ਨਵੀਂ ਦਿੱਲੀ, 29 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸਭ ਤੋਂ ਵੱਡੇ ਸਦਰ ਬਾਜ਼ਾਰ ਦੀਆਂ ਮੁੱਖ ਸੜਕਾਂ 'ਤੇ ਇੰਨਾ ਟਰੈਫਿਕ ਜਾਮ ਰਹਿੰਦਾ ਹੈ ਕਿ ਆਉਣ-ਜਾਣ ਵਾਲਿਆਂ ਨੂੰ ਬਹੁਤ ਪ੍ਰੇਸ਼ਾਨੀ ਰਹਿੰਦੀ ਹੈ | ਇਸ ਸਮੱਸਿਆ ਪ੍ਰਤੀ ਸਦਰ ਬਾਜ਼ਾਰ, ਬਾਰੀ ਮਾਰਕੀਟ ਟਰੇਡਰਸ ਐਸੋਸੀਏਸ਼ਨ, ਫੈਡਰੇਸ਼ਨ ਆਫ ਸਦਰ ਬਾਜ਼ਾਰ ਟਰੇਡਰਸ ਐਸੋਸੀਏਸ਼ਨ ਤੇ ਕਨਫੈਡਰੇਸ਼ਨ ਆਫ ਸਦਰ ਬਾਜ਼ਾਰ ਟਰੇਡਰਸ ਐਸੋਸੀਏਸ਼ਨ ਨੇ ਇਕ ਬੈਠਕ ਕੀਤੀ, ਜਿਸ ਵਿਚ ਉਪਰੋਕਤ ਐਸੋਸੀਏਸ਼ਨਾਂ ਦੇ ਮੁੱਖ ਅਹੁੱਦੇਦਾਰ ਸ਼ਾਮਿਲ ਹੋਏ | ਇਸ ਬੈਠਕ ਵਿਚ ਵਿਸ਼ੇਸ਼ ਤੌਰ 'ਤੇ ਟਰੈਫਿਕ ਪੁਲਿਸ ਦੇ ਸਦਰ ਬਾਜ਼ਾਰ ਸਰਕਲ ਦੇ ਇੰਸਪੈਕਟਰ ਸਮੀਰ ਸ੍ਰੀਵਾਸਤਵ ਵੀ ਸ਼ਾਮਿਲ ਹੋਏ | ਇਸ ਮੌਕੇ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਸਵੇਰੇ ਸ਼ਾਮ ਸਦਰ ਬਾਜ਼ਾਰ ਦੇ ਕੁੱਝ ਥਾਵਾਂ ਜਿੱਥੇ ਜ਼ਿਆਦਾ ਟਰੈਫਿਕ ਜਾਮ ਰਹਿੰਦਾ ਹੈ, ਉੱਥੇ ਟਰੈਫਿਕ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਜਾਵੇ | ਰਾਕੇਸ਼ ਯਾਦਵ ਤੇ ਦੇਵਰਾਜ ਬਵੇਜਾ ਨੇ ਦੱਸਿਆ ਕਿ ਈ-ਰਿਕਸ਼ਿਆਂ ਦੇ ਕਾਰਨ ਅਕਸਰ ਟਰੈਫਿਕ ਜਾਮ ਰਹਿੰਦਾ ਹੈ | ਵਰਿੰਦਰ ਅਰੋੜਾ ਅਤੇ ਦੀਪਕ ਮਿੱਤਲ ਨੇ ਕਿਹਾ ਕਿ ਟਰੈਫਿਕ ਜਾਮ ਹੋਣ 'ਤੇ ਐਮਰਜੈਂਸੀ ਸੇਵਾਵਾਂ ਵਿਚ ਰੁਕਾਵਟ ਪੈਂਦੀ ਹੈ | ਕਿਸੇ ਵੀ ਘਟਨਾ ਹੋਣ 'ਤੇ ਅੱਗ ਬੁਝਾਊ ਵਿਭਾਗ ਦੀਆਂ ਗੱਡੀਆਂ, ਐਂਬੂਲੈਂਸ ਦੀਆਂ ਗੱਡੀਆਂ ਦਾ ਪੁੱਜਣਾ ਅਸੰਭਵ ਹੁੰਦਾ ਹੈ | ਸੁਨੀਲ ਪੁਰੀ ਅਤੇ ਕੁਲਦੀਪ ਸਿੰਘ ਨੇ ਵੀ ਆ ਰਹੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ | ਟਰੈਫਿਕ ਅਧਿਕਾਰੀ ਨੇ ਸਾਰੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ 'ਤੇ ਠੋਸ ਕਦਮ ਉਠਾਏ ਜਾਣਗੇ |