ ਸਥਾਈ ਹੱਲ ਨਿਕਲ ਸਕੇ |