ਕੋਲਕਾਤਾ, 4 ਜੂਨ (ਰਣਜੀਤ ਸਿੰਘ ਲੁਧਿਆਣਵੀ)- ਤਿ੍ਣਮੂਲ ਕਾਂਗਰਸ ਦੋਫਾੜ ਹੋ ਗਈ ਹੈ ਅਤੇ 80 ਵਿਧਾਇਕਾਂ 'ਚੋਂ 59 ਨੇ ਮਮਤਾ ਬੈਨਰਜੀ ਵਲੋਂ ਬਣਾਈ ਤਿ੍ਣਮੂਲ ਕਾਂਗਰਸ 'ਚੋਂ ਵੱਖ ਹੋ ਕੇ ਆਪਣਾ ਵੱਖਰਾ ਧੜਾ ਬਣਾ ਲਿਆ ਹੈ | ਮਮਤਾ ਬੈਨਰਜੀ ਨੰੂ ਪਾਰਟੀ ਪ੍ਰਧਾਨ ਮੰਨਦਿਆਂ ਆਪਣੇ ਆਪ ਨੂੰ ਅਸਲੀ ਤਿ੍ਣਮੂਲ ਦੱਸਿਆ ਜਾ ਰਿਹਾ ਹੈ | ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਨਵੀਂ ਪਾਰਟੀ ਆਪਣੀ ਥਾਂ ਕਾਇਮ ਕਰਨ 'ਚ ਸਫਲ ਰਹੇਗੀ ? ਕਿਸੇ ਰਾਜਨੀਤਕ ਪਾਰਟੀ ਨੂੰ ਲੰਮੇ ਸਮੇਂ ਤੱਕ ਆਪਣੀ ਹੋਂਦ ਬਣਾਈ ਰੱਖਣ ਲਈ ਤਿੰਨ ਚੀਜਾਂ ਦੀ ਲੋੜ ਹੁੰਦੀ ਹੈ | ਪਹਿਲੀ ਇਕ ਆਦਰਸ਼, ਦੂਜਾ ਇਕ ਕ੍ਰਿਸ਼ਮਈ ਆਗੂ ਅਤੇ ਤੀਜਾ ਆਮ ਲੋਕਾਂ ਦੀ ਹਮਾਇਤ | ਇਸ ਲਈ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਜੇਕਰ ਤਿ੍ਣਮੂਲ ਕਾਂਗਰਸ 2.0 ਨੂੰ 1998 'ਚ ਸਥਾਪਿਤ ਤਿ੍ਣਮੂਲ ਕਾਂਗਰਸ ਦਾ ਨਾਮ ਅਤੇ ਚੋਣ ਨਿਸ਼ਾਨ ਮਿਲ ਵੀ ਗਿਆ, ਤਾਂ ਕੀ ਉਹ ਲੋਕਾਂ 'ਚ ਮਕਬੂਲ ਹੋ ਸਕੇਗੀ | ਇਸ ਦਾ ਕਾਰਨ ਇਹ ਹੈ ਕਿ ਇਹ ਨਵੀਂ ਪਾਰਟੀ ਜਾਂ ਧੜਾ, ਤਿੰਨਾਂ 'ਚੋਂ ਇਕ ਵੀ ਸਵਾਲ 'ਤੇ ਖਰਾ ਨਹੀਂ ਉਤਰਦਾ | ਮੌਜੂਦਾ ਵਿਧਾਨ ਸਭਾ 'ਚ ਮਮਤਾ ਬੈਨਰਜੀ ਅਤੇ ਉਸਦੀ ਪਾਰਟੀ ਨੂੰ ਜਿਹੜੇ 41 ਫੀਸਦੀ ( 2 ਕਰੋੜ ਤੋਂ ਵੱਧ ਵੋਟਾਂ) ਮਿਲੀਆਂ ਸਨ, ਉਨ੍ਹਾਂ ਨੰੂ ਇਹ ਹਾਸਿਲ ਕਰ ਸਕਣਗੇ, ਇਹ ਬਹੁਤ ਵੱਡੀ ਚੁਨੌਤੀ ਮੰਨੀ ਜਾ ਸਕਦੀ ਹੈ | ਇਕ ਹੋਰ ਸਭ ਤੋਂ ਵੱਡਾ ਸਵਾਲ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਰਿਤਾਬ੍ਰਤ ਬੈਨਰਜੀ ਮਮਤਾ ਬੈਨਰਜੀ ਦੇ ਕੋਈ ਰਿਸ਼ਦੇਤਾਰ ਨਹੀਂ ਹਨ ਅਤੇ ਆਪਣੇ ਦਮ ਤੱਕ ਹੁਣ ਤੱਕ ਕੋਈ ਵੱਡੀ ਜਿੱਤ ਵੀ ਹਾਸਿਲ ਨਹੀਂ ਕਰ ਸਕੇ ਹਨ | ਕੀ ਉਨ੍ਹਾਂ 'ਚ ਇਹ ਕਰਿਸ਼ਮਾ ਮੌਜੂਦ ਹੈ ਕਿ ਇਹੋ ਜਿਹੀ ਲੀਡਰ ਵਿੱਰੁਧ ਬਗਾਵਤ ਨੂੰ ਸਾਂਭਣ 'ਚ ਸਫਲ ਹੋ ਸਕਣਗੇ, ਜਿਸ ਦੀ ਪੱਧਰ ਦਾ ਅਜੇ ਵੀ ਬੰਗਾਲ 'ਚ ਕੋਈ ਆਗੂ ਨਹੀਂ ਅਤੇ ਲੱਖਾਂ ਉਨ੍ਹਾਂ ਦੇ ਹਮਾਇਤੀ ਹਨ | ਮੁਕੁਲ ਰਾਏ ਵਾਂਗ ਉਨ੍ਹਾਂ ਨੂੰ ਦੂਜੀ ਪਾਰਟੀ ਦੇ ਆਗੂਆਂ ਨਾਲ ਰਾਬਤਾ ਕਾਇਮ ਰੱਖਣ 'ਚ ਅੱਵਲ ਜਰੂਰ ਮੰਨਿਆ ਜਾ ਰਿਹਾ ਹੈ | ਇਹ ਵੀ ਇਕ ਵੱਡਾ ਸਵਾਲ ਹੈ ਕਿ ਨਵੀਂ ਤਿ੍ਣਮੂਲ ਦੀ ਕੋਈ ਨੀਤੀ, ਆਦਰਸ਼, ਵਿਚਾਰਧਾਰਾ ਵੀ ਹੋਵੇਗੀ ਜਾਂ ਨਹੀਂ | ਤਿ੍ਣਮੂਲ ਕਾਂਗਰਸ ਕਦੇ ਵੀ ਕਾਂਗਰਸ ਜਾਂ ਕਮਿਉਨਿਸਟਾਂ ਵਾਂਗ ਕਿਸੇ ਵਿਚਾਰਧਾਰਾ, ਨੀਤੀ, ਆਦਰਸ਼ ਤੇ ਸਥਾਪਿਤ ਹੋਈ ਪਾਰਟੀ ਨਹੀਂ | ਰਾਜਨੀਤਕ ਆਗੂ ਸੱਤਾ ਨਾਲ ਰਹਿਣਾ ਪਸੰਦ ਕਰਦੇ ਹਨ | 2021 'ਚ ਜਦੋਂ ਲੱਗਿਆ ਕਿ ਭਾਜਪਾ ਦੀ ਸਰਕਾਰ ਆਉਣ ਵਾਲੀ ਹੈ, ਸਾਰੇ ਤਿ੍ਣਮੂਲ ਛੱਡ ਕੇ ਭਾਜਪਾ 'ਚ ਸ਼ਾਮਿਲ ਹੋ ਰਹੇ ਸਨ | ਪਰ ਜਦੋਂ ਤਿ੍ਣਮੂਲ ਜਿੱਤ ਗਈ ਤਾਂ ਉਹ ਇਕ-ਇਕ ਕਰਕੇ ਵਾਪਸ ਪਾਰਟੀ 'ਚ ਮੁੜ ਵਾਪਸ ਆ ਗਏ | ਤਿ੍ਣਮੂਲ ਦਾ ਮੁੱਖ ਉਦੇਸ਼ ਖੱਬਾ ਮੋਰਚਾ ਦਾ ਵਿਰੋਧ ਕਰਨਾ ਅਤੇ ਬਾਅਦ 'ਚ ਮਮਤਾ ਬੈਨਰਜੀ ਦਾ ਆਪਣੇ ਸੁਪਨਿਆਂ ਦਾ ਬੰਗਾਲ ਬਨਾਉਣ ਲਈ ਵੱਖ-ਵੱਖ ਸਮਾਜਭਲਾਈ ਯੋਜਨਾਵਾਂ ਨੂੰ ਚਾਲੂ ਕਰਨਾ ਰਿਹਾ ਹੈ | ਪਾਰਟੀ ਦੀ ਟੈਗ ਲਾਈਨ ਮਾਂ, ਮਾਟੀ, ਮਾਨੁਸ਼ ਲੋਕ ਦਰਦੀ ਨੀਤੀ, ਬੰਗਾਲੀਪੁਣੇ ਤੇ ਮਾਣ, ਸਮਾਜਵਾਦੀ ਅਤੇ ਕਮਿਉਨਿਸਟਾਂ ਦੀਆਂ ਯੋਜਨਾਵਾਂ ਨੂੰ ਅੱਗੇ ਲੈ ਕੇ ਤੁਰਨਾ, ਧਰਮ ਨਿਰਪੇਖ ਵਤੀਰਾ ਅਤੇ ਸੀ.ਪੀ.ਐਮ. ਵਿਰੋਧੀ ਵਿਚਾਰਧਾਰਾ ਇਕ ਧਾਗੇ 'ਚ ਮਾਲਾ ਵਾਂਗ ਸਨ | ਤਿ੍ਣਮੂਲ ਕਾਂਗਰਸ 2.0 ਦੀ ਸਭ ਤੋਂ ਵੱਡੀ ਚੁਨੌਤੀ ਇਹੋ ਹੋਵੇਗੀ ਕਿ ਮਮਤਾ ਬੈਨਰਜੀ ਦਾ ਵਿਰੋਧ ਛੱਡ ਕੇ ਉਹ ਹੋਰ ਕੀ ਕੁਝ ਕਰਨਗੇ ਕਿਉਂਕਿ ਇਹ ਕੰਮ ਤਾਂ ਬੰਗਾਲ 'ਚ ਭਾਜਪਾ, ਸੀ.ਪੀ.ਐਮ., ਕਾਂਗਰਸ ਪਹਿਲਾਂ ਹੀ ਕਰਦੀ ਰਹੀ ਹੈ | ਜੇਕਰ ਇਹ ਦਾਅਵਾ ਕਰਨ ਕਿ ਅਸੀਂ ਪਰਿਵਾਰ ਆਧਾਰਿਤ, ਕਿਸੇ ਇਕ ਬੰਦੇ ਦੀ ਵਿਚਾਰ 'ਤੇ ਚੱਲਣ ਵਾਲੀ ਪਾਰਟੀ ਨਹੀਂ, ਇਸ ਨੂੰ ਇਕ ਜਥੇਬੰਦੀ ਦੀ ਸੋਚ ਕਿਹਾ ਜਾ ਸਕਦਾ ਹੈ ਪਰ ਆਦਰਸ਼ ਜਾਂ ਵਿਚਾਰਧਾਰਾ ਨਹੀਂ ਕਿਹਾ ਜਾ ਸਕਦਾ | ਸਭ ਤੋਂ ਵੱਡੀ ਸਮਸਿਆ ਇਹ ਹੈ ਕਿ ਆਮ ਲੋਕ ਪਾਰਟੀ ਦੀ ਅੰਦਰੂਨੀ ਹਾਲਤ ਨੂੰ ਲੈ ਕੇ ਇਕੱਠੇ ਨਹੀਂ ਹੁੰਦੇ, ਉਹ ਪਛਾਣ, ਆਸ਼ਾ, ਉਮੀਦ, ਵਿਰੋਧ ਕਾਰਨ ਕਿਸੇ ਪਾਰਟੀ ਨਾਲ ਜੁੜਦੇ ਹਨ | ਨਵੀਂ ਪਾਰਟੀ ਜੇਕਰ ਭਾਜਪਾ ਅਤੇ ਮਮਤਾ ਦੋਵਾਂ ਤੋਂ ਵੱਖ ਇਕ ਮਜਬੂਤ ਰਾਜਨੀਤਕ ਵਿਰੋਧੀ ਧਿਰ ਵਜੋਂ ਉਭਰਨ 'ਚ ਸਫਲ ਹੁੰਦੇ ਹਨ ਤਾਂ ਠੀਕ, ਨਹੀਂ ਤਾਂ ਉਹ ਇਕ ਪਾਰਟੀ ਨਹੀਂ ਸਿਰਫ ਇਕ ਧੜਾ ਬਣ ਕੇ ਰਹਿ ਜਾਣਗੇ | ਤਿ੍ਣਮੂਲ ਕਾਂਗਰਸ ਦੇ ਟਿਕਟ 'ਤੇ ਜਿੱਤਣ ਵਾਲੇ 59 ਵਿਧਾਇਕਾਂ 'ਚ ਜਿਆਦਾਤਰ ਇਹ ਮੰਨਦੇ ਹਨ ਕਿ ਉਹ ਆਪਣੇ ਕਾਰਨ ਨਹੀਂ ਮਮਤਾ ਬੈਨਰਜੀ ਦੀ ਲੀਡਰਸ਼ਿਪ, ਉਨ੍ਹਾਂ ਦੀਆਂ ਸਮਾਜ ਭਲਾਈ ਦੀਆਂਯੋਜਨਾਵਾਂ, ਪਾਰਟੀ ਦੇ ਚੋਣ ਨਿਸ਼ਾਨ ਅਤੇ ਰਾਜਨੀਤਕ ਬ੍ਰਾਂਡ ਕਾਰਨ ਜਿੱਤ ਹਾਸਿਲ ਕਰਨ 'ਚ ਸਫਲ ਹੋਏ ਹਨ | ਚੋਣ ਪ੍ਰਚਾਰ ਦੌਰਾਨ ਮਮਤਾ ਨੇ ਕਿਹਾ ਵੀ ਸੀ ਕਿ ਮੈਂ ਸਾਰੀਆਂ 294 ਸੀਟਾਂ 'ਤੇ ਉਮੀਦਵਾਰ ਹਾਂ ਅਤੇ ਤੁਸੀਂ ਮੈਨੂੰ ਵੋਟ ਪਾਉਗੇ | ਰਿਤਾਬ੍ਰਤ ਬੈਨਰਜੀ ਜਦੋਂ ਸੀ.ਪੀ.ਐਮ. ਦੇ ਟਿਕਟ 'ਤੇ 2011 'ਚ ਦੱਖਣੀ ਕੋਲਕਾਤਾ ਲੋਕਸਭਾ ਸੀਟ ਦੇ ਤਿ੍ਣਮੂਲ ਕਾਂਗਰਸ ਦੇ ਸੁਬਰਤਾ ਬਖਸੀ ਵਿਰੁੱਧ ਉਮੀਦਵਾਰ ਬਣਾਏ ਗਏ ਸਨ, ਤਾਂ ਬੁਰੀ ਤਰ੍ਹਾਂ ਹਾਰ ਗਏ ਸਨ | ਇਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਬੁੱਧਦੇਵ ਭੱਟਾਚਾਰੀਆ ਅਤੇ ਸੀਤਾਰਾਮ ਯੇਚੁਰੀ ਨਾਲ ਚੰਗੇ ਸੰਬੰਧ ਕਾਰਨ ਰਾਜਸਭਾ ਮੈਂਬਣ ਬਣਾਏ ਗਏ | 2017 'ਚ ਪਾਰਟੀ ਨੂੰ ਉਨ੍ਹਾਂ ਨੂੰ ਸਸਪੈਂਡ ਕਰਨ ਤੋਂ ਬਾਦ ਬਰਖਾਸਤ ਕਰ ਦਿੱਤਾ | ਭਾਜਪਾ ਆਗੂ ਮੁਕੁਲ ਰਾਏ ਅਤੇ ਕੈਲਾਸ਼ ਵਿਜੇਵਰਗੀ ਨਾਲ ਚੰਗੇ ਸਬੰਧ ਸਨ | ਬਾਅਦ 'ਚ ਤਿ੍ਣਮੂਲ 'ਚ ਸਾਮਿਲ ਹੋ ਗਏ | ਤਿ੍ਣਮੂਲ ਕਾਂਗਰਸ ਨੇ ਮੁਸਲਮਾਨ ਬਹੁ ਗਿਣਤੀ ਵਾਲੇ ਉਲਬੇੜੀਆ ਵਿਧਾਨਸਭਾ ਦਾ ਟਿਕਟ ਦਿੱਤਾ ਅਤੇ ਉਹ ਜਿੱਤਣ 'ਚ ਸਫਲ ਹੋ ਗਏ | ਇਸ ਤੋਂ ਸਾਫ ਪਤਾ ਚਲਦਾ ਹੈ ਕਿ ਵਿਧਾਨਸਭਾ 'ਚ ਵਿਰੋਧੀ ਧਿਰ ਦਾ ਆਗੂ ਵੀ ਹੁਣ ਤੱਕ ਆਪਣੇ ਨਾਮ 'ਤੇ ਇਕ ਸੀਟ ਨਹੀਂ ਜਿੱਤਣ 'ਚ ਸਫਲ ਰਿਹਾ | ਬੰਗਾਲ 'ਚ ਹੁਣ ਵੀ ਲੋਕ ਪੁੱਛਦੇ ਹਨ ਕਿ ਰਿਤਾਬ੍ਰਤ ਕੌਣ ਹੈ? ਇਹੋ ਹਾਲ ਦੂਜੇ ਵਿਧਾਇਕਾਂ ਦਾ ਹੈ |