ਨਵੀਂ ਦਿੱਲੀ, 4 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਉੱਤਰੀ ਜ਼ਿਲ੍ਹੇ ਦੀ ਥਾਣਾ ਕੋਤਵਾਲੀ ਦੀ ਪੁਲਿਸ ਨੇ ਪਤੀ-ਪਤਨੀ ਨੂੰ ਤਿੰਨ ਦਿਨਾਂ ਵਿਚ ਗਿ੍ਫ਼ਤਾਰ ਕੀਤਾ ਹੈ ਅਤੇ ਇਨ੍ਹਾਂ ਕੋਲੋਂ ਝਪਟਿਆ ਫੋਨ ਅਤੇ ਇਸ ਘਟਨਾ ਵਿਚ ਵਰਤੀ ਸਕੂਟਰੀ ਬਰਾਮਦ ਕੀਤੀ ਹੈ | ਇਨ੍ਹਾਂ ਦੇ ਨਾਂਅ ਕਾਮਰਾਨ (26) ਨਿਵਾਸੀ ਸੂਈਵਲਾਨ ਦਿੱਲੀ ਅਤੇ ਔਰਤ (22) ਪਤਨੀ ਕਾਮਰਾਨ ਹਨ | ਇਸ ਮਾਮਲੇ ਪ੍ਰਤੀ ਪੁਲਿਸ ਨੂੰ ਪੀ.ਸੀ.ਆਰ. ਕਾਲ ਮਿਲੀ ਸੀ, ਜਿਸ ਦੀ ਸ਼ਿਕਾਇਤ ਜੈ ਪ੍ਰਕਾਸ਼ ਕੁਮਾਰ ਨੇ ਕੀਤੀ ਸੀ | ਪੁਲਿਸ ਨੇ ਆਪਣੀ ਕਾਰਵਾਈ ਕਰਦੇ ਹੋਏ ਆਸ-ਪਾਸ ਦੇ ਸੀ.ਸੀ.ਟੀ.ਵੀ. 60-70 ਕੈਮਰਿਆਂ ਦੀ ਫੁਟੇਜ ਵੇਖੀ ਅਤੇ ਪੁਲਿਸ ਨੂੰ ਸਕੂਟਰੀ 'ਤੇ ਇਹ ਦੋਵੇਂ ਦੋਸ਼ੀ ਨਜ਼ਰ ਆਏ ਅਤੇ ਨਾਲ ਹੀ ਔਰਤ ਵਲੋਂ ਫੋਨ ਝਪਟਦੇ ਹੋਏ ਵੀ ਕੈਮਰੇ ਵਿਚ ਵੇਖਿਆ | ਪੁਲਿਸ ਨੇ ਇਨ੍ਹਾਂ ਦੀ ਸਪੱਸ਼ਟ ਫੋਟੋ ਪ੍ਰਾਪਤ ਕਰ ਕੇ ਇਨ੍ਹਾਂ ਫੋਟੋਆਂ ਨੂੰ ਮੁਖਬਰਾਂ ਨਾਲ ਸਾਂਝਾ ਕੀਤਾ ਅਤੇ ਅਖੀਰ ਇਨ੍ਹਾਂ ਦੀ ਪਹਿਚਾਣ ਹੋ ਗਈ | ਪੁਲਿਸ ਨੇ ਇਨ੍ਹਾਂ ਨੂੰ ਇਨ੍ਹਾਂ ਦੇ ਹੀ ਘਰ ਵਿਚੋਂ ਫੜ ਲਿਆ | ਇਹ ਪਤੀ-ਪਤਨੀ ਸੂਈਵਲਾਨ ਇਲਾਕੇ ਵਿਚ ਇਕ ਛੋਟੇ ਜਿਹੇ ਕਮਰੇ ਵਿਚ ਰਹਿੰਦੇ ਹਨ ਅਤੇ ਗਰੀਬੀ ਦੀ ਹਾਲਤ ਵਿਚ ਜੂਝ ਰਹੇ ਹਨ | ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਗਰੀਬੀ ਨਾਲ ਨਿਪਟਣ ਲਈ ਉਨ੍ਹਾਂ ਨੇ ਇਹ ਧੰਦਾ ਅਪਣਾਇਆ ਅਤੇ ਦੋਵੇਂ ਸਕੂਟਰੀ 'ਤੇ ਘੁੰਮਦੇ ਹੋਏ ਆਪਣੇ ਸ਼ਿਕਾਰ ਦੀ ਭਾਲ ਕਰਦੇ ਰਹਿੰਦੇ ਸਨ | ਉਨ੍ਹਾਂ ਇਹ ਵੀ ਦੱਸਿਆ ਕਿ ਉਹ ਚੋਰੀ ਕੀਤੇ ਇਸ ਫੋਨ ਨੂੰ ਵੇਚਣ ਵਾਲੇ ਹੀ ਸਨ |