ਮੰਡੀ ਕਿੱਲਿਆਂਵਾਲੀ/ਡੱਬਵਾਲੀ, 4 ਜੂਨ ਇਕਬਾਲ ਸਿੰਘ ਸ਼ਾਂਤ)-ਮੰਡੀ ਕਿੱਲਿਆਂਵਾਲੀ ਦੇ ਰਾਜ ਹਸਪਤਾਲ 'ਚ ਗੁਰਦਾ ਪੱਥਰੀ ਦੇ ਆਪ੍ਰੇਸ਼ਨ ਨੂੰ ਲੈ ਕੇ ਮਘਿਆ ਵਿਵਾਦ ਹੁਣ ਸਮਾਜਿਕ ਸਾਖ਼ ਦਾ ਮਸਲਾ ਬਣ ਗਿਆ ਹੈ | ਡੱਬਵਾਲੀ ਵਾਸੀ ਮਰੀਜ਼ ਘਨਸ਼ਿਆਮ ਦਾਸ ਤੇ ਉਸਦਾ ਪਰਿਵਾਰ ਆਪ੍ਰੇਸ਼ਨ ਤੋਂ ਬਾਅਦ ਸਰੀਰ ਵਿੱਚ ਪੱਥਰੀ ਰਹਿ ਜਾਣ 'ਤੇ ਕਥਿਤ ਦੁਰਵਿਹਾਰ ਦੇ ਮਾਮਲੇ 'ਚ ਹਸਪਤਾਲ ਸੰਚਾਲਕ ਡਾ. ਮੁਕੇਸ਼ ਤੋਂ ਮੁਆਫ਼ੀ ਮੰਗਵਾਉਣ ਦੀ ਮੰਗ 'ਤੇ ਅੜੇ ਹੋਏ ਹਨ | ਅੱਜ ਘਨਸ਼ਿਆਮ ਦਾਸ ਦੀ ਦੁਕਾਨ 'ਤੇ ਵੱਖ-ਵੱਖ ਸਮਾਜਿਕ ਅਤੇ ਵਪਾਰਕ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਹੋਈ, ਜਿਸ ਵਿੱਚ ਮਾਮਲੇ ਦੇ ਹੱਲ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਕਿ ਕੱਲ੍ਹ ਸ਼ੁੱਕਰਵਾਰ ਸਵੇਰੇ 11 ਵਜੇ ਪੰਜਾਬੀ ਧਰਮਸ਼ਾਲਾ 'ਚ ਸਰਬ ਸਮਾਜ ਦੀ ਮੀਟਿੰਗ ਕਰਵਾਈ ਜਾਵੇਗੀ, ਜਿਸ 'ਚ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ | ਹਾਲਾਂਕਿ ਮੀਟਿੰਗ ਵਿੱਚ ਹਸਪਤਾਲ ਪ੍ਰਬੰਧਨ ਨੂੰ ਅੱਜ ਸ਼ਾਮ ਤੱਕ ਆਪਣਾ ਪੱਖ ਸਪੱਸ਼ਟ ਕਰਨ ਅਤੇ ਵਿਵਾਦ ਸੁਲਝਾਉਣ ਦਾ ਮੌਕਾ ਦਿੱਤਾ ਗਿਆ ਸੀ, ਪਰ ਕੋਈ ਹੱਲ ਨਹੀਂ ਨਿਕਲ ਸਕਿਆ | ਜ਼ਿਕਰਯੋਗ ਹੈ ਕਿ ਬੀਤੇ ਦਿਨ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਡੱਬਵਾਲੀ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਹਸਪਤਾਲ ਸੰਚਾਲਕ ਡਾ. ਮੁਕੇਸ਼ ਦੇ ਹੱਕ 'ਚ ਮਰੀਜ਼ ਵਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ | ਮੀਟਿੰਗ ਵਿੱਚ ਘਨਸ਼ਿਆਮ ਦਾਸ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਆਪ੍ਰੇਸ਼ਨ ਲਈ ਲਏ ਗਏ 85 ਹਜ਼ਾਰ ਰੁਪਏ ਨੂੰ ਲੈ ਕੇ ਨਹੀਂ, ਸਗੋਂ ਸਵੈ-ਮਾਣ ਨਾਲ ਜੁੜਿਆ ਮਾਮਲਾ ਹੈ | ਉਨ੍ਹਾਂ ਦਾ ਦੋਸ਼ ਹੈ ਕਿ ਆਪ੍ਰੇਸ਼ਨ ਤੋਂ ਬਾਅਦ ਵੀ ਸਰੀਰ 'ਚ ਪੱਥਰੀ ਹੋਣ ਦਾ ਖੁਲਾਸਾ ਹੋਣ 'ਤੇ ਉਨ੍ਹਾਂ ਨਾਲ ਬੇਵਜ੍ਹਾ ਦੁਰਵਿਹਾਰ ਕੀਤਾ ਗਿਆ | ਦੂਜੇ ਪਾਸੇ ਰਾਜ ਹਸਪਤਾਲ ਦੇ ਸੰਚਾਲਕ ਡਾ. ਮੁਕੇਸ਼ ਨੇ ਕਿਹਾ ਕਿ ਜਦੋਂ ਉਨ੍ਹਾਂ ਕੋਈ ਗਲਤੀ ਹੀ ਨਹੀਂ ਕੀਤੀ ਤਾਂ ਮੁਆਫ਼ੀ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ | ਉਨ੍ਹਾਂ ਕਿਹਾ ਕਿ ਜਦੋਂ ਮਰੀਜ਼ ਉਨ੍ਹਾਂ ਕੋਲ ਆਇਆ ਸੀ ਤਾਂ ਉਨ੍ਹਾਂ ਬਾਕਾਇਦਾ ਮੁਫ਼ਤ ਆਪ੍ਰੇਸ਼ਨ ਕਰਨ ਦੀ ਗੱਲ ਕੀਤੀ ਸੀ, ਪਰ ਬਾਅਦ ਵਿੱਚ ਉਹ ਸ਼ਿਕਾਇਤਬਾਜ਼ੀ 'ਤੇ ਉੱਤਰ ਆਏ | ਜ਼ਿਕਰਯੋਗ ਹੈ ਕਿ ਡੱਬਵਾਲੀ ਵਾਸੀ ਘਨਸ਼ਿਆਮ ਦਾਸ ਨੇ ਦੋਸ਼ ਲਾਇਆ ਹੈ ਕਿ ਰਾਜ ਹਸਪਤਾਲ 'ਚ ਗੁਰਦੇ ਦੀ ਪੱਥਰੀ ਦੇ ਆਪ੍ਰੇਸ਼ਨ ਤੋਂ ਬਾਅਦ ਵੀ ਉਸਦੇ ਸਰੀਰ 'ਚ 9.7 ਐਮਐਮ ਦੀ ਪੱਥਰੀ ਰਹਿ ਗਈ | ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ, ਸਿਹਤ ਨਿਰਦੇਸ਼ਕ ਅਤੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਸ਼ਿਕਾਇਤ ਭੇਜ ਕੇ ਹਸਪਤਾਲ ਸੰਚਾਲਕ ਡਾ. ਮੁਕੇਸ਼ ਗੋਇਲ 'ਤੇ ਵੱਧ ਫ਼ੀਸ ਲੈਣ, ਦੁਬਾਰਾ ਫ਼ੀਸ ਮੰਗਣ, ਵਾਧੂ 9 ਹਜ਼ਾਰ ਰੁਪਏ ਮੰਗਣ ਅਤੇ ਦੁਰਵਿਹਾਰ ਕਰਨ ਦੇ ਦੋਸ਼ ਲਗਾਏ ਹਨ |