ਟੋਹਾਣਾ, 4 ਜੂਨ (ਮਨਜੀਤ ਸਿੰਘ) - ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਟੋਹਾਣਾ ਤੋਂ ਮੈਂਬਰ ਸ: ਬਲਜਿੰਦਰ ਸਿੰਘ ਖ਼ਾਲਸਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਦੂਖ ਨਿਵਾਰਣ ਸਾਹਿਬ, ਭੂਨਾ ਰੋਡ ਟੋਹਾਣਾ ਵਿਖੇ ਹਲਕੇ ਦੀਆਂ ਸੰਗਤਾਂ ਦੀ ਇੱਕ ਅਹਿਮ ਅਤੇ ਵਿਸ਼ਾਲ ਬੈਠਕ ਆਯੋਜਿਤ ਕੀਤੀ ਗਈ | ਬੈਠਕ ਦੌਰਾਨ ਸਿੱਖੀ ਦੇ ਪ੍ਰਚਾਰ-ਪ੍ਰਸਾਰ, ਪੰਜਾਬੀ ਭਾਸ਼ਾ ਦੀ ਸੰਭਾਲ, ਵਿਰਾਸਤੀ ਖੇਡਾਂ ਦੇ ਉਤਸ਼ਾਹ ਅਤੇ ਸਮਾਜਿਕ ਮਸਲਿਆਂ ਦੇ ਹੱਲ ਲਈ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ | ਸ: ਬਲਜਿੰਦਰ ਸਿੰਘ ਖ਼ਾਲਸਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਕੌਮ ਦੀਆਂ ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਲਈ ਪਿੰਡ ਅਤੇ ਸ਼ਹਿਰ ਪੱਧਰ 'ਤੇ ਮਜ਼ਬੂਤ ਕਮੇਟੀਆਂ ਦਾ ਗਠਨ ਸਮੇਂ ਦੀ ਲੋੜ ਹੈ | ਉਨ੍ਹਾਂ ਸਿੱਖਿਆ ਦੇ ਪ੍ਰਸਾਰ, ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ, ਨੌਜਵਾਨਾਂ ਨੂੰ ਵਿਰਾਸਤੀ ਖੇਡਾਂ ਨਾਲ ਜੋੜਨ ਅਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਸਾਂਝੀ ਲਹਿਰ ਚਲਾਉਣ ਦੀ ਅਪੀਲ ਕੀਤੀ | ਬੈਠਕ ਦੌਰਾਨ ਸੰਗਤਾਂ ਵੱਲੋਂ ਵੀ ਵੱਖ-ਵੱਖ ਸੁਝਾਅ ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਸ: ਬਲਜਿੰਦਰ ਸਿੰਘ ਖ਼ਾਲਸਾ ਅਤੇ ਪਹੁੰਚੀ ਸੰਗਤ ਨੇ ਧਿਆਨ ਨਾਲ ਸੁਣਦਿਆਂ ਉਨ੍ਹਾਂ 'ਤੇ ਗੰਭੀਰਤਾ ਨਾਲ ਪੜਚੋਲ ਕੀਤੀ | ਸੰਗਤ ਵੱਲੋਂ ਸੁਝਾਅ ਦਿੱਤਾ ਗਿਆ ਕਿ ਬਣਨ ਵਾਲੀਆਂ ਕਮੇਟੀਆਂ ਨੂੰ ਸਿਰਫ਼ ਕਾਗ਼ਜ਼ਾਂ ਤੱਕ ਸੀਮਿਤ ਨਾ ਰੱਖ ਕੇ ਜ਼ਮੀਨੀ ਪੱਧਰ 'ਤੇ ਸਰਗਰਮ ਕੀਤਾ ਜਾਵੇ | ਬੈਠਕ ਵਿੱਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਕਮੇਟੀਆਂ ਨੂੰ ਅਸਲੀ ਰੂਪ ਵਿੱਚ ਕਾਰਗਰ ਬਣਾਉਣ ਅਤੇ ਉਨ੍ਹਾਂ ਨੂੰ ਸੌਂਪੇ ਗਏ ਕਾਰਜਾਂ ਦੀ ਸਮੀਖਿਆ ਕਰਨ ਲਈ ਹਰ ਮਹੀਨੇ ਨਿਯਮਿਤ ਮੀਟਿੰਗ ਕੀਤੀ ਜਾਵੇਗੀ | ਇਸ ਰਾਹੀਂ ਸਮਾਜਿਕ ਅਤੇ ਧਾਰਮਿਕ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਜਾਵੇਗਾ | ਇਸ ਮੌਕੇ ਪਿੰਡ ਲਲੋਦਾ, ਖਨੌਰਾ, ਠਰਵੀ, ਜਮਾਲਪੁਰ ਸ਼ੇਖ਼ਾਂ, ਨਾਂਗਲਾ ਅਤੇ ਟੋਹਾਣਾ ਸਮੇਤ ਪਿੰਡਾਂ ਅਤੇ ਸ਼ਹਿਰ ਦੀਆਂ ਸਿੰਘ ਸਭਾਵਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ | ਬੈਠਕ ਵਿੱਚ ਗਿਆਨੀ ਆਗਿਆਪਾਲ ਸਿੰਘ (ਮੁੱਖ ਗ੍ਰੰਥੀ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ, ਰਾਮ ਨਗਰ), ਸ: ਬਲਵਿੰਦਰ ਸਿੰਘ ਦਬੁਰਜੀ ਢਾਣੀ ਲਲੋਦਾ, ਜੋਗਿੰਦਰ ਸਿੰਘ ਗਿੱਲ (ਫ਼ੌਜੀ), ਤਰਸੇਮ ਸਿੰਘ ਲਲੋਦਾ ਸਮੇਤ ਲਾਗਲੇ ਪਿੰਡਾਂ ਦੇ ਸਿੱਖ ਭਾਈਚਾਰੇ ਦੇ ਕਈ ਪ੍ਰਮੁੱਖ ਨੁਮਾਇੰਦੇ ਵੀ ਹਾਜ਼ਰ ਰਹੇ | ਬੈਠਕ ਦਾ ਮੁੱਖ ਮੰਤਵ ਪੰਜਾਬੀ ਦੇ ਪ੍ਰਚਾਰ-ਪ੍ਰਸਾਰ, ਸਿੱਖੀ ਦੇ ਵਿਕਾਸ, ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਜੋੜਨ ਅਤੇ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਨਾ ਰਿਹਾ | ਸੰਗਤਾਂ ਨੇ ਇਸ ਪਹਿਲ ਦਾ ਸਵਾਗਤ ਕਰਦਿਆਂ ਭਵਿੱਖ ਵਿੱਚ ਵੀ ਅਜਿਹੀਆਂ ਮੀਟਿੰਗਾਂ ਜਾਰੀ ਰੱਖਣ ਦੀ ਮੰਗ ਕੀਤੀ |