ਯਮੁਨਾਨਗਰ, 5 ਜੂਨ (ਗੁਰਦਿਆਲ ਸਿੰਘ ਨਿਮਰ)-ਵਿਸ਼ਵ ਵਾਤਾਵਰਣ ਦਿਵਸ ਮੌਕੇ ਸਥਾਨਕ ਡੀ. ਏ. ਵੀ. ਗਰਲਜ਼ ਕਾਲਜ ਵਿਖੇ ਵਾਤਾਵਰਣ ਸੁਰੱਖਿਆ ਅਤੇ ਹਰੀ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਦੌਰਾਨ ਕਾਲਜ ਦੀ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ, ਐਨ. ਐਸ. ਐਸ. ਯੂਨਿਟ ਅਤੇ ਹਰੀ ਹਰਿਆਣਾ ਮੁਹਿੰਮ ਕਮੇਟੀ ਦੇ ਸਾਂਝੇ ਪ੍ਰਬੰਧ ਹੇਠ ਕਰਵਾਏ ਪ੍ਰੋਗਰਾਮ 'ਚ ਵਿਦਿਆਰਥੀਆਂ ਅਤੇ ਸਟਾਫ਼ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਸੁਰਿੰਦਰ ਕੌਰ, ਆਈ. ਆਈ. ਸੀ. ਕਨਵੀਨਰ ਵਿਵੇਕ, ਐਨ. ਐਸ. ਐਸ. ਇੰਚਾਰਜ ਪਾਰੁਲ ਸਿੰਘ ਅਤੇ ਕਨਿਕਾ ਨੇ ਕੀਤੀ ਅਤੇ ਮਮਤਾ ਥਾਪਰ ਪ੍ਰੋਗਰਾਮ ਕੋਆਰਡੀਨੇਟਰ ਸਨ | ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬੂਟੇ ਲਗਾਏ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਦਾ ਪ੍ਰਣ ਲੈਂਦਿਆਂ ਵਾਤਾਵਰਣ ਸੁਰੱਖਿਆ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਦਾ ਸੰਦੇਸ਼ ਦਿੱਤਾ | ਇਸ ਮੌਕੇ ਕਰਵਾਏ ਈ-ਪੋਸਟਰ ਮੁਕਾਬਲੇ 'ਚ ਵਿਦਿਆਰਥੀਆਂ ਨੇ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ ਅਤੇ ਊਰਜਾ ਸੰਭਾਲ, ਪਾਣੀ ਸੰਭਾਲ, ਰੁੱਖ ਲਗਾਉਣਾ, ਪਲਾਸਟਿਕ ਮੁਕਤ ਜੀਵਨ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਵਰਗੇ ਵਿਸ਼ਿਆਂ 'ਤੇ ਸ਼ਕਤੀਸ਼ਾਲੀ ਸੰਦੇਸ਼ ਪੇਸ਼ ਕੀਤੇ | ਇਸ ਦੌਰਾਨ ਕਾਲਜ ਕੈਂਪਸ 'ਚ ਲਗਾਏ ਗਏ ਵਾਤਾਵਰਣ-ਜਾਗਰੂਕਤਾ ਸਾਈਨ ਬੋਰਡ ਨੇ ਵਿਦਿਆਰਥੀਆਂ ਅਤੇ ਦਰਸ਼ਕਾਂ 'ਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਦਾ ਕੰਮ ਵੀ ਕੀਤਾ | ਉਕਤ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਪਲਾਸਟਿਕ ਪ੍ਰਦੂਸ਼ਣ ਨੂੰ ਘਟਾਉਣ ਲਈ ਕੱਪੜੇ ਦੇ ਥੈਲੇ ਡਿਜ਼ਾਈਨ ਕੀਤੇ ਅਤੇ ਸਾਰਿਆਂ ਨੂੰ ਪਲਾਸਟਿਕ ਦੇ ਥੈਲਿਆਂ ਦੀ ਬਜਾਏ ਉਨ੍ਹਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਨੇ ਕਿਹਾ ਕਿ ਵਾਤਾਵਰਣ ਸੁਰੱਖਿਆ ਸਿਰਫ਼ ਇਕ ਦਿਨ ਦੀ ਮੁਹਿੰਮ ਨਹੀਂ ਹੈ, ਸਗੋਂ ਹਰ ਨਾਗਰਿਕ ਦੀ ਨਿਰੰਤਰ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਜੇਕਰ ਹਰ ਵਿਅਕਤੀ ਆਪਣੇ ਪੱਧਰ 'ਤੇ ਛੋਟੇ-ਛੋਟੇ ਯਤਨ ਕਰੇ ਤਾਂ ਧਰਤੀ ਨੂੰ ਸੁਰੱਖਿਅਤ ਅਤੇ ਸਾਫ਼-ਸੁਥਰਾ ਬਣਾਉਣ ਦਾ ਸੁਪਨਾ ਸਾਕਾਰ ਹੋ ਸਕਦਾ ਹੈ | ਪ੍ਰੋਗਰਾਮ ਦਾ ਸਮਾਪਨ ਵਾਤਾਵਰਣ ਦੀ ਰੱਖਿਆ ਲਈ ਸਮੂਹਿਕ ਪ੍ਰਣ ਨਾਲ ਹੋਇਆ | ਇਸ ਮੌਕੇ ਪਾਰੁਲ, ਕਨਿਕਾ, ਡਾ. ਦੀਪਿਕਾ ਘਈ, ਮਨਿਕਾ ਸੇਠੀ, ਵਿਕਾਸ ਵਾਲੀਆ, ਪਰਮੇਸ਼ ਕੁਮਾਰ, ਅਨੂ, ਡਾ. ਰੰਜਨਾ, ਡਾ. ਸਮਿ੍ਤੀ, ਰਜਨੀ, ਜਸਮੀਤ, ਪਿ੍ਯੰਕਾ, ਪੂਜਾ ਸਿੰਧਵਾਨੀ, ਡਾ. ਸ਼ਿਖਾ, ਡਾ. ਮਧੂ, ਮੰਨਤ ਕੰਬੋਜ ਅਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ |