ਨਵੀਂ ਦਿੱਲੀ, 19 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਇਨ੍ਹਾਂ ਦਿਨਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਹੋ ਰਹੀਆਂ ਹਨ | ਇਸ ਮਾਮਲੇ ਨੂੰ ਵੇਖਦੇ ਹੋਏ ਅੱਗ ਬੁਝਾਊ ਵਿਭਾਗ ਦੇ ਅਧਿਕਾਰੀ ਦਫ਼ਤਰਾਂ, ਪਬਲਿਕ ਥਾਵਾਂ ਅਤੇ ਹੋਰ ਸੰਸਥਾਵਾਂ ਵਿਚ ਜਾ ਕੇ ਇਸ ਸਮੱਸਿਆ ਨਾਲ ਨਿਪਟਣ ਦੇ ਗੁਰ ਦੱਸ ਰਹੇ ਹਨ, ਤਾਂ ਕਿ ਅੱਗ 'ਤੇ ਜਲਦ ਕਾਬੂ ਪਾਇਆ ਜਾ ਸਕੇ | ਇਸੇ ਹੀ ਮਾਮਲੇ ਪ੍ਰਤੀ ਪਟੇਲ ਚੌਕ ਦੀ ਆਈ.ਐਨ.ਐਸ. ਬਿਲਡਿੰਗ ਦੇ ਕਾਨਫ਼ਰੰਸ ਹਾਲ ਵਿਚ ਸਥਿਤ ਦਫ਼ਤਰਾਂ ਦੇ ਨੁਮਾਇੰਦਿਆਂ ਦੀ ਇਕ ਬੈਠਕ ਆਯੋਜਿਤ ਕੀਤੀ ਗਈ, ਜਿਸ ਵਿਚ ਅੱਗ ਬੁਝਾਊ ਵਿਭਾਗ ਦੇ ਅਧਿਕਾਰੀ ਨੇ ਅੱਗ ਬੁਝਾਊ ਯੰਤਰ ਦੀ ਕਿਸ ਤਰ੍ਹਾਂ ਮੁਸ਼ਕਿਲ ਸਮੇਂ ਵਰਤੋਂ ਕਰਨੀ ਹੈ, ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅੱਗ ਬੁਝਾਉਣ ਵਾਲੇ ਯੰਤਰ ਨੂੰ ਕਮਰੇ ਦੇ ਅੰਦਰ ਨਾ ਰੱਖ ਕੇ ਬਾਹਰ ਰੱਖਿਆ ਜਾਵੇ, ਅੱਗ ਲੱਗਣ ਸਮੇਂ ਆਪਣੇ ਆਲੇ-ਦੁਆਲੇ ਕੰਬਲ ਜਾਂ ਮੋਟਾ ਕੱਪੜਾ ਉੱਪਰ ਲੈ ਕੇ ਬਾਹਰ ਨਿਕਲਿਆ ਜਾਵੇ | ਉਨ੍ਹਾਂ ਇਹ ਵੀ ਦੱਸਿਆ ਕਿ ਅੱਗ ਲੱਗਣ ਸਮੇਂ ਘਬਰਾਉਣਾ ਨਹੀਂ ਚਾਹੀਦਾ, ਬਲਕਿ ਦੱਸੀ ਗਈ ਤਕਨੀਕ ਦੀ ਵਰਤੋਂ ਕਰਨ ਦੀ ਲੋੜ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਅੱਗ ਦੀ ਘਟਨਾ ਤੋਂ ਬਚਣ ਲਈ, ਕੀ-ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ |