ਨਵੀਂ ਦਿੱਲੀ, 4 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਕਰਾਵਲ ਨਗਰ ਵਿਚ ਇਕ 4 ਮੰਜ਼ਿਲਾ ਬਿਲਡਿੰਗ ਡਿੱਗ ਗਈ | ਸਥਾਨਕ ਲੋਕਾਂ ਨੇ ਹਾਦਸੇ ਤੋਂ ਪਹਿਲਾਂ ਇਸ ਬਿਲਡਿੰਗ ਵਿਚ ਪਈਆਂ ਦਰਾਰਾਂ ਨੂੰ ਵੇਖਿਆ ਅਤੇ ਉਸਦੀ ਸੂਚਨਾ ਅਧਿਕਾਰੀਆਂ ਨੂੰ ਦਿੱਤੀ | ਅਧਿਕਾਰੀਆਂ ਨੇ ਤੁਰੰਤ ਇਸ ਬਿਲਡਿੰਗ ਨੂੰ ਖ਼ਾਲੀ ਕਰਾ ਲਿਆ ਅਤੇ ਇਸ ਤਰ੍ਹਾਂ ਇਕ ਵੱਡਾ ਹਾਦਸਾ ਟਲ ਗਿਆ | ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਅੱਗ ਬੁਝਾਊ ਵਿਭਾਗ ਅਤੇ ਡੀ.ਡੀ.ਐਮ.ਏ. ਦੀਆਂ ਟੀਮਾਂ ਵੀ ਪੁੱਜ ਗਈਆਂ | ਉਨ੍ਹਾਂ ਨੇ ਹੋਰ ਸੁਰੱਖਿਆ ਦੇ ਉਪਾਅ ਕੀਤੇ | ਪੁਲਿਸ ਦਾ ਕਹਿਣਾ ਹੈ ਕਿ ਇਹ ਬਿਲਡਿੰਗ ਜੋ ਕਿ 4 ਮੰਜ਼ਿਲਾ ਸੀ, ਵਿਚ ਦਰਾਰਾਂ ਪੈ ਗਈਆਂ ਸਨ ਅਤੇ ਇਸ ਵਿਚ ਰਹਿਣ ਵਾਲੇ ਲੋਕਾਂ ਨੂੰ ਪਹਿਲਾਂ ਹੀ ਬਾਹਰ ਕੱਢ ਲਿਆ ਸੀ | ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਦਿੱਲੀ-ਉੱਤਰ ਪ੍ਰਦੇਸ਼ ਦੀ ਸੀਮਾ ਦੇ ਕੋਲ ਸੰਬੰਧਿਤ ਵਿਭਾਗ ਦੁਆਰਾ ਨਾਲੇ ਦੀ ਮੁਰੰਮਤ ਦਾ ਕੰਮ ਚਲ ਰਿਹਾ ਸੀ ਅਤੇ ਉਸੇ ਸਮੇਂ ਬਿਲਡਿੰਗ ਵਿਚ ਪਈਆਂ ਦਰਾਰਾਂ ਵੇਖੀਆਂ ਗਈਆਂ ਅਤੇ ਉਸ ਤੋਂ ਬਾਅਦ ਤੇਜ਼ੀ ਨਾਲ ਬਿਲਡਿੰਗ ਵਿਚ ਰਹਿ ਰਹੇ ਲੋਕਾਂ ਨੂੰ ਬਾਹਰ ਕੱਢ ਲਿਆ ਅਤੇ ਕੁਝ ਦੇਰ ਬਾਅਦ ਬਿਲਡਿੰਗ ਢਹਿ ਗਈ | ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ |