ਯਮੁਨਾਨਗਰ, 19 ਮਈ (ਗੁਰਦਿਆਲ ਸਿੰਘ ਨਿਮਰ)-ਯਮੁਨਾਨਗਰ ਦੀ ਵਰਕਸ਼ਾਪ ਰੋਡ 'ਤੇ ਸਥਿਤ ਬੱਸ ਸਟੈਂਡ ਚੌਕ ਦਾ ਨਾਂਅ ਮਹਾਨ ਯੋਗੀ ਗੁਰੂ ਗੋਰਖਸ਼ਨਾਥ ਦੇ ਨਾਂਅ 'ਤੇ ਰੱਖਣ ਦੀ ਪ੍ਰਸ਼ਾਸਕੀ ਪ੍ਰਵਾਨਗੀ ਮਿਲਣ ਤੋਂ ਬਾਅਦ ਜੋਗੀ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ | ਇਸ ਦੇ ਚਲਦਿਆਂ ਜੋਗੀ ਧਰਮਸ਼ਾਲਾ ਕਪਾਲ ਮੋਚਨ ਦੇ ਮੁਖੀ ਜੈਚੰਦ ਦੀ ਅਗਵਾਈ ਹੇਠ ਜੋਗੀ ਭਾਈਚਾਰੇ ਦੇ ਇਕ ਵਫ਼ਦ ਵਲੋਂ ਮੇਅਰ ਸੁਮਨ ਬਾਹਮਣੀ ਦੇ ਨਿਵਾਸ ਸਥਾਨ 'ਤੇ ਪਹੁੰਚ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਵਫ਼ਦ ਨੇ ਮੇਅਰ ਸੁਮਨ ਬਾਹਮਣੀ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਪ੍ਰਧਾਨ ਜੈਚੰਦ ਅਤੇ ਜਨਰਲ ਸਕੱਤਰ ਰਮੇਸ਼ ਨੇ ਕਿਹਾ ਕਿ ਗੁਰੂ ਗੋਰਖਸ਼ਨਾਥ ਜੀ ਨੇ ਸਮਾਜ ਅਤੇ ਭਾਰਤੀ ਸੱਭਿਆਚਾਰ 'ਚ ਮਹੱਤਵਪੂਰਨ ਯੋਗਦਾਨ ਪਾਇਆ ਹੈ | ਸ਼ਹਿਰ ਦੇ ਮੁੱਖ ਚੌਕ ਦਾ ਨਾਂਅ ਉਨ੍ਹਾਂ ਦੇ ਨਾਂਅ 'ਤੇ ਰੱਖਣਾ ਪੂਰੇ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਇਹ ਫੈਸਲਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੇ ਸੱਭਿਆਚਾਰ ਅਤੇ ਸੰਤ ਪ੍ਰੰਪਰਾਵਾਂ ਨਾਲ ਜੋੜੇਗਾ | ਇਸ ਮੌਕੇ ਮੇਅਰ ਸੁਮਨ ਬਾਹਮਣੀ ਨੇ ਕਿਹਾ ਕਿ ਬੱਸ ਸਟੈਂਡ ਚੌਕ ਦਾ ਨਾਂਅ ਗੁਰੂ ਗੋਰਖਸ਼ਨਾਥ ਜੀ ਦੇ ਨਾਂਅ 'ਤੇ ਰੱਖਣ ਦਾ ਪ੍ਰਸਤਾਵ ਨਗਰ ਨਿਗਮ ਹਾਊਸ ਦੀ ਦੂਜੀ ਮੀਟਿੰਗ 'ਚ ਪਾਸ ਕੀਤਾ ਗਿਆ ਸੀ ਅਤੇ ਹੁਣ ਇਸ ਨੂੰ ਪ੍ਰਸ਼ਾਸਕੀ ਪ੍ਰਵਾਨਗੀ ਮਿਲ ਗਈ ਹੈ | ਉਨ੍ਹਾਂ ਕਿਹਾ ਕਿ ਨਗਰ ਨਿਗਮ ਸ਼ਹਿਰ ਦੇ ਸੰਤਾਂ-ਮਹਾਂਪੁਰਸ਼ ਅਤੇ ਸਮਾਜ ਸੁਧਾਰਕਾਂ ਦੇ ਸਨਮਾਨ ਲਈ ਲਗਾਤਾਰ ਕੰਮ ਕਰ ਰਿਹਾ ਹੈ ਤਾਂ ਜੋ ਨਵੀਂ ਪੀੜ੍ਹੀ ਉਨ੍ਹਾਂ ਦੇ ਆਦਰਸ਼ਾਂ ਤੋਂ ਪ੍ਰੇਰਨਾ ਲੈ ਸਕੇ | ਮੇਅਰ ਨੇ ਕਿਹਾ ਕਿ ਗੁਰੂ ਗੋਰਖਸ਼ਨਾਥ ਜੀ ਨੇ ਸਮਾਜ ਨੂੰ ਅਧਿਆਤਮਿਕਤਾ, ਯੋਗਾ ਅਤੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੱਤਾ | ਚੌਕ ਦਾ ਨਾਂਅ ਗੁਰੂ ਜੀ ਦੇ ਨਾਂਅ 'ਤੇ ਰੱਖਣਾ ਪੂਰੇ ਸ਼ਹਿਰ ਲਈ ਸਨਮਾਨ ਹੈ | ਉਨ੍ਹਾਂ ਜੋਗੀ ਭਾਈਚਾਰੇ ਦਾ ਧੰਨਵਾਦ ਕਰਦਿਆਂ ਭਾਈਚਾਰੇ ਦੇ ਸਮਰਥਨ ਲਈ ਧੰਨਵਾਦ ਜ਼ਾਹਿਰ ਕਰਦਿਆਂ ਕਿਹਾ ਕਿ ਸ਼ਹਿਰ ਦੇ ਵਿਕਾਸ ਅਤੇ ਸਮਾਜਿਕ ਸਦਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ | ਇਸ ਮੌਕੇ ਜੋਗੀ ਭਾਈਚਾਰੇ ਦੇ ਲੋਕਾਂ ਨੇ ਮੇਅਰ ਅਤੇ ਹੋਰਨਾਂ ਹਾਜ਼ਰੀਨਾਂ 'ਚ ਮਠਿਆਈਆਂ ਵੀ ਵੰਡੀਆਂ | ਇਸ ਮੌਕੇ ਵਿਪਨ ਸ਼ਾਸਤਰੀ, ਸੇਵਾ-ਮੁਕਤ ਇੰਸਪੈਕਟਰ ਓਮ ਪ੍ਰਕਾਸ਼, ਅਮਰਪਾਲ, ਦਿਨੇਸ਼ ਉਪਾਧਿਆਏ, ਧਰਮਚੰਦ, ਸੁਰਿੰਦਰ ਕੁਮਾਰ, ਕਰਨ ਮੰਡੇਬਰੀ, ਪਵਨ ਮੁਕਰਮਪੁਰ, ਕਮਲ ਦਹੀਆ, ਮੀਨਾ, ਡਿੰਪਲ ਤੇ ਅਲਕਾ ਆਦਿ ਵੀ ਹਾਜ਼ਰ ਸਨ |