ਨਵੀਂ ਦਿੱਲੀ, 30 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਟਰੈਫਿਕ ਪੁਲਿਸ ਅਧਿਕਾਰੀਆਂ ਅਤੇ ਪੀ.ਡਬਲਿਊ.ਡੀ. ਅਧਿਕਾਰੀਆਂ ਦੀ ਦਿੱਲੀ ਟਰੈਫਿਕ ਪੁਲਿਸ ਹੈੱਡਕੁਆਰਟਰ ਟੋਡਾਪੁਰ ਦਿੱਲੀ ਵਿਖੇ ਇਕ ਤਾਲਮੇਲ ਬੈਠਕ ਹੋਈ, ਜਿਸ ਦਾ ਉਦੇਸ਼ ਦਿੱਲੀ ਟਰੈਫਿਕ ਦੀ ਭੀੜ ਨੂੰ ਘੱਟ ਕਰਨਾ, ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਅਤੇ ਵਿਆਪਕ ਉਪਾਵਾਂ 'ਤੇ ਵਿਚਾਰ ਵਟਾਂਦਰਾ ਕੀਤਾ | ਇਸ ਵਿਚ ਪੁਲਿਸ ਅਧਿਕਾਰੀਆਂ ਤੇ ਪੀ.ਡਬਲਿਊ.ਡੀ. ਵਿਭਾਗ ਦੇ ਅਧਿਕਾਰੀਆਂ ਦੀ ਇਕ ਟੀਮ ਬਣਾਈ ਗਈ | ਬੈਠਕ ਵਿਚ ਤੈਅ ਕੀਤਾ ਗਿਆ ਕਿ ਭੀੜ-ਭਾੜ ਵਾਲੇ ਅਤੇ ਦੁਰਘਟਨਾ ਪ੍ਰਭਾਵਿਤ ਖੇਤਰਾਂ ਦੀ ਪਹਿਚਾਣ ਕੀਤੀ ਜਾਵੇ ਅਤੇ ਗੱਡੀਆਂ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਇਆ ਜਾਵੇ ਤਾਂ ਕਿ ਲੋਕਾਂ ਦਾ ਸਮਾਂ ਬਚ ਸਕੇ | ਇਸ ਨਾਲ ਹੀ ਟਰੈਫਿਕ ਕਰਮਚਾਰੀਆਂ ਦੀ ਦਿੱਖ ਨੂੰ ਵਧਾਉਣ, ਫਲਾਈਓਵਰਾਂ ਦੇ ਹੇਠਾਂ ਪੁਲਿਸ ਬੂਥਾਂ ਦਾ ਨਿਰਮਾਣ, ਸੜਕੀ ਬੁਨਿਆਦੀ ਢਾਂਚੇ ਵਿਚ ਸੁਧਾਰ ਲਿਆਉਣਾ, ਲੇਨ ਅਨੁਸ਼ਾਸਨ ਨੂੰ ਵਧਾਉਣ, ਪੈਦਲ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ, ਗਰਿੱਲਾਂ ਦੀ ਦੇਖਭਾਲ ਆਦਿ ਦੇ ਬਾਰੇ ਵੀ ਡੂੰਘਾ ਵਿਚਾਰ ਕੀਤਾ ਗਿਆ ਤਾਂ ਕਿ ਦਿੱਲੀ ਦੀ ਆਵਾਜਾਈ ਵਿਚ ਸੁਧਾਰ ਹੋ ਸਕੇ ਅਤੇ ਨਾਲ ਹੀ ਟਰੈਫਿਕ ਜਾਮ ਦੀ ਸਮੱਸਿਆ ਵਿਚ ਕਮੀ ਆ ਸਕੇ |