ਨਵੀਂ ਦਿੱਲੀ, 19 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਗਰਮੀ ਦੇ ਮੌਸਮ ਵਿਚ ਦਿੱਲੀ ਦੇ ਅੰਦਰ ਅਗਜ਼ਨੀ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਅਤੇ ਅੱਗ ਬੁਝਾਊ ਵਿਭਾਗ ਦੀਆਂ ਗੱਡੀਆਂ ਦਿਨ ਰਾਤ ਇਧਰ-ਉਧਰ ਜਾਂਦੀਆਂ ਅਕਸਰ ਵਿਖਾਈ ਦਿੰਦੀਆਂ ਹਨ | ਇਨ੍ਹਾਂ ਦਿਨਾਂ ਵਿਚ ਗੀਤਾ ਕਾਲੋਨੀ ਵਿਚ ਕੂੜਾ ਚੁੱਕਣ ਵਾਲੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ ਅਤੇ ਜਦੋਂ ਤੱਕ ਅੱਗ ਬੁਝਾਊ ਵਿਭਾਗ ਦੀਆਂ ਗੱਡੀਆਂ ਪੁੱਜੀਆਂ ਤਾਂ ਟਰੱਕ ਸੜ ਕੇ ਸੁਆਹ ਹੋ ਚੁੱਕਿਆ ਸੀ | ਇਸ ਤਰ੍ਹਾਂ ਹੀ ਇਕ ਈ-ਰਿਕਸ਼ਿਆਂ ਦੇ ਚਾਰਜਿੰਗ ਸੈਂਟਰ 'ਤੇ ਅੱਗ ਲੱਗਣ ਨਾਲ ਦੋ ਲੋਕ ਜ਼ਖ਼ਮੀ ਹੋ ਗਏ | ਭਜਨਪੁਰਾ ਵਿਖੇ ਇਕ ਚਲਦੀ ਕਾਰ ਵਿਚ ਅੱਗ ਲੱਗ ਗਈ ਅਤੇ ਕਾਰ ਚਲਾਉਣ ਵਾਲੇ ਨੇ ਬੜੇ ਮੁਸ਼ਕਿਲ ਦੇ ਨਾਲ ਆਪਣੀ ਜਾਨ ਬਚਾਈ | ਇਸੇ ਤਰ੍ਹਾਂ ਹੀ ਕੰਝਾਵਾਲਾ, ਸ਼ਾਹਬਾਦ ਡੇਅਰੀ, ਵਿਜੈ ਵਿਹਾਰ ਵਿਚ ਫੈਕਟਰੀ ਅੰਦਰ ਅੱਗ ਲੱਗ ਗਈ | ਪ੍ਰਹਿਲਾਦ ਵਿਹਾਰ ਵਿਖੇ ਪਏ ਕਬਾੜ ਨੂੰ ਅੱਗ ਲੱਗ ਗਈ, ਜਿਸ ਦੀ ਲਪੇਟ ਵਿਚ ਕਈ ਝੁੱਗੀਆਂ ਵੀ ਸੜ ਗਈਆਂ | ਹਾਲਾਂਕਿ ਅੱਗ ਬੁਝਾਊ ਵਿਭਾਗ ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਆਪਣੀਆਂ ਗੱਡੀਆਂ ਭੇਜ ਦਿੰਦਾ ਹੈ ਪ੍ਰੰਤੂ ਏਨੀ ਟਰੈਫ਼ਿਕ ਵਿਚ ਜਲਦੀ ਗੱਡੀਆਂ ਪੁੱਜਣਾ ਮੁਸ਼ਕਿਲ ਹੁੰਦਾ ਹੈ, ਜਿਸ ਕਰਕੇ ਕਾਫ਼ੀ ਨੁਕਸਾਨ ਵੀ ਹੁੰਦਾ ਹੈ | ਅੱਗ ਬੁਝਾਊ ਵਿਭਾਗ ਕੋਲ ਸੀਮਤ ਕਰਮਚਾਰੀ ਹਨ ਅਤੇ ਗੱਡੀਆਂ ਦੀ ਗਿਣਤੀ ਦਿੱਲੀ ਦੀ ਜਨ-ਸੰਖਿਆ ਦਾ ਅਨੁਸਾਰ ਨਹੀਂ ਹੈ | ਦਿੱਲੀ ਦੂਰ-ਦੂਰ ਤੱਕ ਫੈਲੀ ਹੋਈ ਹੈ | ਹਰ ਥਾਂ ਅੱਗ ਬੁਝਾਊ ਵਿਭਾਗ ਦੇ ਕੇਂਦਰ ਵੀ ਨਹੀਂ ਹਨ |