ਨਵੀਂ ਦਿੱਲੀ, 29 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਗਾਜ਼ੀਆਬਾਦ ਵਿਖੇ 15 ਮੰਜ਼ਿਲਾ ਅਪਾਰਟਮੈਂਟ ਵਿਚ ਭਿਆਨਕ ਅੱਗ ਲੱਗੀ | ਅੱਗ ਗੋਰ ਗਰੀਨ ਐਵੇਨਿਊ ਸੁਸਾਇਟੀ ਦੇ ਟਾਵਰ ਵਿਚ 9ਵੀਂ ਮੰਜ਼ਿਲ 'ਤੇ ਲੱਗੀ | ਅੱਗ ਨੇ 7 ਮੰਜ਼ਿਲਾਂ ਨੂੰ ਆਪਣੀ ਲਪੇਟ ਦੇ ਵਿਚ ਲੈ ਲਿਆ | ਅੱਗ ਦੀਆਂ ਲਪਟਾਂ ਉਠਣ 'ਤੇ ਸਾਰੇ ਪਾਸੇ ਕਾਲਾ ਧੰੂਆਂ ਹੀ ਧੂੰਆਂ ਹੋ ਗਿਆ | ਲੱਗੀ ਅੱਗ ਨੂੰ ਵੇਖ ਕੇ ਫਲੈਟਾਂ ਦੇ ਵਿਚ ਰਹਿਣ ਵਾਲੇ ਲੋਕ ਜਾਨ ਬਚਾਉਂਦੇ ਹੋਏ ਹੇਠਾਂ ਦੇ ਵੱਲ ਭੱਜੇ | ਪੂਰੀ ਸੁਸਾਇਟੀ ਵਿਚ ਰੌਲਾ ਪੈ ਗਿਆ | ਧੂੰਆਂ ਇੰਨਾ ਸੀ ਕਿ ਕੁਝ ਲੋਕਾਂ ਨੂੰ ਸਾਹ ਲੈਣ ਵਿਚ ਕਾਫੀ ਦਿੱਕਤ ਆਈ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ | ਇਸ ਦੀ ਸੂਚਨਾ ਮਿਲਦੇ ਹੀ ਅੱਗ ਬੁਝਾਊ ਵਿਭਾਗ ਦੀਆਂ 14 ਗੱਡੀਆਂ ਮੌਕੇ 'ਤੇ ਪੁੱਜੀਆਂ ਅਤੇ ਉਨ੍ਹਾਂ ਨੇ ਅੱਗ ਬੁਝਾਉਣ ਦੇ ਲਈ ਹਾਈਡਰੋਲਿਕ ਕਰੇਨ ਦੀ ਮਦਦ ਲਈ | ਇਸ ਦੇ ਨਜ਼ਦੀਕ ਬਿਲਡਿੰਗ ਵਾਲੇ ਲੋਕ ਪਾਈਪਾਂ ਦੇ ਨਾਲ ਅੱਗ ਬੁਝਾਉ ਣ ਵਿਚ ਜੁਟ ਗਏ | ਕੁਝ ਅਜਿਹੇ ਲੋਕ ਵੀ ਸਨ ਜੋ ਫਲੈਟਾਂ ਵਿਚ ਫਸ ਗਏ ਸਨ ਪ੍ਰੰਤੂ ਉਨ੍ਹਾਂ ਨੂੰ ਅੱਗ ਬੁਝਾਊ ਵਿਭਾਗ ਦੇ ਕਰਮਚਾਰੀਆਂ ਨੇ ਸੁਰੱਖਿਅਤ ਢੰਗ ਨਾਲ ਉਥੋਂ ਕੱਢ ਲਿਆ | ਜਿਨ੍ਹਾਂ ਫਲੈਟਾਂ ਨੂੰ ਅੱਗ ਨੇ ਆਪਣੀ ਲਪੇਟ ਵਿਚ ਲਿਆ ਸੀ ਉਨ੍ਹਾਂ ਦੇ ਵਿਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ | ਜਿਨ੍ਹਾਂ ਘਰਾਂ ਦਾ ਨੁਕਸਾਨ ਹੋਇਆ ਉਨ੍ਹਾਂ ਦੀਆਂ ਔਰਤਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ | ਅੱਗ ਬੁਝਾਊ ਵਿਭਾਗ ਦੇ ਕਰਮਚਾਰੀਆਂ ਨੇ ਬੜੀ ਹੀ ਮੁਸ਼ੱਕਤ ਦੇ ਨਾਲ ਅੱਗ 'ਤੇ ਕਾਬੂ ਪਾਇਆ | ਇਸ ਘਟਨਾ ਵਿਚ ਕਿਸੇ ਦੇ ਮਰਨ ਜਾਂ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ | ਅੱਗ ਕਿਵੇਂ ਲੱਗੀ ਅਜੇ ਇਸ ਦਾ ਕੋਈ ਪਤਾ ਨਹੀਂ ਲੱਗ ਸਕਿਆ | ਪੁਲਿਸ ਇਸ ਮਾਮਲੇ ਪ੍ਰਤੀ ਜਾਂਚ ਕਰਨ ਵਿਚ ਜੁਟੀ ਹੋਈ ਹੈ |