ਯਮੁਨਾਨਗਰ, 4 ਜੂਨ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਦੀ ਡਾ. ਨਿਧੀ ਮਹਿੰਦਰੂ (ਸਹਾਇਕ ਪ੍ਰੋਫੈਸਰ ਅਤੇ ਮੁਖੀ ਬਾਇਓਟੈਕਨਾਲੋਜੀ ਵਿਭਾਗ) ਨੂੰ ਅਕਾਦਮਿਕ ਸਾਲ 2026-27 ਲਈ ਮਾਈਕ੍ਰੋਬਾਇਓਲੋਜਿਸਟਸ ਸੁਸਾਇਟੀ ਆਫ਼ ਇੰਡੀਆ ਦੀ ਸਾਫ਼ ਪਾਣੀ ਕਮੇਟੀ ਦੀ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਡਾ. ਨਿਧੀ ਮਹਿੰਦਰੂ ਦੀ ਇਹ ਨਿਯੁਕਤੀ ਬਾਇਓਟੈਕਨਾਲੋਜੀ, ਮਾਈਕ੍ਰੋਬਾਇਓਲੋਜੀ, ਵਾਤਾਵਰਨ ਸਥਿਰਤਾ ਅਤੇ ਅਕਾਦਮਿਕ ਲੀਡਰਸ਼ਿਪ ਦੇ ਖੇਤਰਾਂ 'ਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਦਿੱਤੀ ਗਈ ਹੈ | ਆਪਣੀ ਨਵੀਂ ਜ਼ਿੰਮੇਵਾਰੀ ਤਹਿਤ ਉਹ ਦੇਸ਼ ਭਰ ਦੇ ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਸਿੱਖਿਆ ਸ਼ਾਸਤਰੀਆਂ 'ਚ ਸਾਫ਼ ਪਾਣੀ ਸੰਬੰਧੀ ਜਾਗਰੂਕਤਾ, ਟਿਕਾਊ ਪਾਣੀ ਪ੍ਰਬੰਧਨ, ਵਾਤਾਵਰਨ ਸੰਭਾਲ ਅਤੇ ਵਿਗਿਆਨਕ ਪਹੁੰਚ 'ਤੇ ਕੇਂਦਰਿਤ ਪਹਿਲਕਦਮੀਆਂ ਦੀ ਅਗਵਾਈ ਕਰੇਗੀ | ਇਹ ਪ੍ਰਾਪਤੀ ਡਾ. ਮਹਿੰਦਰੂ ਦੀ ਵਿਲੱਖਣ ਅਕਾਦਮਿਕ ਯਾਤਰਾ 'ਚ ਇਕ ਹੋਰ ਮੀਲ ਪੱਥਰ ਹੈ | ਇਸ ਨਿਯੁਕਤੀ ਤੋਂ ਪਹਿਲਾਂ ਉਨ੍ਹਾਂ ਨੇ 202526 ਦੇ ਅਕਾਦਮਿਕ ਸਾਲ ਲਈ ਮਾਈਕ੍ਰੋਬਾਇਓਲੋਜਿਸਟਸ ਸੁਸਾਇਟੀ ਦੇ ਰਾਜ ਪ੍ਰਧਾਨ (ਹਰਿਆਣਾ) ਵਜੋਂ ਸੇਵਾ ਨਿਭਾਈ ਸੀ, ਜਿਸ ਦੌਰਾਨ ਉਨ੍ਹਾਂ ਨੇ ਪੂਰੇ ਰਾਜ 'ਚ ਵਿਗਿਆਨਕ ਜਾਗਰੂਕਤਾ, ਖੋਜ ਸਹਿਯੋਗ, ਪੇਸ਼ੇਵਰ ਨੈੱਟਵਰਕਿੰਗ ਅਤੇ ਅਕਾਦਮਿਕ ਉੱਤਮਤਾ ਨੂੰ ਉਤਸ਼ਾਹਿਤ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ | ਇਸ ਵਕਾਰੀ ਨਿਯੁਕਤੀ ਬਦਲੇ ਡਾ. ਮਹਿੰਦਰੂ ਨੇ ਡਾ. ਏ. ਐਮ. ਦੇਸ਼ਮੁੱਖ ਪ੍ਰਧਾਨ ਮਾਈਕ੍ਰੋਬਾਇਓਲੋਜਿਸਟਸ ਸੁਸਾਇਟੀ ਆਫ਼ ਇੰਡੀਆ ਸਮੇਤ ਸੁਸਾਇਟੀ ਦੇ ਹੋਰਨਾਂ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਉਨ੍ਹਾਂ 'ਚ ਵਿਸ਼ਵਾਸ ਜਤਾਉਣ ਬਦਲੇ ਉਚੇਚੇ ਤੌਰ 'ਤੇ ਧੰਨਵਾਦ ਕੀਤਾ | ਇਸ ਪ੍ਰਾਪਤੀ ਦੇ ਚਲਦਿਆਂ ਡਾ. ਨਿਧੀ ਮਹਿੰਦਰੂ ਨੂੰ ਵਧਾਈ ਦਿੰਦਿਆਂ ਗੁਰੂ ਨਾਨਕ ਖਾਲਸਾ ਕਾਲਜ ਦੇ ਪਿ੍ੰ. ਡਾ. ਅਰਵਿੰਦਰ ਸਿੰਘ ਭੱਲਾ ਨੇ ਕਿਹਾ ਕਿ ਇਹ ਨਿਯੁਕਤੀ ਸੰਸਥਾ ਲਈ ਬਹੁਤ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਡਾ. ਮਹਿੰਦਰੂ ਦਾ ਅਕਾਦਮਿਕ, ਖੋਜ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਸਮਰਪਣ ਰਾਸ਼ਟਰੀ ਪੱਧਰ 'ਤੇ ਕਾਲਜ ਨੂੰ ਵਿਲੱਖਣਤਾ ਅਤੇ ਮਾਨਤਾ ਪ੍ਰਦਾਨ ਕਰਦਾ ਰਹਿੰਦਾ ਹੈ | ਇਸੇ ਦੌਰਾਨ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਦੀਪ ਸਿੰਘ ਜੌਹਰ ਨੇ ਵੀ ਡਾ. ਨਿਧੀ ਮਹਿੰਦਰੂ ਨੂੰ ਦਿਲੋਂ ਵਧਾਈ ਦਿੰਦਿਆਂ ਵਿਗਿਆਨਕ ਉੱਤਮਤਾ ਨੂੰ ਉਤਸ਼ਾਹਿਤ ਕਰਨ 'ਚ ਉਨ੍ਹਾਂ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਭਰੋਸਾ ਜਤਾਇਆ ਕਿ ਡਾ. ਮਹਿੰਦਰੂ ਸਾਫ਼ ਪਾਣੀ ਕਮੇਟੀ ਦੇ ਉਦੇਸ਼ਾਂ 'ਚ ਸਫ਼ਲਤਾਪੂਰਵਕ ਯੋਗਦਾਨ ਪਾਉਣਗੇ ਅਤੇ ਅਕਾਦਮਿਕ ਤੇ ਵਿਗਿਆਨਕ ਖੇਤਰਾਂ 'ਚ ਕਾਲਜ ਦੀ ਸਾਖ ਨੂੰ ਹੋਰ ਮਜ਼ਬੂਤ ਕਰਨਗੇ | ਇਸ ਮੌਕੇ ਕਾਲਜ ਦੇ ਫੈਕਲਟੀ ਮੈਂਬਰਾਂ, ਵਿਦਿਆਰਥੀਆਂ ਅਤੇ ਸ਼ੁਭਚਿੰਤਕ ਨੇ ਵੀ ਡਾ. ਨਿਧੀ ਮਹਿੰਦਰੂ ਨੂੰ ਇਸ ਮਹੱਤਵਪੂਰਨ ਪ੍ਰਾਪਤੀ ਬਦਲੇ ਵਧਾਈ ਦਿੰਦਿਆਂ ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਨੂੰ ਇਕ ਹੋਰ ਰਾਸ਼ਟਰ ਪੱਧਰੀ ਸਨਮਾਨ ਦਿਵਾਉਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ |
ਗੁਰੂ ਨਾਨਕ ਖਾਲਸਾ ਕਾਲਜ ਨੇ ਡਾ. ਨਿਧੀ ਮਹਿੰਦਰੂ ਨੂੰ ਚੇਅਰਮੈਨ ਚੁਣੇ ਜਾਣ 'ਤੇ ਦਿੱਤੀ ਵਧਾਈ
ਅਜੀਤ ਡੈਸਕ
05-06-2026